ਤਾਮਿਲ ਨਾਡੂ ’ਚ ਬੇਰੁਜ਼ਗਾਰੀ ਖ਼ਿਲਾਫ਼ ‘Cockroach Rally’

ਤਾਮਿਲ ਨਾਡੂ ’ਚ ਬੇਰੁਜ਼ਗਾਰੀ ਖ਼ਿਲਾਫ਼ ‘Cockroach Rally’

ਮਦੁਰਾਇ/ਵਿਲੂਪੁਰਮ : ਮਦੁਰਾਇ ਤੇ ਵਿਲੂਪੁਰਮ ’ਚ ਅੱਜ ਸੈਂਕੜੇ ਨੌਜਵਾਨ ਸੜਕਾਂ ’ਤੇ ਉੱਤਰ ਆਏ ਅਤੇ ਤਾਮਿਲ ਨਾਡੂ ’ਚ ਆਪਣੀ ਤਰ੍ਹਾਂ ਦੀ ਪਹਿਲੀ ਕੌਕਰੋਚ ਰੈਲੀ ਕੱਢੀ। ਇਹ ਪ੍ਰਦਰਸ਼ਨ ਬੇਰੁਜ਼ਗਾਰੀ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਵੱਲੋਂ ਹਾਲ ਹੀ ਵਿੱਚ ਬੇਰੁਜ਼ਗਾਰਾਂ ਦੀ ਤੁਲਨਾ ਕੌਕਰੋਚ ਨਾਲ ਕੀਤੇ ਜਾਣ ਦੇ ਘਟਨਾਕ੍ਰਮ ਖ਼ਿਲਾਫ਼ ਰੋਸ ਜਤਾਉਣ ਲਈ ਕੀਤਾ ਗਿਆ।

ਮਦੁਰਾਇ ’ਚ ਡੈਮੋਕਰੈਟਿਕ ਯੂਥ ਫੈੱਡਰੇਸ਼ਨ ਆਫ ਇੰਡੀਆ (ਡੀ ਵਾਈ ਐੱਫ ਆਈ) ਅਤੇ ਸਟੂਡੈਂਟਸ ਫੈੱਡਰੇਸ਼ਨ ਆਫ ਇੰਡੀਆ (ਐੱਸ ਐੱਫ ਆਈ) ਨੇ ਸਾਂਝੇ ਤੌਰ ’ਤੇ ‘ਕੌਕਰੋਚ ਰੈਲੀ’ ਕੱਢੀ। ਇਸ ਰੈਲੀ ਨੂੰ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਸਮਰਥਕਾਂ ਦੀ ਭਰਵੀਂ ਹਮਾਇਤ ਮਿਲੀ। ਪਿਛਲੇ ਹਫ਼ਤੇ ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਕੇਸ ਦੀ ਸੁਣਵਾਈ ਦੌਰਾਨ ਕੌਕਰੋਚ ਅਤੇ ਪਰਜੀਵੀ ਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਸੀ ਜਿਸ ਮਗਰੋਂ ਵਿਵਾਦ ਖੜ੍ਹਾ ਹੋ ਗਿਆ ਸੀ। ਇਨ੍ਹਾਂ ਟਿੱਪਣੀਆਂ ਦੇ ਵਿਰੋਧ ’ਚ ਕੌਕਰੋਚ ਜਨਤਾ ਪਾਰਟੀ ਨਾਂ ਦਾ ਵਿਅੰਗ ਭਰਿਆ ਡਿਜੀਟਲ ਸੰਗਠਨ ਹੋਂਦ ’ਚ ਆਇਆ ਸੀ। ਕੌਕਰੋਚ ਰੈਲੀ ਗਾਂਧੀ ਅਜਾਇਬਘਰ ਕੰਪਲੈਕਸ ਨੇੜਿਓਂ ਸ਼ੁਰੂ ਹੋਈ ਜੋ ਥਮੁੱਕਮ ਮੈਦਾਨ ’ਚ ਤਾਮਿਲ ਅੰਨਾਈ ਬੁੱਤ ਦੇ ਸਾਹਮਣੇ ਜਾ ਕੇ ਮੁਕੰਮਲ ਹੋਈ। ਰੈਲੀ ’ਚ ਸ਼ਾਮਲ ਵੱਡੀ ਗਿਣਤੀ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਸ ’ਤੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਨਿਭਾਉਣ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ। ਉੱਧਰ, ਵਿਲੂਪੁਰਮ ਵਿੱਚ ਨਵੇਂ ਬੱਸ ਸਟੈਂਡ ਕੋਲ ਵੀ ਡੀ ਵਾਈ ਐੱਫ ਆਈ ਦੇ ਜ਼ਿਲ੍ਹਾ ਆਰਗੇਨਾਈਜ਼ਰ ਅਰੀਵਲਗਨ ਦੀ ਅਗਵਾਈ ਵਿੱਚ ਇਸੇ ਤਰ੍ਹਾਂ ਦਾ ਰੋਸ ਵਿਖਾਵਾ ਕੀਤਾ ਗਿਆ। ਮੁੱਖ ਆਰਗੇਨਾਈਜ਼ਰ ਸੇਲਵਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਭਾਰਤ ਦੇ ਨੌਜਵਾਨ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦੇ ਅਧੂਰੇ ਵਾਅਦੇ ਖ਼ਿਲਾਫ਼ ਆਨਲਾਈਨ ਇਕਜੁੱਟ ਹੋਏ ਹਨ। ਅਸੀਂ ਅੱਜ ਸੜਕਾਂ ’ਤੇ ਉਤਰ ਕੇ ਮੋਦੀ ਸਰਕਾਰ ਤੋਂ ਤੁਰੰਤ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੀ ਮੰਗ ਕਰ ਰਹੇ ਹਾਂ।’’

Share: