ਏਂਜਲਸ (ਫਿਲਪੀਨਜ਼) : ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਦੇ ਉੱਤਰ ਵਿੱਚ ਸਥਿਤ ਸ਼ਹਿਰ ਏਂਜਲਸ ’ਚ ਤੜਕੇ ਨਿਰਮਾਣ ਅਧੀਨ ਨੌਂ ਮੰਜ਼ਿਲਾ ਇਮਾਰਤ ਢਹਿ-ਢੇਰੀ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਇਕ ਮਲੇਸ਼ਿਆਈ ਸੈਲਾਨੀ ਦੀ ਮੌਤ ਹੋ ਗਈ ਜਦਕਿ ਘੱਟੋ-ਘੱਟ 21 ਲੋਕ ਮਲਬੇ ਹੇਠ ਦੱਬੇ ਹੋਏ ਹਨ। ਪੁਲੀਸ ਅਤੇ ਹੋਰ ਅਧਿਕਾਰੀਆਂ ਮੁਤਾਬਕ, ਦੋ ਲੋਕਾਂ ਦੇ ਜ਼ਿੰਦਾ ਹੋਣ ਦਾ ਪਤਾ ਲੱਗ ਗਿਆ ਸੀ ਪਰ ਉਨ੍ਹਾਂ ਨੂੰ ਤੁਰੰਤ ਬਾਹਰ ਨਹੀਂ ਕੱਢਿਆ ਜਾ ਸਕਿਆ। ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 24 ਮਜ਼ਦੂਰ ਜਾਂ ਤਾਂ ਇਮਾਰਤ ਤੋਂ ਬਾਹਰ ਭੱਜਣ ਵਿੱਚ ਕਾਮਯਾਬ ਰਹੇ, ਜਿੱਥੇ ਉਹ ਜ਼ਿਆਦਾਤਰ ਹੇਠਲੀ ਮੰਜ਼ਿਲ ’ਤੇ ਸੌਂਦੇ ਸਨ ਜਾਂ ਫਿਰ ਤੜਕੇ 2.30 ਵਜੇ ਦੇ ਕਰੀਬ ਇਮਾਰਤ ਦੇ ਢਹਿ-ਢੇਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਬਚਾਅ ਲਿਆ ਗਿਆ। ਇਹ ਹਾਦਸਾ ਇੱਕ ਸਾਬਕਾ ਅਮਰੀਕੀ ਹਵਾਈ ਸੈਨਾ ਦੇ ਅੱਡੇ ਦੇ ਬਾਹਰ ਸਥਿਤ ਸਸਤੇ ਹੋਟਲਾਂ, ਕੈਫੇ, ਸਪਾ ਅਤੇ ਪੇਂਡੂ ਘਰਾਂ ਵਾਲੇ ਇੱਕ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਵਾਪਰਿਆ। ਫਾਇਰ ਸੁਪਰਡੈਂਟ ਮਾਰੀਆ ਲੀਆ ਸਾਜੀਲੀ ਨੇ ਦੱਸਿਆ ਕਿ ਪਾਮਪਾਂਗਾ ਸੂਬੇ ਦੇ ਏਂਜਲਸ ਸ਼ਹਿਰ ਵਿੱਚ ਇਮਾਰਤ ਡਿੱਗਣ ਕਾਰਨ ਖਿੱਲਰੇ ਮਲਬੇ ਦੀ ਲਪੇਟ ਵਿੱਚ ਆਉਣ ਨਾਲ ਇੱਕ ਮਕਾਨ ਅੰਸ਼ਕ ਤੌਰ ’ਤੇ ਨੁਕਸਾਨਿਆ ਗਿਆ। ਇਸ ਦੌਰਾਨ ਇੱਕ ਮਲੇਸ਼ਿਆਈ ਸੈਲਾਨੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਮਹਿਮਾਨ ਜ਼ਖ਼ਮੀ ਹੋ ਗਿਆ। ਕੰਕਰੀਟ ਦੀਆਂ ਸਲੈਬਾਂ, ਮੁੜੇ ਹੋਏ ਲੋਹੇ ਦੇ ਸਰੀਆਂ, ਐਲੂਮੀਨੀਅਮ ਦੀਆਂ ਪਾਈਪਾਂ ਅਤੇ ਹੋਰ ਮਲਬੇ ਹੇਠ ਫਸੇ ਲੋਕਾਂ ਦੇ ਰਿਸ਼ਤੇਦਾਰ ਪ੍ਰਾਰਥਨਾ ਕਰ ਰਹੇ ਸੀ ਅਤੇ ਰੋ ਰਹੇ ਸੀ। ਉਹ ਉੱਥੇ ਮੌਜੂਦ ਲਗਪਗ 700 ਬਚਾਅ ਕਰਮਚਾਰੀਆਂ ਵੱਲੋਂ ਕਿਸੇ ਖ਼ਬਰ ਦੀ ਉਡੀਕ ਕਰ ਰਹੇ ਸੀ, ਜੋ ਮਲਬੇ ਨੂੰ ਬੜੀ ਸਾਵਧਾਨੀ ਨਾਲ ਫਰੋਲ ਰਹੇ ਸਨ ਤਾਂ ਜੋ ਢਹਿ-ਢੇਰੀ ਹੋਈ ਇਮਾਰਤ ਦੇ ਅੰਦਰ ਸੁਰੱਖਿਅਤ ਢੰਗ ਨਾਲ ਜਾਣ ਲਈ ਜਗ੍ਹਾ ਬਣਾਈ ਜਾ ਸਕੇ।
Posted inPhilippines
Philippines ਵਿੱਚ ਨਿਰਮਾਣ ਅਧੀਨ ਨੌਂ ਮੰਜ਼ਿਲਾ ਇਮਾਰਤ ਡਿੱਗੀ, ਇਕ ਹਲਾਕ

