ਚੰਡੀਗੜ੍ਹ : ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੋਂ ਪਹਿਲੀ ਉਡਾਣ ਸ਼ੁਰੂ ਹੋਣ ਦੇ ਕੁਝ ਦਿਨਾਂ ਬਾਅਦ ਹੀ ਸੂਬੇ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ਖ਼ੁਦ ਹਲਵਾਰਾ ਏਅਰਪੋਰਟ ਦਾ ਦੌਰਾ ਕਰਨ ਜਾ ਰਹੇ ਹਨ। ਮੁੱਖ ਮੰਤਰੀ ਦਾ ਇਹ ਦੌਰਾ ਸਿਆਸੀ ਹਲਕਿਆਂ ਵਿੱਚ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਕੇਂਦਰ ਦੀ ਸੱਤਾਧਾਰੀ ਪਾਰਟੀ ਭਾਜਪਾ, ਖਾਸ ਕਰਕੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਇਸ ਹਵਾਈ ਅੱਡੇ ਨੂੰ ਚਾਲੂ ਕਰਵਾਉਣ ਦਾ ਪੂਰਾ ਸਿਹਰਾ ਆਪਣੇ ਸਿਰ ਬੰਨ੍ਹਿਆ ਜਾ ਰਿਹਾ ਹੈ।
ਮੁੱਖ ਮੰਤਰੀ ਦਫ਼ਤਰ (CMO) ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਭਗਵੰਤ ਮਾਨ ਨਿਯਮਤ ਉਡਾਣਾਂ ਦੀ ਸ਼ੁਰੂਆਤ ਤੋਂ ਬਾਅਦ ਹਵਾਈ ਅੱਡੇ ’ਤੇ ਕੀਤੇ ਗਏ ਸਮੁੱਚੇ ਪ੍ਰਬੰਧਾਂ ਦੀ ਸਮੀਖਿਆ ਕਰਨਗੇ। ਜ਼ਿਕਰਯੋਗ ਹੈ ਕਿ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਇਸ ਖੇਤਰ ਵਿੱਚ ਹਵਾਈ ਸੰਪਰਕ (ਏਅਰ ਕੁਨੈਕਟੀਵਿਟੀ) ਦੀ ਮੰਗ ਕੀਤੀ ਜਾ ਰਹੀ ਸੀ, ਜੋ ਹੁਣ ਪੂਰੀ ਹੋਈ ਹੈ। ਹਲਵਾਰਾ ਹਵਾਈ ਅੱਡੇ ਨੂੰ ਮਨਜ਼ੂਰੀ ਦਵਾਉਣ ਅਤੇ ਇਸ ਨੂੰ ਚਾਲੂ ਕਰਨ ਲਈ ਸਾਬਕਾ ਉਦਯੋਗ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ (ਜੋ ਇਸ ਵੇਲੇ ਗ੍ਰਿਫ਼ਤਾਰ ਹਨ) ਵੱਲੋਂ ਵੀ ਕਾਫ਼ੀ ਯਤਨ ਕੀਤੇ ਗਏ ਸਨ। ਇਸ ਸਾਲ 1 ਫਰਵਰੀ ਨੂੰ ਜਦੋਂ ਹਵਾਈ ਅੱਡੇ ਦਾ ਉਦਘਾਟਨ ਹੋਇਆ ਸੀ, ਉਸ ਵੇਲੇ ਤੋਂ ਹੀ ਇਸ ਦਾ ਸਿਹਰਾ ਲੈਣ ਲਈ ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਦਰਮਿਆਨ ਸਿਆਸੀ ਖਿੱਚੋਤਾਣ ਲਗਾਤਾਰ ਜਾਰੀ ਹੈ।

