ਪਟਿਆਲਾ : ਹਸਪਤਾਲਾਂ ਅਤੇ ਬਲੱਡ ਬੈਂਕਾਂ ਤੋਂ ਇਕੱਠਾ ਕੀਤਾ ਜਾਣ ਵਾਲਾ ਖ਼ਤਰਨਾਕ ਬਾਇਓਮੈਡੀਕਲ ਕਚਰਾ ਨਿਯਮਾਂ ਅਨੁਸਾਰ ਲਾਜ਼ਮੀ ਤੌਰ ’ਤੇ ਨਸ਼ਟ ਕਰਨ ਦੀ ਬਜਾਏ, ਸਾਰੇ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਰੀਸਾਈਕਲਿੰਗ ਲਈ ਗ਼ੈਰ-ਕਾਨੂੰਨੀ ਕਬਾੜਖ਼ਾਨਿਆਂ ਵਿੱਚ ਪਹੁੰਚ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਬਾਇਓਮੈਡੀਕਲ ਕਚਰੇ ਤੋਂ ਰੀਸਾਈਕਲ ਕੀਤਾ ਜਾ ਰਿਹਾ ਪਲਾਸਟਿਕ ਉਨ੍ਹਾਂ ਲੋਕਾਂ ਤੱਕ ਪਹੁੰਚ ਰਿਹਾ ਹੈ ਜੋ ਮੈਡੀਕਲ ਉਪਕਰਨ ਅਤੇ ਇੱਥੋਂ ਤੱਕ ਕਿ ਬੱਚਿਆਂ ਦੇ ਸਸਤੇ ਖਿਡੌਣੇ ਬਣਾਉਂਦੇ ਹਨ।
ਸੂਤਰਾਂ ਮੁਤਾਬਕ, ਇਸ ਗ਼ੈਰ-ਕਾਨੂੰਨੀ ਕਾਰੋਬਾਰ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (ਪੀ ਪੀ ਸੀ ਬੀ) ਨੇ ਪੁਲੀਸ ਨਾਲ ਮਿਲ ਕੇ ਇੱਕ ਸ਼ਿਕਾਇਤ ਦੇ ਆਧਾਰ ’ਤੇ ਗੁਦਾਮ ਤੋਂ ਬਾਇਓਮੈਡੀਕਲ ਕਚਰਾ ਜ਼ਬਤ ਕੀਤਾ। ਇਸ ਛਾਪੇ ਤੋਂ ਬਾਅਦ ਦੇਵੀਗੜ੍ਹ ਰੋਡ ’ਤੇ ਸਥਿਤ ਇਸ ਦੇ ਨੇੜੇ ਹੀ ਇੱਕ ਹੋਰ ਗੁਦਾਮ ਦਾ ਪਤਾ ਲੱਗਿਆ। ਫੜੇ ਗਏ ਕਚਰੇ ਉੱਤੇ ਵੇਸਟ ਟਰੀਟਮੈਂਟ ਪਲਾਂਟਾਂ ਦੀਆਂ ਸਰਕਾਰੀ ਮੋਹਰਾਂ ਲੱਗੀਆਂ ਹੋਈਆਂ ਸਨ। ਇਸ ਸਬੰਧੀ ਸ਼ੁਰੂਆਤੀ ਜਾਂਚ ਮਿਲੀਭੁਗਤ ਵੱਲ ਇਸ਼ਾਰਾ ਕਰਦੀ ਹੈ, ਜਿਸ ਤਹਿਤ ਬਾਇਓਮੈਡੀਕਲ ਕਚਰੇ ਨੂੰ ਪਹਿਲਾਂ ਇਨ੍ਹਾਂ ਗੁਦਾਮਾਂ ਵਿੱਚ ਲਿਆਂਦਾ ਜਾਂਦਾ ਹੈ, ਜਿੱਥੋਂ ਕਬਾੜੀਏ ਇਸ ਨੂੰ ਵੱਡੇ ਸ਼ਹਿਰਾਂ ਦੇ ਵੱਡੇ ਕਬਾੜਖ਼ਾਨਿਆਂ ਵਿੱਚ ਵੇਚ ਦਿੰਦੇ ਹਨ। ਇੱਕ ਅਧਿਕਾਰੀ ਨੇ ਦੱਸਿਆ, ‘‘ਮੌਕੇ ’ਤੇ ਖ਼ੂਨ ਨਾਲ ਲਿੱਬੜੇ ਹੋਏ ਰੂੰ ਦੇ ਪੈਡ, ਵਰਤੀਆਂ ਹੋਈਆਂ ਸਰਿੰਜਾਂ ਅਤੇ ਖ਼ੂਨ ਦੇ ਨਮੂਨਿਆਂ ਦੀਆਂ ਬੋਤਲਾਂ ਖੁੱਲ੍ਹੇ ਵਿੱਚ ਪਈਆਂ ਮਿਲੀਆਂ, ਜਿਸ ਨਾਲ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲਾਗ ਅਤੇ ਪ੍ਰਦੂਸ਼ਣ ਫੈਲਣ ਦਾ ਖ਼ਤਰਾ ਪੈਦਾ ਹੋ ਗਿਆ ਹੈ।’’ ਇਸ ਵੇਲੇ, ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਮੁਹਾਲੀ, ਨਕੋਦਰ ਅਤੇ ਪਠਾਨਕੋਟ ਵਿੱਚ ਛੇ ਸਾਂਝੇ ਬਾਇਓਮੈਡੀਕਲ ਵੇਸਟ ਟਰੀਟਮੈਂਟ ਪਲਾਂਟ ਸਥਿਤ ਹਨ। ਇਹ ਸਾਰੇ ਮਿਲ ਕੇ ਰੋਜ਼ਾਨਾ ਲਗਪਗ 20,000 ਕਿੱਲੋ ਬਾਇਓਮੈਡੀਕਲ ਕਚਰੇ ਦਾ ਨਿਬੇੜਾ ਕਰਦੇ ਹਨ। ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਇਹ ਬਾਇਓਮੈਡੀਕਲ ਕਚਰਾ ਇਕੱਠਾ ਕਰਨ ਨਾਲ ਸਬੰਧਤ ਜਾਣਕਾਰੀ ਹਾਸਲ ਕਰਨ ਵਿੱਚ ਇੱਕ ਬਾਰਕੋਡਿੰਗ ਪ੍ਰਣਾਲੀ ਮਦਦ ਕਰਦੀ ਹੈ। ਕਚਰਾ ਲੈ ਕੇ ਜਾਣ ਵਾਲੇ ਵਾਹਨ ਦੀ ਟਰੈਕਿੰਗ ਪ੍ਰਣਾਲੀ ਸਣੇ ਸਾਰੀ ਜਾਣਕਾਰੀ ਇੰਟਰਨੈੱਟ ’ਤੇ ਔਨਲਾਈਨ ਅਪਲੋਡ ਕੀਤੀ ਜਾਂਦੀ ਹੈ।
ਇਸ ਖ਼ੁਲਾਸੇ ਨੇ ਕਿ ਬਾਇਓਮੈਡੀਕਲ ਕਚਰਾ ਸਸਤੇ ਖਿਡੌਣੇ ਬਣਾਉਣ ਵਾਲਿਆਂ ਅਤੇ ਮੈਡੀਕਲ ਉਪਕਰਨਾਂ ਨੂੰ ਦੁਬਾਰਾ ਤਿਆਰ ਕਰਨ ਵਾਲੀ ਸਨਅਤ ਦੇ ਹੱਥਾਂ ਵਿੱਚ ਜਾ ਰਿਹਾ ਸੀ, ਵਾਤਾਵਰਨ ਅਤੇ ਪ੍ਰਦੂਸ਼ਣ ਰੋਕਥਾਮ ਏਜੰਸੀਆਂ ਵਿੱਚ ਤਰਥੱਲੀ ਮਚਾ ਦਿੱਤੀ ਹੈ। ਬਾਇਓਮੈਡੀਕਲ ਕੂੜੇ ਨੂੰ ਉੱਚ-ਦਰਜੇ ਦਾ ਪਲਾਸਟਿਕ ਮੰਨਿਆ ਜਾਂਦਾ ਹੈ, ਜੋ ਕਿ ਬਹੁਤ ਸਸਤੇ ਭਾਅ ’ਤੇ ਉਪਲਬਧ ਹੋ ਜਾਂਦਾ ਹੈ। ਇਸ ਨਾਲ ਬਣਨ ਵਾਲੀਆਂ ਚੀਜ਼ਾਂ ਦੀ ਲਾਗਤ ਕਾਫ਼ੀ ਘੱਟ ਆਉਂਦੀ ਹੈ। ਇਸ ਗ਼ੈਰ-ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਵੱਲੋਂ ਡਿਸਪੋਜ਼ੇਬਲ ਗਾਊਨ, ਮਾਸਕ, ਸਰਿੰਜਾਂ, ਯੂਰਿਨ ਬੈਗ, ਆਕਸੀਜਨ ਮਾਸਕ, ਦਸਤਾਨੇ, ਕੈਥੀਟਰ ਅਤੇ ਪਲਾਸਟਿਕ ਦੀਆਂ ਗਲੂਕੋਜ਼ ਦੀਆਂ ਬੋਤਲਾਂ ਨੂੰ ਦੁਬਾਰਾ ਪੈਕ ਕਰ ਕੇ ਵੇਚਿਆ ਜਾ ਸਕਦਾ ਸੀ।
ਕੀ ਕਹਿੰਦੇ ਨੇ ਅਧਿਕਾਰੀ
ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਨ ਇੰਜਨੀਅਰ ਨਵਤੇਸ਼ ਸਿੰਗਲਾ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਬਾਇਓਮੈਡੀਕਲ ਕਚਰੇ ’ਤੇ ਮੁਹਾਲੀ ਦੀ ਇੱਕ ਅਧਿਕਾਰਤ ਕੂੜਾ ਇਕੱਠਾ ਕਰਨ ਵਾਲੀ ਸੰਸਥਾ ਦੇ ਬਾਰਕੋਡ ਲੱਗੇ ਹੋਏ ਸਨ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਕਚਰਾ ਕਾਨੂੰਨੀ ਤੌਰ ’ਤੇ ਨਿਬੇੜਾ ਕਰਨ ਦੀ ਪ੍ਰਕਿਰਿਆ ਰਾਹੀਂ ਇੱਥੇ ਭੇਜਿਆ ਗਿਆ ਸੀ। ਸਿੰਗਲਾ ਨੇ ਕਿਹਾ, ‘‘ਇਹ ਪੂਰਾ ਗੁਦਾਮ ਬਾਇਓਮੈਡੀਕਲ ਕਚਰੇ ਨਾਲ ਭਰੀਆਂ ਬੋਰਿਆਂ ਨਾਲ ਭਰਿਆ ਹੋਇਆ ਸੀ ਅਤੇ ਜਦੋਂ ਸਾਡੀਆਂ ਟੀਮਾਂ ਉੱਥੇ ਪਹੁੰਚੀਆਂ ਤਾਂ ਦੋ ਮਜ਼ਦੂਰ ਮੌਕੇ ਤੋਂ ਫ਼ਰਾਰ ਹੋ ਗਏ। ਹਾਲਾਂਕਿ, ਅਸੀਂ ਕੂੜਾ ਅਤੇ ਕੁਝ ਹੋਰ ਸਾਮਾਨ ਜ਼ਬਤ ਕਰ ਲਿਆ ਹੈ ਜੋ ਸਾਨੂੰ ਅਤੇ ਪੁਲੀਸ ਨੂੰ ਮੁਲਜ਼ਮਾਂ ਤੇ ਇਸ ਗ਼ੈਰ-ਕਾਨੂੰਨੀ ਗੁਦਾਮ ਦੇ ਮਾਲਕਾਂ ਨੂੰ ਫੜਨ ਵਿੱਚ ਮਦਦ ਕਰ ਸਕਦਾ ਹੈ।’’ ਉਨ੍ਹਾਂ ਦੱਸਿਆ ਕਿ ਮੁਹਾਲੀ ਦੀ ਇੱਕ ਕੰਪਨੀ ਜੋ ਪਹਿਲਾਂ ਵੀ ਬਾਇਓਮੈਡੀਕਲ ਕਚਰੇ ਦੇ ਗ਼ੈਰ-ਜ਼ਿੰਮੇਵਾਰਾਨਾ ਨਿਬੇੜੇ ਲਈ ਫੜੀ ਜਾ ਚੁੱਕੀ ਹੈ, ਦੀ ਭੂਮਿਕਾ ਹੁਣ ਜਾਂਚ ਦੇ ਘੇਰੇ ਵਿੱਚ ਹੈ। ਇੱਕ ਸੂਤਰ ਨੇ ਦੱਸਿਆ, ‘‘ਅਸੀਂ ਹੁਣ ਗੁਦਾਮ ਨੂੰ ਸੀਲ ਕਰ ਦਿੱਤਾ ਹੈ ਅਤੇ ਕੂੜੇ ਨੂੰ ਲੁਧਿਆਣਾ ਸਥਿਤ ਸਕ੍ਰੈਪ ਮੈਨੇਜਮੈਂਟ ਸੈਂਟਰ ਵਿੱਚ ਭੇਜ ਦਿੱਤਾ ਹੈ।’’

