ਵੈਨਕੂਵਰ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਅਤੇ ਡਰਾਉਣ-ਧਮਕਾਉਣ ਲਈ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਸਰੀ ਪੁਲੀਸ ਨੂੰ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲੀਸ ਨੇ ਲੰਘੇ ਦਸੰਬਰ ਮਹੀਨੇ ਵਾਪਰੀਆਂ ਵਾਰਦਾਤਾਂ ਦੇ ਸਬੰਧ ਵਿੱਚ 22 ਸਾਲਾਂ ਦੇ ਇੱਕ ਪੰਜਾਬੀ ਨੌਜਵਾਨ ਗੁਰਸੇਵਕ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਸਰੀ ਅਤੇ ਐਬਸਫੋਰਡ ਪੁਲੀਸ ਵੱਲੋਂ ਸਖ਼ਤ ਕਾਨੂੰਨੀ ਧਾਰਾਵਾਂ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।
ਪੁਲੀਸ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ, ਗੁਰਸੇਵਕ ਸਿੰਘ ’ਤੇ ਸਰੀ ਪੁਲੀਸ ਵੱਲੋਂ 9 ਅਤੇ ਐਬਸਫੋਰਡ ਪੁਲੀਸ ਵੱਲੋਂ ਵੱਖ-ਵੱਖ ਧਾਰਾਵਾਂ ਹੇਠ 6 ਸੰਗੀਨ ਦੋਸ਼ ਆਇਦ ਕੀਤੇ ਗਏ ਹਨ। ਜਾਂਚ ਅਧਿਕਾਰੀਆਂ ਮੁਤਾਬਕ ਉਕਤ ਮੁਲਜ਼ਮ ਨੇ ਪਹਿਲਾਂ ਸਰੀ ਵਿੱਚ ਦੋ ਵੱਖ-ਵੱਖ ਕਾਰੋਬਾਰੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਫਿਰ ਐਬਸਫੋਰਡ ਵਿੱਚ ਇੱਕ ਕਾਰੋਬਾਰੀ ਸਥਾਨ ’ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਇਨ੍ਹਾਂ ਥਾਵਾਂ ’ਤੇ ਪਹਿਲਾਂ ਮੋਟੀਆਂ ਫਿਰੌਤੀਆਂ ਦੀ ਮੰਗ ਕੀਤੀ ਗਈ ਅਤੇ ਬਾਅਦ ਵਿੱਚ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ।
ਸਰੀ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਦੀ ਧਰਤੀ ’ਤੇ ਅਜਿਹੀਆਂ ਗੈਂਗਸਟਰਵਾਦੀ ਅਤੇ ਫਿਰੌਤੀ ਦੀਆਂ ਗਤੀਵਿਧੀਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲੀਸ ਫ਼ੋਰਸ ਅਪਰਾਧੀਆਂ ਦੀ ਸੂਹ ਕੱਢ ਕੇ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਪੂਰੀ ਵਾਹ ਲਾ ਰਹੀ ਹੈ, ਜਿਸ ਦੇ ਹੁਣ ਸਕਾਰਾਤਮਕ ਨਤੀਜੇ ਸਾਹਮਣੇ ਆਉਣ ਲੱਗੇ ਹਨ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਅਪਰਾਧੀਆਂ ਬਾਰੇ ਦੱਸਣ ਵਾਲਿਆਂ ਲਈ ਲੱਖਾਂ ਡਾਲਰਾਂ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ। ਇਸ ਸਕੀਮ ਦੇ ਹਾਂ-ਪੱਖੀ ਨਤੀਜੇ ਦੇਖਣ ਨੂੰ ਮਿਲ ਰਹੇ ਹਨ ਅਤੇ ਆਮ ਲੋਕ ਹੁਣ ਖ਼ੁਦ ਅੱਗੇ ਆ ਕੇ ਪੁਲੀਸ ਦੀ ਮਦਦ ਕਰ ਰਹੇ ਹਨ, ਜਿਸ ਸਦਕਾ ਅਜਿਹੇ ਅਨਸਰਾਂ ਦੀਆਂ ਗ੍ਰਿਫ਼ਤਾਰੀਆਂ ਸੰਭਵ ਹੋ ਰਹੀਆਂ ਹਨ।

