ਨਵੀਂ ਦਿੱਲੀ : ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ, ਮੱਧ ਤੇ ਪੂਰਬੀ ਅਤੇ ਪ੍ਰਾਇਦੀਪੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਅਗਲੇ 6 ਤੋਂ 7 ਦਿਨਾਂ ਤੱਕ ਲੂ ਦਾ ਕਹਿਰ ਜਾਰੀ ਰਹਿਣ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ 28 ਮਈ ਤੱਕ ਲੂ ਚੱਲੇਗੀ, ਜਦੋਂ ਕਿ 24 ਤੋਂ 27 ਮਈ ਦਰਮਿਆਨ ਕੁਝ ਇਲਾਕਿਆਂ ਵਿੱਚ ਅਤਿ ਦੀ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ’ਚ 28 ਮਈ ਤੱਕ ਲੂ ਦਾ ਕਹਿਰ ਜਾਰੀ ਰਹਿਣ ਦਾ ਦਾਅਵਾ ਕੀਤਾ ਗਿਆ ਹੈ। ਪੂਰਬੀ ਉੱਤਰ ਪ੍ਰਦੇਸ਼ ਅਤੇ ਪੂਰਬੀ ਮੱਧ ਪ੍ਰਦੇਸ਼ ਵਿੱਚ ਹਾਲਾਤ ਵਧੇਰੇ ਗੰਭੀਰ ਹੋ ਸਕਦੇ ਹਨ।
ਇਸੇ ਤਰ੍ਹਾਂ ਪੱਛਮੀ ਰਾਜਸਥਾਨ ਵਿੱਚ 24 ਤੋਂ 28 ਮਈ ਤੱਕ ਭਿਆਨਕ ਲੂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਇਲਾਵਾ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਝਾਰਖੰਡ, ਉੜੀਸਾ, ਛੱਤੀਸਗੜ੍ਹ, ਵਿਦਰਭ, ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਵੀ ਲੂ ਚੱਲਣ ਦੇ ਆਸਾਰ ਹਨ। ਮੌਸਮ ਵਿਭਾਗ ਨੇ ਦੱਸਿਆ ਕਿ ਉੱਤਰ ਪ੍ਰਦੇਸ਼, ਵਿਦਰਭ, ਉੜੀਸਾ ਅਤੇ ਤਿਲੰਗਾਨਾ ਦੇ ਕੁਝ ਇਲਾਕਿਆਂ ਵਿੱਚ ਰਾਤਾਂ ਵੀ ਕਾਫ਼ੀ ਗਰਮ ਰਹਿਣਗੀਆਂ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲੇਗੀ।

