ਪੱਟੀ ਨਗਰ ਕੌਂਸਲ ਦੀਆਂ ਚੋਣਾਂ ਵਿੱਚ ‘ਤੱਕੜੀ’ ਗਾਇਬ

ਪੱਟੀ ਨਗਰ ਕੌਂਸਲ ਦੀਆਂ ਚੋਣਾਂ ਵਿੱਚ ‘ਤੱਕੜੀ’ ਗਾਇਬ

ਪੱਟੀ : ਨਗਰ ਕੌਂਸਲ ਪੱਟੀ ਦੀਆਂ ਚੋਣਾਂ ਅੰਦਰ ‘ਆਪ’, ਕਾਂਗਰਸ, ਭਾਜਪਾ ਅਤੇ ਸਾਬਕਾ ਅਕਾਲੀ ਮੰਤਰੀ ਤੇ ਪੁਨਰ ਸੁਰਜੀਤ ਅਕਾਲੀ ਦਲ ਦੇ ਵੱਡੇ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਧੜੇ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਵਾਰ ਨਗਰ ਕੌਂਸਲ ਪੱਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੀ ਤਰ੍ਹਾਂ ਦੂਰੀ ਬਣਾਈ ਗਈ ਹੈ ਅਤੇ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ ਉੱਪਰ ਕਿਸੇ ਵੀ ਉਮੀਦਵਾਰ ਨੇ ਆਪਣੀ ਨਾਮਜ਼ਦਗੀ ਨਹੀਂ ਭਰੀ।

ਜ਼ਿਕਰਯੋਗ ਹੈ ਕਿ ਸੰਸਦੀ ਚੋਣਾਂ ਦੇ ਸਮੇਂ ਤੋਂ ਹੀ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਰਿਸ਼ਤੇਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਬਣਾਈ ਹੋਈ ਹੈ। ਇਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਸਮੇਂ ਵਿਧਾਨ ਸਭਾ ਹਲਕਾ ਪੱਟੀ ਅੰਦਰ ਪਾਰਟੀ ਪੱਧਰ ਤੇ ਉਮੀਦਵਾਰ ਉਤਾਰੇ ਗਏ ਸਨ ਪਰ ਕਿਸੇ ਵੀ ਉਮੀਦਵਾਰ ਨੂੰ ਸਫਲਤਾ ਹਾਸਲ ਨਹੀਂ ਹੋਈ ਸੀ। ਉਸ ਵਕਤ ਪਾਰਟੀ ਪ੍ਰਧਾਨ ਸ੍ਰੀ ਬਾਦਲ ਨੇ ਸੰਕੇਤ ਦਿੱਤਾ ਸੀ ਕਿ ਉਹ ਹਲਕਾ ਪੱਟੀ ਤੋਂ ਖੁਦ ‘ਸਰਪੰਚ’ ਹੋਣਗੇ ਪਰ ਹਾਲ ਵਿੱਚ ਹੀ ਹੋ ਰਹੀਆਂ ਨਗਰ ਕੌਂਸਲ ਚੋਣਾਂ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਨਾਲ ਜੁੜੇ ਆਗੂਆਂ ਨੂੰ ਚੋਣ ਨਿਸ਼ਾਨ ਤੱਕੜੀ ਉੱਪਰ ਚੋਣ ਲੜਨ ਤੋਂ ਕੋਰੀ ਨਾਂਹ ਕਰ ਦਿੱਤੀ ਗਈ ਸੀ। ਇਸ ਦਾ ਵਿਰੋਧ ਕਰਦਿਆਂ ਪੱਟੀ ਤੋਂ ਸੀਨੀਅਰ ਅਕਾਲੀ ਆਗੂ ਕਵਲਪ੍ਰੀਤ ਸਿੰਘ ਗਿੱਲ ਅਤੇ ਉਸ ਦੇ ਸਾਥੀਆਂ ਵੱਲੋਂ ਅਸਤੀਫਾ ਦੇ ਕੇ ‘ਆਪ’ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਉਕਤ ਆਗੂ ਸ਼ਹਿਰ ਦੀ ਵਾਰਡ ਨੰਬਰ 13 ਅਤੇ 15 ਤੋਂ ਚੋਣ ਨਿਸ਼ਾਨ ਝਾੜੂ ਉੱਪਰ ਚੋਣ ਲੜ ਰਹੇ ਹਨ।

ਪੱਟੀ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਅੰਦਰ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਪ੍ਰਨੀਤ ਕੌਰ ਕੈਰੋਂ ਅਤੇ ਉਨ੍ਹਾਂ ਦੇ ਲੜਕੇ ਦਿਲਸ਼ੇਰ ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਵੱਲੋਂ ਉਤਾਰੇ ਗਏ ਆਜ਼ਾਦ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਹੈ। ‘ਆਪ’ ਦੀ ਜ਼ਿਲ੍ਹਾ ਲੀਡਰਸ਼ਿਪ ਅਤੇ ਸੁਰਿੰਦਰਪਾਲ ਕੌਰ ਭੁੱਲਰ, ਐਡਵੋਕੇਟ ਹੀਰਾ ਸਿੰਘ ਮਰਹਾਣਾ, ਜ਼ਿਲ੍ਹਾ ਪਰਿਸ਼ਦ ਮੈਂਬਰ ਗੁਰਦਿਆਲ ਸਿੰਘ ਮਰਹਾਣਾ ਵੱਲੋਂ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਮੀਟਿੰਗ ਕਰਕੇ ਹਰ ਗਲੀ ਮੁਹੱਲੇ ਅੰਦਰ ਪ੍ਰਚਾਰ ਕੀਤਾ ਗਿਆ ਹੈ। ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੇ ਉਸ ਦੇ ਸਮਰਥਕਾਂ ਵੱਲੋਂ ਪੱਟੀ ਸ਼ਹਿਰ ਦੇ ਬਾਜ਼ਾਰਾਂ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਪੈਦਲ ਚੋਣ ਰੈਲੀ ਕੱਢੀ ਗਈ ਹੈ ਅਤੇ ਕਾਂਗਰਸੀ ਉਮੀਦਵਾਰਾਂ ਦੇ ਜਿੱਤ ਦਾ ਦਾਅਵਾ ਕੀਤਾ ਗਿਆ ਹੈ।

ਪੱਟੀ ਸ਼ਹਿਰ ਅੰਦਰ ਪਹਿਲੀ ਵਾਰ ਚੋਣ ਮੈਦਾਨ ਵਿੱਚ ਇਕੱਲੇ ਤੌਰ ’ਤੇ ਨਿੱਤਰੀ ਭਾਜਪਾ ਦੇ ਸ਼ਹਿਰੀ ਪ੍ਰਧਾਨ ਡਾਕਟਰ ਵਿਨੇ ਵਿਨਾਇਕ ਅਤੇ ਐਡਵੋਕੇਟ ਜਸਕਰਨ ਸਿੰਘ ਤੂਤ ਵੱਲੋਂ ਉਮੀਦਵਾਰਾਂ ਦੇ ਹੱਕ ਵਿੱਚ ਵੱਖ-ਵੱਖ ਵਾਰਡਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਹਨ।

Share: