Mansa Clash: ਨੌਜਵਾਨ ਦੀ ਕਥਿਤ ਨਸ਼ੇ ਕਾਰਨ ਮੌਤ ਤੋਂ ਬਾਅਦ ਮਾਨਸਾ ’ਚ ਧਰਨਾ ਸਥਾਨ ਨੇੜੇ ਮੁੜ ਟਕਰਾਅ

Mansa Clash: ਨੌਜਵਾਨ ਦੀ ਕਥਿਤ ਨਸ਼ੇ ਕਾਰਨ ਮੌਤ ਤੋਂ ਬਾਅਦ ਮਾਨਸਾ ’ਚ ਧਰਨਾ ਸਥਾਨ ਨੇੜੇ ਮੁੜ ਟਕਰਾਅ

ਮਾਨਸਾ : ਬੀਤੇ ਦਿਨ ਕਥਿਤ ਤੌਰ ’ਤੇ ਨਸ਼ੇ ਦੀ ਓਵਰਡੋਜ਼ ਕਾਰਨ ਪਿੰਡਾ ਭੰਮੇ ਦੇ ਨੌਜਵਾਨ ਦੀ ਮੌਤ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਦਰਮਿਆਨ ਟਕਾਰਾਅ ਬਣਿਆ ਹੋਇਆ ਹੈ। ਮਾਨਸਾ ਵਿੱਚ ਧਰਨਾ ਸਥਾਨ ਦੇ ਨੇੜੇ ਬੁੱਧਵਾਰ ਸਵੇਰ ਇੱਕ ਵਾਰ ਫਿਰ ਤਣਾਅਪੂਰਨ ਸਥਿਤੀ ਦੇਖਣ ਨੂੰ ਮਿਲੀ। ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਾਲੇ ਉਸ ਸਮੇਂ ਟਕਰਾਅ ਵਾਲੇ ਹਾਲਾਤ ਬਣ ਗਏ, ਜਦੋਂ ਪੁਲੀਸ ਦੀ ਫੋਰੈਂਸਿਕ ਮੋਬਾਈਲ ਵੈਨ ਧਰਨਾ ਸਥਾਨ ਦੇ ਨੇੜੇ ਪਹੁੰਚੀ। ਜਾਣਕਾਰੀ ਅਨੁਸਾਰ, ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨੌਜਵਾਨਾਂ ਨੇ ਪੁਲੀਸ ਦੀ ਫੋਰੈਂਸਿਕ ਮੋਬਾਈਲ ਵੈਨ ਦਾ ਵਿਰੋਧ ਕੀਤਾ ਅਤੇ ਉਸ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਇਸ ਦੌਰਾਨ ਨੌਜਵਾਨਾਂ ਵਿੱਚ ਕਾਫ਼ੀ ਰੋਸ ਦੇਖਣ ਨੂੰ ਮਿਲਿਆ। ਉੱਧਰ, ਪੁਲੀਸ ਵੱਲੋਂ ਧਰਨਾ ਸਥਾਨ ਦੇ ਨੇੜੇ ਸੜਕ ਦਾ ਇੱਕ ਪਾਸਾ ਅੱਜ ਮੁੜ ਬੰਦ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਅਤੇ ਸ਼ਹਿਰ ਵਾਸੀਆਂ ਦੀ ਮੰਗ ’ਤੇ ਪਿਛਲੇ ਦਿਨੀਂ ਇਸ ਰਸਤੇ ਨੂੰ ਖੋਲ੍ਹ ਦਿੱਤਾ ਗਿਆ ਸੀ, ਪਰ ਅੱਜ ਮੁੜ ਰਸਤਾ ਬੰਦ ਕੀਤੇ ਜਾਣ ਤੋਂ ਬਾਅਦ ਤਣਾਅ ਵਾਲੇ ਹਾਲਾਤ ਬਣ ਗਏ।

ਇਸ ਤੋਂ ਪਹਿਲਾਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਅਤੇ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਕਾਮਨਾ ਕਰਦਿਆਂ ਅੱਜ ਤੜਕਸਾਰ ਪੰਜਾਬ ਭਰ ਦੇ ਗੁਰੂ ਘਰਾਂ ਵਿੱਚ ਸਰਬੱਤ ਦੇ ਭਲੇ ਲਈ ਅਰਦਾਸਾਂ ਹੋਈਆਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਪੀਲ ’ਤੇ ਸੰਗਤ ਨੇ ਨਸ਼ਿਆਂ ਕਾਰਨ ਉੱਜੜ ਰਹੇ ਘਰਾਂ ਦੀ ਸੁੱਖ ਅਤੇ ਪੀੜਤ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।

ਅਰਦਾਸਾਂ ਦੌਰਾਨ ਨਸ਼ਿਆਂ ਕਾਰਨ ਆਪਣੇ ਜੀਅ ਗੁਆ ਚੁੱਕੇ ਪਰਿਵਾਰਾਂ ਨੂੰ ਦੁੱਖ ਸਹਿਣ ਦਾ ਬਲ ਮਿਲਣ ਅਤੇ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਫਸੇ ਨੌਜਵਾਨਾਂ ਨੂੰ ਮੁੜ ਜ਼ਿੰਦਗੀ ਵੱਲ ਪਰਤਣ ਦਾ ਰਾਹ ਮਿਲਣ ਦੀ ਕਾਮਨਾ ਕੀਤੀ ਗਈ। ਝੋਟਾ ਦੇ ਪਰਿਵਾਰ ਦੇ ਦੁੱਖ ਨਾਲ ਸਾਂਝ ਪਾਉਂਦਿਆਂ ਇਨਸਾਫ਼ ਦੀ ਅਰਜ਼ੋਈ ਕੀਤੀ ਗਈ, ਤਾਂ ਜੋ ਕਿਸੇ ਹੋਰ ਮਾਂ ਦੀ ਗੋਦ ਸੁੰਨੀ ਨਾ ਹੋਵੇ ਅਤੇ ਕਿਸੇ ਬੱਚੇ ਦੇ ਸਿਰ ਤੋਂ ਪਿਤਾ ਦਾ ਸਾਇਆ ਨਾ ਉੱਠੇ।

ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਵਿੱਚ ਮੌਜੂਦ ਨੌਜਵਾਨਾਂ ਨੇ ਪੁਲਿਸ ਦੀ ਫੋਰੈਂਸਿਕ ਮੋਬਾਈਲ ਵੈਨ ਦਾ ਵਿਰੋਧ ਕੀਤਾ ਅਤੇ ਉਸ ਨੂੰ ਵਾਪਸ ਮੋੜ ਦਿੱਤਾ। ਫਿਲਹਾਲ, ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਬਣੇ ਹਾਲਾਤ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

Share: