ਜੇਠ ਦੀ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾਏ

ਜੇਠ ਦੀ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾਏ

ਚੰਡੀਗਡ਼੍ਹ : ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਜੇਠ ਮਹੀਨੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਸਿਟੀ ਬਿਊਟੀਫੁੱਲ ਵਿੱਚ ਪੈ ਰਹੀ ਅਤਿ ਦੀ ਗਰਮੀ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਤੱਕ ਮੁਸ਼ਕਲ ਹੋ ਗਿਆ ਹੈ। ਦੂਜੇ ਪਾਸੇ ਗਰਮੀ ਕਰ ਕੇ ਸਾਰਾ ਦਿਨ ਲੋਕ ਪਸੀਨੇ-ਪਸੀਨੇ ਹੋਏ ਪਏ ਹਨ, ਜਿਸ ਕਰ ਕੇ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਅੱਜ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 44.2 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 4.5 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਹੈ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 25.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਆਮ ਦੇ ਬਰਾਬਰ ਰਿਹਾ ਹੈ।

ਮੌਸਮ ਵਿਗਿਆਨੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਟਰਾਈਸਿਟੀ ਵਿੱਚ ਹਾਲੇ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਜਦੋਂ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਵਿੱਚ ਗਰਮੀ ਹੋਰ ਵੱਧ ਸਕਦੀ ਹੈ। ਮੌਸਮ ਵਿਗਿਆਨੀਆਂ ਨੇ ਸ਼ਹਿਰ ਵਿੱਚ 27 ਮਈ ਤੱਕ ਅਤਿ ਦੀ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਲਈ ਮੌਸਮ ਵਿਭਾਗ ਨੇ ਔਰੈਂਜ ਅਲਰਟ ਵੀ ਜਾਰੀ ਕਰ ਦਿੱਤਾ ਹੈ। ਮੌਸਮ ਵਿਗਿਆਨੀਆਂ ਨੇ ਲੋਕਾਂ ਨੂੰ ਲੋੜ ਅਨੁਸਾਰ ਘਰੋਂ ਬਾਹਰ ਨਿਕਲਣ ਅਤੇ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੱਤੀ ਹੈ। ਦੂਜੇ ਪਾਸੇ ਅੱਜ ਮੁਹਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ 42.3 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 27.3 ਡਿਗਰੀ ਸੈਲਸੀਅਸ ਦਰਜ ਕੀਤਾ। ਇਸੇ ਤਰ੍ਹਾਂ ਪੰਚਕੂਲਾ ਵਿੱਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ। ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਗਰਮੀ ਵਧਣ ਦੇ ਨਾਲ ਹੀ ਬਿਜਲੀ ਦੀ ਮੰਗ ਵੀ ਲਗਾਤਾਰ ਵਧਣੀ ਸ਼ੁਰੂ ਹੋ ਗਈ ਹੈ। ਅੱਜ ਸ਼ਹਿਰ ਵਿੱਚ ਬਿਜਲੀ ਦੀ ਰਿਕਾਰਡ ਮੰਗ 415 ਮੈਗਾਵਾਟ ’ਤੇ ਪਹੁੰਚ ਗਈ ਹੈ। ਇਹ ਸੀਜ਼ਨ ਦੀ ਸਭ ਤੋਂ ਵੱਧ ਮੰਗ ਹੈ। ਬਿਜਲੀ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਰੋਜ਼ਾਨਾਂ ਬਿਜਲੀ ਦੀ ਮੰਗ ਵਧਦੀ ਜਾ ਰਹੀ ਹੈ। 1 ਮਈ ਨੂੰ ਚੰਡੀਗੜ੍ਹ ਵਿੱਚ ਬਿਜਲੀ ਦੀ ਮੰਗ 265 ਮੈਗਾਵਾਟ ਦਰਜ ਕੀਤੀ ਗਈ ਸੀ, ਜੋ ਕਿ 21 ਮਈ ਨੂੰ ਵੱਧ ਕੇ 415 ਮੈਗਾਵਾਟ ’ਤੇ ਪਹੁੰਚ ਗਈ ਹੈ। ਜਦੋਂ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧਣ ਕਰਕੇ ਬਿਜਲੀ ਦੀ ਮੰਗ 425 ਤੋਂ 430 ਮੈਗਾਵਾਟ ਤੱਕ ਪਹੁੰਚ ਸਕਦੀ ਹੈ।

ਚਮੜੀ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ ਵਧੀ

ਸ਼ਹਿਰ ਵਿੱਚ ਤੇਜ਼ ਧੁੱਪ ਅਤੇ ਗਰਮ ਹਵਾਵਾਂ ਕਾਰਨ ਤਾਪਮਾਨ 43.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਦੁਪਹਿਰ ਵੇਲੇ ਹੀਟ ਵੇਵ ਕਾਰਨ ਬਾਜ਼ਾਰਾਂ ਅਤੇ ਸੜਕਾਂ  ’ਤੇ ਆਵਾਜਾਈ ਕਾਫ਼ੀ ਘੱਟ ਰਹੀ ਅਤੇ ਲੋਕ ਸਿਰਫ਼ ਜ਼ਰੂਰੀ ਕੰਮਾਂ ਲਈ ਹੀ ਬਾਹਰ ਨਿਕਲੇ। ਇਸ ਮੌਸਮ ਦਾ ਸਭ ਤੋਂ ਮਾੜਾ ਅਸਰ ਰੋਜ਼ਾਨਾ ਮਜ਼ਦੂਰਾਂ ਅਤੇ ਰੇਹੜੀ-ਫੜੀ ਵਾਲਿਆਂ ’ਤੇ ਪੈ ਰਿਹਾ ਹੈ। ਪੰਚਕੂਲਾ ਸਿਵਲ ਹਸਪਤਾਲ ਸੈਕਟਰ 6 ਦੇ ਮੈਡੀਸਨ ਵਿਭਾਗ ਦੇ ਡਾ. ਗਿਰੀਸ਼ ਬਾਂਸਲ ਨੇ ਲੋਕਾਂ ਨੂੰ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਧੁੱਪ ਵਿੱਚ ਨਿਕਲਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਚfਤਾਵਨੀ ਦਿੱਤੀ ਕਿ ਇਸ ਨਾਲ ਡੀਹਾਈਡਰੇਸ਼ਨ, ਚੱਕਰ ਆਉਣੇ ਅਤੇ ਹੀਟ ਸਟ੍ਰੋਕ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਬਚਾਅ ਲਈ ਵੱਧ ਪਾਣੀ ਪੀਣ, ਹਲਕੇ ਕੱਪੜੇ ਪਹਿਨਣ ਅਤੇ ਸਿਰ ਢੱਕਣ ਦੀ ਅਪੀਲ ਕੀਤੀ ਗਈ ਹੈ। ਦੂਜੇ ਪਾਸੇ, ਗਰਮੀ ਅਤੇ ਧੂੜ ਕਾਰਨ ਹਸਪਤਾਲ ਦੀ ਸਕਿਨ ਓ ਪੀ ਡੀ ਵਿੱਚ ਚਮੜੀ ਦੀ ਐਲਰਜੀ ਅਤੇ ਚਿਕਨ ਪਾਕਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਚਮੜੀ ਵਿਭਾਗ ਦੇ ਮੁਖੀ ਡਾ. ਸੰਦੀਪ ਸਿੰਘ ਸਾਹਨੀ ਮੁਤਾਬਕ ਰੋਜ਼ਾਨਾ ਲਗਭਗ 350 ਮਰੀਜ਼ ਚਮੜੀ ’ਤੇ ਲਾਲੀ, ਖੁਜਲੀ ਅਤੇ ਧੱਫੜ ਦੀ ਸ਼ਿਕਾਇਤ ਲੈ ਕੇ ਆ ਰਹੇ ਹਨ। ਇਸ ਤੋਂ ਇਲਾਵਾ ਬੱਚਿਆਂ ਅਤੇ ਨੌਜਵਾਨਾਂ ਵਿੱਚ ਚਿਕਨ ਪਾਕਸ ਫੈਲ ਰਿਹਾ ਹੈ, ਜਿਸ ਦੇ ਰੋਜ਼ਾਨਾ 10-15 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।

ਅਧਿਆਪਕਾਂ ਵੱਲੋਂ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ

ਅਧਿਆਪਕ ਦਲ ਪੰਜਾਬ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਜਸਪਾਲ ਸਿੰਘ ਢੀਂਡਸਾ, ਜਨਰਲ ਸਕੱਤਰ ਮਨਜੀਤ ਸਿੰਘ ਟਿਵਾਣਾ ਅਤੇ ਜਥੇਬੰਦੀ ਦੇ ਸਰਪ੍ਰਸਤ ਧਰਮ ਸਿੰਘ ਰਾਈਏਵਾਲ ਨੇ ਗਰਮੀ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਤੋਂ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਕੂਲਾਂ ਦਾ ਸਮਾਂ 7.30 ਵਜੇ ਤੋਂ 12:30 ਤੱਕ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵਧ ਰਹੀ ਗਰਮੀ ਦਾ ਬੱਚਿਆਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਤੁਰੰਤ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ, ਮੁਲਾਜ਼ਮ ਫਰੰਟ ਦੇ ਪ੍ਰਧਾਨ ਬਲਵੰਤ ਸਿੰਘ ਅਤੇ ਸੀਨੀਅਰ ਆਗੂ ਹਰਵਿੰਦਰ ਸਿੰਘ ਨੱਪੀ ਹਾਜ਼ਰ ਸਨ।

ਡੈਮਾਂ ਵਿੱਚ ਪਾਣੀ ਦਾ ਪੱਧਰ ਘਟਿਆ

ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਪਿੰਡਾਂ ਸੀਸਵਾਂ, ਪੜਛ ਅਤੇ ਜੈਂਤੀ ਮਾਜਰੀ ਦੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ। ਬਾਰਸ਼ ਦੇ ਪਾਣੀ ’ਤੇ ਨਿਰਭਰ ਇਨ੍ਹਾਂ ਡੈਮਾਂ ਵਿੱਚ ਜ਼ਮੀਨੀ ਗਾਰ ਸੁੱਕ ਕੇ ਤਰੇੜਾਂ ਵਿੱਚ ਬਦਲ ਚੁੱਕੀ ਹੈ। ਪਾਣੀ ਦੀ ਭਾਲ ਵਿੱਚ ਆਉਣ ਵਾਲੇ ਜੰਗਲੀ ਜਾਨਵਰ ਜਿਵੇਂ ਸਾਂਭਰ, ਹਿਰਨ ਅਤੇ ਹੋਰ ਪਸ਼ੂ ਇਸ ਗਾਰ ਵਿੱਚ ਫਸ ਕੇ ਦਮ ਤੋੜ ਰਹੇ ਹਨ। ਸੰਨ 1998 ਵਿੱਚ ਕਾਂਗਰਸ ਸਰਕਾਰ ਵੇਲੇ ਬਣੇ ਪੜਛ ਡੈਮ ਦੀ ਹਾਲਤ ਅੱਜ ਬੇਹੱਦ ਬਦਤਰ ਹੋ ਚੁੱਕੀ ਹੈ। ਇੱਥੇ ਬਿਜਲੀ ਦੇ ਮੀਟਰ ਬਕਸੇ ਖੁੱਲ੍ਹੇ ਪਏ ਹਨ, ਖੰਭਿਆਂ ਤੋਂ ਲਾਈਟਾਂ ਗਾਇਬ ਹਨ ਅਤੇ ਸਿੰਜਾਈ ਲਈ ਰੱਖੀਆਂ ਕਿਸ਼ਤੀਆਂ ਖ਼ਰਾਬ ਹੋ ਰਹੀਆਂ ਹਨ। ਪ੍ਰਸ਼ਾਸਨਿਕ ਅਣਗਹਿਲੀ ਕਾਰਨ ਇਨ੍ਹਾਂ ਡੈਮਾਂ ਦੀ ਸਾਂਭ-ਸੰਭਾਲ ਦਾ ਕੋਈ ਪ੍ਰਬੰਧ ਨਹੀਂ ਹੈ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਇਲਾਕੇ ਦੀ ਸਿੰਜਾਈ ਵਿਵਸਥਾ ਨੂੰ ਬਚਾਉਣ ਲਈ ਡੈਮਾਂ ਦੀ ਹਾਲਤ ਤੁਰੰਤ ਸੁਧਾਰੀ ਜਾਵੇ।

Share: