Powercom ਦੇ ਸਾਬਕਾ CMD ਸਣੇ ਤਿੰਨ ਗ੍ਰਿਫ਼ਤਾਰ

Powercom ਦੇ ਸਾਬਕਾ CMD ਸਣੇ ਤਿੰਨ ਗ੍ਰਿਫ਼ਤਾਰ

ਲੁਧਿਆਣਾ: ਵਿਜੀਲੈਂਸ ਨੇ ਅੱਜ ਪਾਵਰਕੌਮ ਦੇ ਸਾਬਕਾ ਚੀਫ ਮੈਨੇਜਿੰਗ ਡਾਇਰੈਕਟਰ ਕੇ ਡੀ ਚੌਧਰੀ, ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਅਤੇ ਦਾਮਿਨੀ ਰਿਜ਼ੋਰਟ ਐਂਡ ਬਿਲਡਰਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਅਮਿਤ ਗਰਗ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ ’ਚ ਕੇਸ ਦਰਜ ਕੀਤਾ ਗਿਆ ਹੈ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਸੰਤ ਐਵੇਨਿਊ ’ਚ 66 ਕੇ ਵੀ ਸਬ-ਸਟੇਸ਼ਨ ਸਥਾਪਤ ਕਰਨ ਸਬੰਧੀ ਇਸ ਦੇ ਕਲੋਨਾਈਜ਼ਰ ਨੇ ਪੀ ਐੱਸ ਪੀ ਸੀ ਐੱਲ ਦੇ ਸਬੰਧਤ ਫੀਲਡ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਉਕਤ 66 ਕੇ ਵੀ ਸਬ-ਸਟੇਸ਼ਨ ਨੂੰ ਆਪਣੀ ਕਲੋਨੀ ’ਚ 1015 ਵਰਗ ਗਜ਼ ਖੇਤਰ ’ਚ ਲਗਵਾ ਲਿਆ। ਉਨ੍ਹਾਂ ਦੱਸਿਆ ਕਿ ਜੇ ਤਤਕਾਲੀ ਉੱਚ ਅਧਿਕਾਰੀਆਂ ਨੇ ਫੀਲਡ ਅਧਿਕਾਰੀਆਂ ਨੂੰ ਕਲੋਨਾਈਜ਼ਰ ਦੀਆਂ ਸਾਰੀਆਂ ਕਲੋਨੀਆਂ ਦੀ ਐੱਨ ਓ ਸੀ ਦੀ ਤਸਦੀਕ ਕਰਨ ਦੇ ਨਿਰਦੇਸ਼ ਦਿੱਤੇ ਹੁੰਦੇ ਅਤੇ ਬਿਜਲੀ ਦੇ ਸਾਰੇ ਲੋਡ ਦਾ ਹਿਸਾਬ ਇਕੱਠੇ ਲਾਇਆ ਜਾਂਦਾ ਤਾਂ ਸਬ-ਸਟੇਸ਼ਨ ਸਥਾਪਤ ਕਰਨ ਦੀ ਸਾਰੀ ਲਾਗਤ ਕਲੋਨਾਈਜ਼ਰ ਵੱਲੋਂ ਸਹਿਣ ਕੀਤੀ ਜਾਣੀ ਸੀ।

ਉਨ੍ਹਾਂ ਦੱਸਿਆ ਕਿ ਸਬ-ਸਟੇਸ਼ਨ ਲਾਉਣ ਸਬੰਧੀ ਬਿਜਲੀ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ। ਬਸੰਤ ਐਵੇਨਿਊ ’ਚ ਸਬ-ਸਟੇਸ਼ਨ ਤੱਕ ਜਾਣ ਲਈ ਕੋਈ ਪੱਕੀ ਸੜਕ ਨਾ ਹੋਣ ਅਤੇ ਇਸ ਦੇ ਪੱਖੋਵਾਲ ਲਿੰਕ ਰੋਡ ਤੋਂ ਲਗਪਗ 3 ਕਿਲੋਮੀਟਰ ਦੂਰ ਖੇਤਾਂ ਵਿੱਚ ਸਥਿਤ ਹੋਣ ਬਾਰੇ ਵੀ ਕੋਈ ਵੀ ਜ਼ਿਕਰ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਚੀਫ ਮੈਨੇਜਿੰਗ ਡਾਇਰੈਕਟਰ ਵੱਲੋਂ ਪ੍ਰਸਤਾਵ ਵਿੱਚ ਜਾਂ ਬਾਅਦ ਵਿੱਚ ਕਿਸੇ ਵੀ ਦਫ਼ਤਰ ਵਿੱਚ ਨਹੀਂ ਕੀਤਾ ਗਿਆ ਸੀ।

ਬੁਲਾਰੇ ਨੇ ਦੱਸਿਆ ਕਿ ਤਤਕਾਲੀ ਐਕਸੀਅਨ ਸੰਜੀਵ ਪ੍ਰਭਾਕਰ ਅਤੇ ਫੀਲਡ ਵਿੱਚ ਤਾਇਨਾਤ ਤਤਕਾਲੀ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਸਬ ਸਟੇਸ਼ਨ ਬਸੰਤ ਐਵੇਨਿਊ ਸਥਾਪਤ ਕਰਨ ਸਬੰਧੀ ਭੇਜੀ ਗਈ ਤਜਵੀਜ਼ ਨੂੰ ਤਤਕਾਲੀ ਚੀਫ ਮੈਨੇਜਿੰਗ ਡਾਇਰੈਕਟਰ ਕੇ ਡੀ ਚੌਧਰੀ ਨੇ ਮਨਜ਼ੂਰੀ ਦੇ ਦਿੱਤੀ ਸੀ, ਜਿਸ ਵਿੱਚ ਉਕਤ ਸਬ-ਸਟੇਸ਼ਨ ਦੀ ਸਥਾਪਨਾ ਸਬੰਧੀ ਕਮੀਆਂ ਅਤੇ ਟਿੱਪਣੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਇਸ ਕਾਰਨ ਬਸੰਤ ਐਵੇਨਿਊ ਕਲੋਨੀ ਨੂੰ ਸਿੱਧਾ ਲਾਭ ਹੋਇਆ। ਮੁਲਜ਼ਮ ਕੇ ਡੀ ਚੌਧਰੀ, ਸੰਜੀਵ ਪ੍ਰਭਾਕਰ ਅਤੇ ਅਮਿਤ ਗਰਗ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share: