ਜਦੋਂ ਡੀ ਐੱਸ ਪੀ ਨੇ Lawerence Bishnoi ਨੂੰ ਤੋਹਫ਼ੇ ’ਚ ਮੁਰੱਬਾ ਭੇਜਿਆ

ਜਦੋਂ ਡੀ ਐੱਸ ਪੀ ਨੇ Lawerence Bishnoi ਨੂੰ ਤੋਹਫ਼ੇ ’ਚ ਮੁਰੱਬਾ ਭੇਜਿਆ

ਚੰਡੀਗੜ੍ਹ : ਗਾਇਕ Sidhu Moosewala ਦੇ ਕਤਲ ਮਗਰੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਖਰੜ ਸੀ ਆਈ ਏ ਵਿੱਚ ਦਿੱਤੀ ਟੀ ਵੀ ਇੰਟਰਵਿਊ ਅੱਜ ਵੀ ਸਾਰਿਆਂ ਦੇ ਜ਼ਿਹਨ ਵਿੱਚ ਹੈ। ਇਸ ਮਾਮਲੇ ਦੀ ਚੱਲਦੀ ਜਾਂਚ ਦੌਰਾਨ ਪੰਜਾਬ ਪੁਲੀਸ ਦਾ ਡੀ ਐੱਸ ਪੀ ਉਸੇ ਗੈਂਗਸਟਰ ਨੂੰ ਉਹਦੇ ਇੱਕ ਸਾਥੀ ਰਾਹੀਂ ਜਨਮ ਦਿਨ ਦੇ ਤੋਹਫ਼ੇ ਨਾਲ ਮੁਰੱਬੇ ਦਾ ਡੱਬਾ ਭੇਜ ਰਿਹਾ ਸੀ। ਇਹ ਪੁਲੀਸ ਅਧਿਕਾਰੀ ਕੋਈ ਹੋਰ ਨਹੀਂ ਬਲਕਿ ਡੀ ਐੱਸ ਪੀ ਗੁਰਸ਼ੇਰ ਸਿੰਘ ਸੰਧੂ ਸੀ। ਉਹੀ ਸ਼ਖ਼ਸ ਜਿਸ ਨੂੰ ਮਗਰੋਂ ਬਿਸ਼ਨੋਈ ਦੇ ਇਸ ਵਿਵਾਦਿਤ ਇੰਟਰਵਿਊ ਵਿੱਚ ਸਹਾਇਤਾ ਲਈ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਸੀ। ਇਹ ਨਵਾਂ ਖ਼ੁਲਾਸਾ ਬਿਸ਼ਨੋਈ ਗਰੋਹ ਦੇ ਮੈਂਬਰ ਰਾਜਵੀਰ ਸਿੰਘ ਉਰਫ਼ ਰਵੀ ਰਾਜਗੜ੍ਹ ਵੱਲੋਂ ਖੰਨਾ ਪੁਲੀਸ ਨੂੰ ਦਿੱਤੇ ਬਿਆਨ ਤੋਂ ਹੋਇਆ ਹੈ।

ਜੁਲਾਈ 2025 ਦੀ ਇਹ ਪੁੱਛਗਿੱਛ ਰਿਪੋਰਟ, ਜਿਸ ਨੂੰ ਅਧਿਕਾਰਤ ਤੌਰ ’ਤੇ ਜਨਤਕ ਨਹੀਂ ਕੀਤਾ ਗਿਆ, ਦੀ ਕਾਪੀ ‘ਟ੍ਰਿਬਿਊਨ’ ਕੋਲ ਮੌਜੂਦ ਹੈ। ਪੁਲੀਸ ਵਿਚਲੇ ਕਈ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਰਿਪੋਰਟ ਤੋਂ ਪਤਾ ਲਗਦਾ ਹੈ ਕਿ ਰਾਜਵੀਰ ਨੂੰ 10 ਫਰਵਰੀ 2024 ਨੂੰ ਲਾਰੈਂਸ ਬਿਸ਼ਨੋਈ ਦਾ ਫੋਨ ਆਇਆ ਸੀ। ਬਿਸ਼ਨੋਈ ਨੇ ਰਾਜਵੀਰ ਨੂੰ ਡੀ ਐੱਸ ਪੀ ਗੁਰਸ਼ੇਰ ਸਿੰਘ ਤੋਂ ਚੀਜ਼ਾਂ ਇਕੱਠੀਆਂ ਕਰਨ ਅਤੇ 11 ਫਰਵਰੀ ਨੂੰ ਬਿਸ਼ਨੋਈ ਦੇ ਜਨਮ ਦਿਨ ਮੌਕੇ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਿੱਚ ਪਹੁੰਚਾਉਣ ਲਈ ਕਿਹਾ ਸੀ। ਇਸ ਮਗਰੋਂ ਰਾਜਵੀਰ 10 ਫਰਵਰੀ ਨੂੰ ਗੁਰਸ਼ੇਰ ਸਿੰਘ ਦੇ ਮੁਹਾਲੀ ਦੇ ਫੇਜ਼ 7 ਵਿਚਲੇ ਦਫ਼ਤਰ ਗਿਆ। ਦਿਲਚਸਪ ਗੱਲ ਹੈ ਕਿ ਸਿਰਫ਼ ਇੱਕ ਮਹੀਨਾ ਪਹਿਲਾਂ, ਪੰਜਾਬ ਪੁਲੀਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਲਾਰੈਂਸ ਦੇ ਲਗਾਤਾਰ ਦੋ ਇੰਟਰਵਿਊਜ਼ ਸਬੰਧੀ ਦੋ ਐੱਫ ਆਈ ਆਰਜ਼ ਦਰਜ ਕੀਤੀਆਂ ਸਨ। ਡੀ ਐੱਸ ਪੀ ਨੇ ਉਪਰੋਕਤ ਤੋਹਫ਼ੇ ਉਦੋਂ ਭੇਜੇ ਜਦੋਂ ਮਾਮਲਾ ਜਾਂਚ ਅਧੀਨ ਸੀ। ਰਾਜਵੀਰ ਨੇ ਦਾਅਵਾ ਕੀਤਾ ਸੀ ਕਿ ਡੀ ਐੱਸ ਪੀ ਨੇ ਉਸ ਨੂੰ ਗੈਂਗਸਟਰ (ਬਿਸ਼ਨੋਈ) ਲਈ ਇੱਕ ਜਾਂ ਦੋ ਟੋਪੀਆਂ ਅਤੇ ਮੁਰੱਬੇ ਦਾ ਡੱਬਾ ਦਿੱਤਾ ਸੀ। ਰਾਜਵੀਰ ਸਿੰਘ ਉਦੋਂ ਇੱਕ ਹੋਰ ਗਰੋਹ ਮੈਂਬਰ ਸੁਪਿੰਦਰ ਸਿੰਘ ਨਾਲ ਹਵਾਈ ਜਹਾਜ਼ ਰਾਹੀਂ ਅਹਿਮਦਾਬਾਦ ਗਿਆ ਅਤੇ ਸਾਬਰਮਤੀ ਜੇਲ੍ਹ ਵਿੱਚ ਬਿਸ਼ਨੋਈ ਨੂੰ ਇਹ ਚੀਜ਼ਾਂ ਸੌਂਪੀਆਂ। ਰਾਜਵੀਰ ਸਿੰਘ ਨੂੰ ਮਗਰੋਂ 16 ਜੁਲਾਈ-2025 ਨੂੰ ਆਰਮਜ਼ ਐਕਟ ਤਹਿਤ ਪੁਲੀਸ ਸਟੇਸ਼ਨ ਦੋਰਾਹਾ (ਖੰਨਾ) ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।

ਵਿਵਾਦਿਤ ਇੰਟਰਵਿਊ ਪੁਲੀਸ-ਗੈਂਗਸਟਰ ਗਠਜੋੜ ’ਤੇ ਵੱਡਾ ਸਵਾਲੀਆ ਨਿਸ਼ਾਨ ਬਣੇ ਹੋਏ ਹਨ। ਇਹ ਸਭ ਮਾਰਚ 2023 ਦੇ ਅੱਧ ਵਿੱਚ ਸ਼ੁਰੂ ਹੋਇਆ, ਜਦੋਂ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਦੇ ਭੋਗ ਤੋਂ ਕੁਝ ਦਿਨ ਪਹਿਲਾਂ ਲਾਰੈਂਸ ਬਿਸ਼ਨੋਈ ਲਗਾਤਾਰ ਦੋ ਟੈਲੀਵਿਜ਼ਨ ਇੰਟਰਵਿਊਜ਼ ਵਿੱਚ ਨਜ਼ਰ ਆਇਆ। ਲੋਕਾਂ ’ਚ ਰੌਲਾ ਪਿਆ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਖ਼ਲ ਦੇ ਕੇ ਐੱਫ ਆਈ ਆਰ ਦਰਜ ਕਰਨ ਅਤੇ ਵਿਸ਼ੇਸ਼ ਜਾਂਚ ਟੀਮ ਕੋਲੋਂ ਜਾਂਚ ਦੇ ਆਦੇਸ਼ ਦਿੱਤੇ। ਏ ਡੀ ਜੀ ਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ ‘ਸਿਟ’ ਜਾਂਚ ਤੋਂ ਖ਼ੁਲਾਸਾ ਹੋਇਆ ਕਿ ਇੰਟਰਵਿਊ ਮੂਸੇਵਾਲਾ ਦੇ ਕਤਲ ਤੋਂ ਕਰੀਬ ਤਿੰਨ ਮਹੀਨੇ ਬਾਅਦ 3 ਅਤੇ 4 ਸਤੰਬਰ, 2022 ਨੂੰ ਖਰੜ ਸੀ ਆਈ ਏ ਦਫ਼ਤਰ ਵਿੱਚ ਕੀਤੀ ਗਈ ਸੀ। ਬਿਸ਼ਨੋਈ ਖਰੜ ਵਿੱਚ ਡੀ ਐੱਸ ਪੀ ਗੁਰਸ਼ੇਰ ਸਿੰਘ ਸੰਧੂ ਦੀ ਹਿਰਾਸਤ ਵਿੱਚ ਸੀ। ਇੰਟਰਵਿਊ ਲਈ ਸੀ ਆਈ ਏ ਦਫ਼ਤਰ ਨੂੰ ਕਥਿਤ ਸਟੂਡੀਓ ਸੈਟਅੱਪ ਵਿੱਚ ਬਦਲਿਆ ਗਿਆ। ਅਕਤੂਬਰ 2024 ਵਿੱਚ ਦੋ ਡੀ ਐੱਸ ਪੀਜ਼ ਸਣੇ ਸੱਤ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਗੁਰਸ਼ੇਰ ਸਿੰਘ ਸੰਧੂ ਨੂੰ 2025 ਦੇ ਸ਼ੁਰੂ ਵਿੱਚ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਅਤੇ ਉਦੋਂ ਤੋਂ ਉਹ ਫ਼ਰਾਰ ਹੈ।

Share: