Red Fort blast case: ਮੁਲਜ਼ਮਾਂ ਵੱਲੋਂ ਏ ਆਈ ਮੰਚਾਂ ਦੀ ਦੁਰਵਰਤੋਂ

Red Fort blast case: ਮੁਲਜ਼ਮਾਂ ਵੱਲੋਂ ਏ ਆਈ ਮੰਚਾਂ ਦੀ ਦੁਰਵਰਤੋਂ

ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐੱਨ ਆਈ ਏ) ਵੱਲੋਂ ਦਿੱਲੀ ਵਿੱਚ ਲਾਲ ਕਿਲਾ ਇਲਾਕੇ ਵਿੱਚ ਕਾਰ ਧਮਾਕੇ ਦੀ ਕੀਤੀ ਜਾ ਰਹੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਚਾਰਜਸ਼ੀਟ ਵਿੱਚ ਸ਼ਾਮਲ ਮੁਲਜ਼ਮ, ਜੋ ਆਲਮੀ ਦਹਿਸ਼ਤੀ ਜਥੇਬੰਦੀ ਅਲ ਕਾਇਦਾ ਨਾਲ ਸਬੰਧਤ ਹੈ, ਨੇ ‘ਦਹਿਸ਼ਤੀ ਕਾਰਵਾਈ’ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਮੰਚ ਦੀ ਕਥਿਤ ਦੁਰਵਰਤੋਂ ਕੀਤੀ ਸੀ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਮੁਲਜ਼ਮ ਨੇ ਰਾਕੇਟ ਆਈ ਈ ਡੀ’ਜ਼ ਬਣਾਈਆਂ ਅਤੇ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਕਾਜ਼ੀਗੁੰਡ ਦੇ ਜੰਗਲਾਂ ਵਿੱਚ ਹੋਰਨਾਂ ਮੁਲਜ਼ਮਾਂ ਨਾਡ ਇਸ ਦੀ ਅਜ਼ਮਾਇਸ਼ ਕੀਤੀ। ਇਹ ਹੈਰਾਨ ਕਰਨ ਵਾਲੇ ਖੁਲਾਸੇ ਐੱਨ ਆਈ ਏ ਵੱਲੋਂ 14 ਮਈ ਨੂੰ ਵਿਸ਼ੇਸ਼ ਅਦਾਲਤ ’ਚ ਦਾਇਰ 7,500 ਪੰਨਿਆਂ ਦੀ ਚਾਰਜਸ਼ੀਟ ਦਾ ਹਿੱਸਾ ਹਨ।ਚਾਰਜਸ਼ੀਟ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਅੰਸਾਰ ਗਜ਼ਵਤ-ਉਲ-ਹਿੰਦ (ਏ ਜੀ ਯੂ ਐੱਚ) ਦੇ ਅੰਤਰਿਮ ਦਹਿਸ਼ਤੀ ਮਾਡਿਊਲ ਦਾ ‘ਇਨ-ਹਾਊਸ ਇੰਜਨੀਅਰ’ ਨਿਕਲਿਆ, ਜੋ ਭਾਰਤੀ ਉਪ ਮਹਾਂਦੀਪ ਵਿੱਚ ਅਲ-ਕਾਇਦਾ (ਏ ਕਿਊ ਆਈ ਐੱਸ) ਨਾਲ ਜੁੜਿਆ ਹੋਇਆ ਹੈ। ਗ੍ਰਹਿ ਮੰਤਰਾਲੇ ਨੇ ਏ ਕਿਊ ਆਈ ਐੱਸ ਅਤੇ ਇਸ ਦੀਆਂ ਸਾਰੀਆਂ ਸੰਸਥਾਵਾਂ ਨੂੰ ਅਤਿਵਾਦੀ ਸੰਗਠਨਾਂ ਵਜੋਂ ਨਾਮਜ਼ਦ ਕੀਤਾ ਹੈ। ਚਾਰਜਸ਼ੀਟ ਮੁਤਾਬਕ ਮੁਲਜ਼ਮ ਜਾਸਿਰ ਬਿਲਾਲ ਵਾਨੀ, ਸਾਜ਼ਿਸ਼ ਲਈ ‘ਤਕਨੀਕੀ ਸਹਾਇਤਾ’ ਦੇਣ ਵਾਸਤੇ 2024-25 ਦੌਰਾਨ ਦੋ ਤੋਂ ਤਿੰਨ ਮੌਕਿਆਂ ’ਤੇ ਹਰਿਆਣਾ ਦੇ ਫ਼ਰੀਦਾਬਾਦ ਵਿੱਚ ਅਲ ਫਲਾਹ ਯੂਨੀਵਰਸਿਟੀ ਕੈਂਪਸ ਵਿੱਚ ਰੁਕਿਆ ਸੀ।

ਯੂਨੀਵਰਸਿਟੀ ਦੀ ਭੂਮਿਕਾ ਉਦੋਂ ਕਾਨੂੰਨ ਏਜੰਸੀਆਂ ਦੀ ਜਾਂਚ ਦੇ ਘੇਰੇ ਵਿੱਚ ਆ ਗਈ ਜਦੋਂ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਉੱਥੇ ਕੰਮ ਕਰਨ ਵਾਲੇ ਤਿੰਨ ਡਾਕਟਰ ਕਥਿਤ ਤੌਰ ’ਤੇ ਧਮਾਕੇ ਵਿੱਚ ਸ਼ਾਮਲ ਸਨ। ਡਾਕਟਰ ਅਦੀਲ ਅਹਿਮਦ ਰਾਥਰ ਨੇ ਜਾਸਿਰ ਨੂੰ ਮੁੱਖ ਦੋਸ਼ੀ ਅਤੇ ਵਿਸਫੋਟਕਾਂ ਨਾਲ ਭਰੀ ਕਾਰ ਦੇ ਡਰਾਈਵਰ ਡਾ. ਉਮਰ ਉਨ ਨਬੀ ਨਾਲ ਮਿਲਾਇਆ ਸੀ। ਚਾਰਜਸ਼ੀਟ ਮੁਤਾਬਕ ਧਮਾਕੇ ਕਰ ਕੇ 11 ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਚਾਰਜਸ਼ੀਟ ਵਿੱਚ ਇਹ ਗੱਲ ਰਿਕਾਰਡ ’ਤੇ ਲਿਆਂਦੀ ਗਈ ਕਿ ਜਾਸਿਰ ਨੇ ਯੂਟਿਊਬ ਅਤੇ ਚੈਟ ਜੀ ਪੀ ਟੀ ਦਾ ਸਹਾਰਾ ਲਿਆ ਤੇ ਉਸ ਨੇ ਇਸ ਗੱਲ ਦੀ ਖੋਜ ਕੀਤੀ ਕਿ ‘ਰਾਕੇਟ ਕਿਵੇਂ ਬਣਾਇਆ ਜਾਵੇ ਅਤੇ ਮਿਸ਼ਰਨ ਕਿਸ ਅਨੁਪਾਤ ਵਿੱਚ ਹੋਣਾ ਚਾਹੀਦਾ ਹੈ’, ਜੋ ਦਹਿਸ਼ਤੀ ਇੰਜਨੀਅਰਿੰਗ ਲਈ ਡਿਜੀਟਲ ਅਤੇ ਏ ਆਈ ਮੰਚਾਂ ਦੀ ਕਥਿਤ ਦੁਰਵਰਤੋਂ ਨੂੰ ਉਜਾਗਰ ਕਰਦਾ ਹੈ।

Share: