ਲੁਧਿਆਣਾ (ਮਨੀਸ਼ ਰਿਹਾਨ): ਮਰਹੂਮ ਗਾਇਕਾ ਇੰਦਰ ਕੌਰ ਦੀ ਪੋਸਟਮਾਰਟਮ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਉਸ ਦਾ ਕਤਲ ਸਿਰ ਤੇ ਛਾਤੀ ’ਚ ਗੋਲੀਆਂ ਮਾਰ ਕੇ ਕੀਤਾ ਗਿਆ ਹੈ। ਤਿੰਨ ਡਾਕਟਰਾਂ ਦੇ ਵਿਸ਼ੇਸ਼ ਬੋਰਡ ਨੇ ਅੱਜ ਲਾਸ਼ ਦਾ ਪੋਸਟਮਾਰਟਮ ਕੀਤਾ ਹੈ। ਰਿਪੋਰਟ ਅਨੁਸਾਰ ਹਮਲਾਵਰਾਂ ਨੇ ਗਾਇਕਾ ਨੂੰ ਬਿਲਕੁਲ ਨੇੜੇ ਤੋਂ ਦੋ ਗੋਲੀਆਂ ਮਾਰੀਆਂ। ਇੱਕ ਗੋਲੀ ਉਸ ਦੀ ਛਾਤੀ ਦੇ ਸੱਜੇ ਪਾਸੇ ਵੱਜ ਕੇ ਆਰ-ਪਾਰ ਹੋ ਗਈ ਅਤੇ ਦੂਜੀ ਗੋਲੀ ਮੱਥੇ ਨੂੰ ਚੀਰਦੀ ਹੋਈ ਸਿਰ ਅੰਦਰ ਫੱਸ ਗਈ। ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ’ਚ ਡਾਕਟਰਾਂ ਦੀ ਵਿਸ਼ੇਸ਼ ਮੈਡੀਕਲ ਟੀਮ ਵੱਲੋਂ ਕੀਤਾ ਗਿਆ। ਹਸਪਤਾਲ ਵਿੱਚ ਸਾਰੀ ਕਾਨੂੰਨੀ ਅਤੇ ਮੈਡੀਕਲ ਕਾਰਵਾਈ ਪੂਰੀ ਹੋਣ ਤੋਂ ਬਾਅਦ ਇੰਦਰ ਕੌਰ ਦੀ ਦੇਹ ਵਾਰਸਾਂ ਹਵਾਲੇ ਕਰ ਦਿੱਤੀ ਗਈ। ਇਸ ਤੋਂ ਤੁਰੰਤ ਬਾਅਦ ਸਥਾਨਕ ਸ਼ਮਸ਼ਾਨਘਾਟ ’ਚ ਗਾਇਕ ਦਾ ਸਸਕਾਰ ਕਰ ਦਿੱਤਾ ਗਿਆ। ਅੰਤਿਮ ਵਿਦਾਈ ਦਿੰਦੇ ਹੋਏ ਉਸ ਦੀ ਨਾਨੀ ਬੇਸੁੱਧ ਹੋ ਕੇ ਡਿੱਗ ਪਈ।
Posted inLudhiana
