ਚੰਡੀਗੜ੍ਹ: ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੀ ਪ੍ਰਕਿਰਿਆ ਦੌਰਾਨ ਸੂਬੇ ਭਰ ਵਿੱਚ 79 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਰਾਜ ਚੋਣ ਕਮਿਸ਼ਨ ਅਨੁਸਾਰ 2393 ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਵਾਪਸ ਲੈ ਲਏ, ਜਿਸ ਮਗਰੋਂ ਚੋਣ ਪਿੜ ’ਚ 7623 ਉਮੀਦਵਾਰ ਰਹਿ ਗਏ ਹਨ। ਬਿਨਾਂ ਮੁਕਾਬਲਾ ਜਿੱਤਣ ਵਾਲਿਆਂ ’ਚੋਂ ਬਹੁਤੇ ‘ਆਪ’ ਉਮੀਦਵਾਰ ਹਨ, ਜਿਨ੍ਹਾਂ ’ਚੋਂ ਬਹੁਤੇ ਕਰੋੜਪਤੀ ਹਨ।
ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 46 ਤੋਂ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਬਿਨਾਂ ਮੁਕਾਬਲਾ ਜੇਤੂ ਰਹੇ। ਇੱਥੇ ਕਾਂਗਰਸੀ ਉਮੀਦਵਾਰ ਦੇ ਕਾਗ਼ਜ਼ ਰੱਦ ਹੋ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲੈ ਲਈਆਂ। ਮਹਿਤਾ ਕੋਲ 10.15 ਕਰੋੜ ਰੁਪਏ ਦੀ ਜਾਇਦਾਦ ਹੈ। ਬਠਿੰਡਾ ਤੋਂ ‘ਆਪ’ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਟਿਕਟਾਂ ਦੀ ਵੰਡ ’ਤੇ ਸਵਾਲ ਵੀ ਚੁੱਕੇ ਸਨ। ਨਗਰ ਕੌਂਸਲ ਫ਼ਰੀਦਕੋਟ ਦੇ ਵਾਰਡ ਨੰਬਰ 20 ਤੋਂ ‘ਆਪ’ ਉਮੀਦਵਾਰ ਸਤੀਸ਼ ਕੁਮਾਰ ਜੇਤੂ ਰਹੇ। ਉਨ੍ਹਾਂ ਖ਼ਿਲਾਫ਼ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੇ ਕਾਗਜ਼ ਨਹੀਂ ਭਰੇ। ਸਤੀਸ਼ ਕੁਮਾਰ ਦੀ ਜਾਇਦਾਦ ਵੀ 4.16 ਕਰੋੜ ਰੁਪਏ ਹੈ। ਨਗਰ ਪੰਚਾਇਤ ਮੁੱਦਕੀ ਦੇ ਸਾਰੇ 13 ਵਾਰਡਾਂ ਵਿੱਚ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ, ਜਿਨ੍ਹਾਂ ’ਚੋਂ 7 ‘ਆਪ’ ਅਤੇ 6 ਸ਼੍ਰੋਮਣੀ ਅਕਾਲੀ ਦਲ ਦੇ ਹਨ। ਇੱਥੋਂ ਦੇ ਵਾਰਡ ਨੰਬਰ 7 ਤੋਂ ਜੇਤੂ ‘ਆਪ’ ਦੇ ਗੁਰਤੇਜ ਸਿੰਘ ਕੋਲ 1.22 ਕਰੋੜ ਰੁਪਏ ਦੀ ਜਾਇਦਾਦ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਦੇ ਹਲਕੇ ਸੁਨਾਮ ਦੀ ਕੌਂਸਲ ਵਿੱਚ ਦੋ ਵਾਰਡਾਂ ਤੋਂ ‘ਆਪ’ ਉਮੀਦਵਾਰ ਜੇਤੂ ਰਹੇ ਹਨ। ਇਨ੍ਹਾਂ ਵਿੱਚ ਵਾਰਡ ਨੰਬਰ 2 ਤੋਂ 1.12 ਕਰੋੜ ਦੀ ਜਾਇਦਾਦ ਦੇ ਮਾਲਕ ਗੁਰਤੇਗ ਸਿੰਘ ਅਤੇ ਵਾਰਡ ਨੰਬਰ 6 ਤੋਂ ਰੀਅਲ ਅਸਟੇਟ ਕਾਰੋਬਾਰੀ ਵਰੁਨ ਮਦਾਨ ਸ਼ਾਮਲ ਹਨ। ਮੁੱਖ ਮੰਤਰੀ ਦੇ ਹਲਕੇ ਧੂਰੀ ਵਿੱਚ ‘ਆਪ’ ਦੇ ਛੇ ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ ਹਨ, ਜਿਨ੍ਹਾਂ ਵਿੱਚ ਵਾਰਡ ਨੰਬਰ ਦੋ ਤੋਂ ਪੁਸ਼ਪਿੰਦਰ ਸ਼ਰਮਾ ਅਤੇ ਵਾਰਡ ਨੰਬਰ ਤਿੰਨ ਤੋਂ ਉਨ੍ਹਾਂ ਦੀ ਪਤਨੀ ਕਿਰਨ ਸ਼ਰਮਾ ਸ਼ਾਮਲ ਹਨ।
ਨਵੀਂ ਬਣੀ ਨਗਰ ਨਿਗਮ ਬਰਨਾਲਾ ’ਚ ਵਾਰਡ ਨੰਬਰ 31 ’ਚ ‘ਆਪ’ ਦੀ ਤਮੰਨਾ ਜੇਤੂ ਰਹੀ। ਇਸ ਵਾਰਡ ’ਚੋਂ ਵਿਰੋਧੀ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਣ ਦੇ ਰੋਸ ਵਜੋਂ ਸ਼ਹਿਰ ਦੇ ਕੁੱਝ ਬਾਜ਼ਾਰ ਦਿਨ ਲਈ ਬੰਦ ਵੀ ਰਹੇ। ਇੱਥੋਂ ਦੇ ਵਾਰਡ ਨੰਬਰ 4 ’ਚੋਂ 1.61 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ‘ਆਪ’ ਦੇ ਗੁਰਪ੍ਰੀਤ ਸਿੰਘ ਨਿਰਵਿਰੋਧ ਜੇਤੂ ਰਹੇ। ਉਨ੍ਹਾਂ ਦੇ ਵਿਰੋਧੀ ਉਮੀਦਵਾਰ ਦੇ ਕਾਗ਼ਜ਼ ਰੱਦ ਹੋ ਗਏ। ਇੱਥੋਂ ਦੇ ਵਾਰਡ ਨੰਬਰ 44 ਵਿੱਚ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਨਜ਼ਦੀਕੀ ਅਤੇ 2.26 ਕਰੋੜ ਦੀ ਜਾਇਦਾਦ ਦੇ ਮਾਲਕ ਹਸਨਪ੍ਰੀਤ ਭਾਰਦਵਾਜ ਦਾ ਮੁਕਾਬਲਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਨੇੜਲੇ ਰਜਿੰਦਰ ਕੁਮਾਰ ਨਾਲ ਹੈ, ਜਿਨ੍ਹਾਂ ਦੇ ਸਿਰ ’ਤੇ 1.33 ਲੱਖ ਰੁਪਏ ਦਾ ਕਰਜ਼ਾ ਹੈ।
ਜੈਤੋ ਨਗਰ ਕੌਂਸਲ ਦੇ ਵਾਰਡ ਨੰਬਰ 1 ’ਚੋਂ ਪ੍ਰੀਤਮ ਕੌਰ, ਗੋਨਿਆਣਾ ਮੰਡੀ ਦੇ ਵਾਰਡ ਨੰਬਰ 4 ’ਚੋਂ ਸੰਦੀਪ ਕੁਮਾਰ, ਰਾਮਾਂ ਮੰਡੀ ਨਗਰ ਕੌਂਸਲ ਵਿੱਚ ਦੋ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਦੀ ਨਗਰ ਪੰਚਾਇਤ ’ਚੋਂ ‘ਆਪ’ ਦੇ ਤਿੰਨ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ।

