ਚੰਡੀਗੜ੍ਹ : ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਾਹਰ ਸਟੋਰ ਦੀ ਸਾਂਝੀ ਪ੍ਰੈੱਸ ਕਾਨਫਰੰਸ ਦੇ ਖ਼ਤਮ ਹੋਣ ਵੇਲੇ ਵਾਪਰੀ ਇੱਕ ਘਟਨਾ ਨੇ ਕੌਮਾਂਤਰੀ ਮੀਡੀਆ ਅਤੇ ਭਾਰਤੀ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਓਸਲੋ ਦੇ ਪ੍ਰਮੁੱਖ ਅਖ਼ਬਾਰ ‘ਡੈਗਸਵਿਸਨ’ (Dagsavisen) ਦੀ ਮਹਿਲਾ ਪੱਤਰਕਾਰ ਅਤੇ ਸਿਆਸੀ ਸਮੀਖਿਅਕ ਹੈਲੇ ਲਿੰਗ (Helle Lyng) ਇਸ ਵੇਲੇ ਭਾਰਤ ਅਤੇ ਨਾਰਵੇ ਦੋਵਾਂ ਦੇਸ਼ਾਂ ਦੀਆਂ ਸੁਰਖੀਆਂ ਵਿੱਚ ਬਣੀ ਹੋਈ ਹੈ।ਦਰਅਸਲ, ਜਦੋਂ ਦੋਵੇਂ ਪ੍ਰਧਾਨ ਮੰਤਰੀ ਸਾਂਝਾ ਬਿਆਨ ਜਾਰੀ ਕਰਕੇ ਹਟਣ ਮਗਰੋਂ ਹਾਲ ’ਚੋਂ ਬਾਹਰ ਜਾ ਰਹੇ ਸਨ, ਤਾਂ ਹੈਲੇ ਲਿੰਗ ਨੇ ਉੱਚੀ ਆਵਾਜ਼ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਮੁਖਾਤਿਬ ਹੁੰਦਿਆਂ ਸਵਾਲ ਕੀਤਾ, “ਤੁਸੀਂ ਦੁਨੀਆ ਦੇ ਸਭ ਤੋਂ ਆਜ਼ਾਦ ਮੀਡੀਆ (ਨਾਰਵੇ) ਦੇ ਕੁਝ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੰਦੇ?”
ਹਾਲਾਂਕਿ, ਦੋਵੇਂ ਆਗੂ ਉੱਥੋਂ ਰਵਾਨਾ ਹੋ ਚੁੱਕੇ ਸਨ, ਪਰ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ’ਤੇ ਵਾਇਰਲ ਹੁੰਦਿਆਂ ਹੀ ਇੱਕ ਵੱਡਾ ਸਿਆਸੀ ਵਿਵਾਦ ਖੜ੍ਹਾ ਹੋ ਗਿਆ। ਹੈਲੇ ਲਿੰਗ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ‘ਵਰਲਡ ਪ੍ਰੈੱਸ ਫ੍ਰੀਡਮ ਇੰਡੈਕਸ’ ਵਿੱਚ ਨਾਰਵੇ ਪਹਿਲੇ ਸਥਾਨ ’ਤੇ ਹੈ ਜਦੋਂ ਕਿ ਭਾਰਤ 157ਵੇਂ ਨੰਬਰ ’ਤੇ ਹੈ, ਅਤੇ ਜਮਹੂਰੀ ਦੇਸ਼ਾਂ ਵਿੱਚ ਨੇਤਾਵਾਂ ਨੂੰ ਸਵਾਲ ਕਰਨਾ ਪੱਤਰਕਾਰਾਂ ਦਾ ਫ਼ਰਜ਼ ਹੈ। ਭਾਰਤੀ ਵਿਦੇਸ਼ ਮੰਤਰਾਲੇ (MEA) ਦੇ ਅਧਿਕਾਰੀਆਂ ਨਾਲ ਹੋਈ ਤਿੱਖੀ ਬਹਿਸਇਹ ਮਾਮਲਾ ਉੱਥੇ ਹੀ ਨਹੀਂ ਰੁਕਿਆ। ਵਿਦੇਸ਼ ਮੰਤਰਾਲੇ ਦੀ ਅਧਿਕਾਰਤ ਬ੍ਰੀਫਿੰਗ ਦੌਰਾਨ ਹੈਲੇ ਲਿੰਗ ਨੇ ਭਾਰਤੀ ਅਧਿਕਾਰੀਆਂ ਨੂੰ ਮਨੁੱਖੀ ਅਧਿਕਾਰਾਂ, ਲੋਕਤੰਤਰ ਅਤੇ ਮੀਡੀਆ ਦੀ ਆਜ਼ਾਦੀ ਨੂੰ ਲੈ ਕੇ ਮੁੜ ਸਵਾਲ ਕੀਤੇ। ਉਸ ਨੇ ਪੁੱਛਿਆ ਕਿ ਕੌਮਾਂਤਰੀ ਭਾਈਚਾਰਾ ਭਾਰਤ ’ਤੇ ਕਿਉਂ ‘ਭਰੋਸਾ’ ਕਰੇ ਅਤੇ ਕੀ ਪ੍ਰਧਾਨ ਮੰਤਰੀ ਮੋਦੀ ਆਲੋਚਨਾਤਮਕ ਸਵਾਲਾਂ ਦੇ ਜਵਾਬ ਦੇਣਗੇ?
ਇਸ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਦੇ ਸਕੱਤਰ (ਪੱਛਮੀ) ਸਿਬੀ ਜਾਰਜ ਨੇ ਬੇਹੱਦ ਸਖ਼ਤ ਅਤੇ ਦੋ-ਟੁੱਕ ਰੁਖ਼ ਅਖਤਿਆਰ ਕੀਤਾ। ਉਨ੍ਹਾਂ ਭਾਰਤ ਦੇ ਲੋਕਤੰਤਰੀ ਢਾਂਚੇ, ਸੰਵਿਧਾਨਕ ਸੁਰੱਖਿਆ ਅਤੇ ਮੀਡੀਆ ਦੇ ਵਿਸ਼ਾਲ ਨੈੱਟਵਰਕ ਦਾ ਬਚਾਅ ਕਰਦਿਆਂ ਵਿਦੇਸ਼ੀ ਆਲੋਚਕਾਂ ’ਤੇ ਨਿਸ਼ਾਨਾ ਸੇਧਿਆ। ਜਾਰਜ ਨੇ ਕਿਹਾ ਕਿ ਵਿਦੇਸ਼ੀ ਆਲੋਚਕ ਭਾਰਤ ਦੀ ਵਿਸ਼ਾਲਤਾ ਅਤੇ ਵਿਭਿੰਨਤਾ ਨੂੰ ਸਮਝੇ ਬਿਨਾਂ ‘ਅਗਿਆਨੀ ਗੈਰ-ਸਰਕਾਰੀ ਸੰਗਠਨਾਂ’ (NGOs) ਦੀਆਂ ਚੋਣਵੀਆਂ ਰਿਪੋਰਟਾਂ ’ਤੇ ਭਰੋਸਾ ਕਰ ਰਹੇ ਹਨ।
ਸਪਾਈ (ਜਾਸੂਸ) ਹੋਣ ਦੇ ਲੱਗੇ ਦੋਸ਼, ਪੱਤਰਕਾਰ ਨੇ ਦਿੱਤੀ ਸਫ਼ਾਈ
ਵੀਡੀਓ ਵਾਇਰਲ ਹੋਣ ਤੋਂ ਬਾਅਦ ਹੈਲੇ ਲਿੰਗ ਨੂੰ ਸੋਸ਼ਲ ਮੀਡੀਆ ’ਤੇ ਭਾਰੀ ਟ੍ਰੋਲਿੰਗ ਅਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕੁਝ ਉਪਭੋਗਤਾਵਾਂ ਨੇ ਉਸ ਨੂੰ ਵਿਦੇਸ਼ੀ ‘ਜਾਸੂਸ’ ਤੱਕ ਕਹਿ ਦਿੱਤਾ। ਇਸ ’ਤੇ ਸਫ਼ਾਈ ਦਿੰਦਿਆਂ ਲਿੰਗ ਨੇ ‘ਐਕਸ’ ’ਤੇ ਲਿਖਿਆ, “ ਮੈਂ ਕਦੇ ਨਹੀਂ ਸੀ ਸੋਚਿਆ ਕਿ ਮੈਨੂੰ ਇਹ ਲਿਖਣਾ ਪਵੇਗਾ, ਪਰ ਮੈਂ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਜਾਸੂਸ ਨਹੀਂ ਹਾਂ। ਮੈਂ ਸਿਰਫ਼ ਇੱਕ ਪੱਤਰਕਾਰ ਹਾਂ। ਨਾਰਵੇ ਵਿੱਚ ਇਹ ਆਮ ਗੱਲ ਹੈ ਕਿ ਬਾਹਰੋਂ ਆਉਣ ਵਾਲੇ ਨੇਤਾ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹਨ।”
ਭਾਰਤ ਵਿੱਚ ਸਿਆਸੀ ਘਮਸਾਨ: ਕਾਂਗਰਸ ਅਤੇ ਭਾਜਪਾ ਆਹਮੋ-ਸਾਹਮਣੇਇਸ ਘਟਨਾ ਨੂੰ ਲੈ ਕੇ ਭਾਰਤ ਦੀ ਘਰੇਲੂ ਸਿਆਸਤ ਵੀ ਪੂਰੀ ਤਰ੍ਹਾਂ ਭਖ ਗਈ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ‘ਆਪ’ ਸਣੇ ਕਈ ਵਿਰੋਧੀ ਨੇਤਾਵਾਂ ਨੇ ਇਹ ਵੀਡੀਓ ਸਾਂਝੀ ਕਰਦਿਆਂ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਵਿਦੇਸ਼ੀ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਨ ਵਿੱਚ (ਅਸਹਿਜ) ਮਹਿਸੂਸ ਕਰ ਰਹੇ ਸਨ।
ਦੂਜੇ ਪਾਸੇ, ਭਾਜਪਾ ਨੇ ਇਸ ਆਲੋਚਨਾ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਪ੍ਰਧਾਨ ਮੰਤਰੀ ਮੋਦੀ ਦਾ ਬਚਾਅ ਕਰਦਿਆਂ ਲਿਖਿਆ ਕਿ ਨਾਰਵੇ ਦੇ ਪ੍ਰਧਾਨ ਮੰਤਰੀ ਨੇ ਵੀ ਉਸ ਪ੍ਰੈੱਸ ਕਾਨਫਰੰਸ ਵਿੱਚ ਕੋਈ ਸਵਾਲ ਨਹੀਂ ਸੀ ਲਿਆ। ਮਾਲਵੀਆ ਨੇ ਵਿਰੋਧੀ ਧਿਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ, “ਰਾਹੁਲ ਗਾਂਧੀ ਦੀ ਅਗਵਾਈ ਵਾਲਾ ਕਾਂਗਰਸ ਦਾ ਤੰਤਰ ਇੱਕ ਗੈਰ-ਜ਼ਿੰਮੇਵਾਰ ਪੱਤਰਕਾਰ ਦੀ ਬੇਤੁਕੀ ਗੱਲ ’ਤੇ ਖੁਸ਼ ਹੋ ਰਿਹਾ ਹੈ। ਹੈਰਾਨੀ ਹੁੰਦੀ ਹੈ ਕਿ ਕੀ ਕਾਂਗਰਸ ਲੀਡਰਸ਼ਿਪ ਵੀ ਉਨ੍ਹਾਂ ਲੋਕਾਂ ਦੇ ਇਸ਼ਾਰਿਆਂ ’ਤੇ ਚੱਲ ਰਹੀ ਹੈ ਜੋ ਭਾਰਤ ਨੂੰ ਮਜ਼ਬੂਤ ਅਤੇ ਸ਼ਕਤੀਸ਼ਾਲੀ ਹੁੰਦਾ ਨਹੀਂ ਦੇਖਣਾ ਚਾਹੁੰਦੇ।”

