ਰਤਲਾਮ/ਕੋਟਾ: ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਵਿੱਚ ਅੱਜ ਸਵੇਰੇ ਤਿਰੂਵਨੰਤਪੁਰਮ ਤੋਂ ਨਵੀਂ ਦਿੱਲੀ ਆ ਰਹੀ ਰਾਜਧਾਨੀ ਐਕਸਪ੍ਰੈੱਸ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿੱਚ ਰੇਲ ਗੱਡੀ ਦੇ ਦੋ ਡੱਬੇ ਨੁਕਸਾਨੇ ਗਏ, ਜਿਸ ਕਾਰਨ ਮੁੰਬਈ-ਦਿੱਲੀ ਮੁੱਖ ਰੇਲ ਮਾਰਗ ’ਤੇ ਆਵਾਜਾਈ ਕਈ ਘੰਟਿਆਂ ਤੱਕ ਠੱਪ ਰਹੀ। ਹਾਲਾਂਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰੇਲਵੇ ਦੇ ਮੁੱਖ ਲੋਕ ਸੰਪਰਕ ਅਫਸਰ ਹਰਸ਼ਿਤ ਸ੍ਰੀਵਾਸਤਵ ਅਨੁਸਾਰ ਤਿਰੂਵਨੰਤਪੁਰਮ-ਹਜ਼ਰਤ ਨਿਜ਼ਾਮੂਦੀਨ ਰਾਜਧਾਨੀ ਐਕਸਪ੍ਰੈਸ ਤੜਕੇ ਪੌਣੇ ਚਾਰ ਵਜੇ ਰਤਲਾਮ ਜੰਕਸ਼ਨ ਤੋਂ ਰਵਾਨਾ ਹੋਈ ਸੀ।
ਕੋਟਾ ਡਿਵੀਜ਼ਨ ਅਧੀਨ ਪੈਂਦੇ ਵਿਕਰਮਗੜ੍ਹ ਅਲੋਟ ਅਤੇ ਲੁਨੀਰੀਛਾ ਸਟੇਸ਼ਨਾਂ ਦੇ ਵਿਚਕਾਰ ਸਵੇਰੇ ਸਵਾ ਪੰਜ ਵਜੇ ਰੇਲ ਦੇ ਕਰੀਬ ਬੀ 1 ਕੋਚ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਲਾਟਾਂ ਇੰਨੀਆਂ ਤੇਜ਼ ਸਨ ਕਿ ਇਨ੍ਹਾਂ ਨੇ ਪਿੱਛੇ ਸਾਮਾਨ ਅਤੇ ਗਾਰਡ ਦੇ ਡੱਬੇ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਲੱਗਣ ਵਾਲੇ ਡੱਬੇ ਵਿੱਚ 68 ਮੁਸਾਫ਼ਰ ਸਵਾਰ ਸਨ, ਜਿਨ੍ਹਾਂ ਨੂੰ 15 ਮਿੰਟਾਂ ਦੇ ਅੰਦਰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਰੇਲਵੇ ਅਧਿਕਾਰੀਆਂ ਨੇ ਹਾਦਸੇ ਮਗਰੋਂ ਤੁਰੰਤ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਅਤੇ ਅੱਗ ’ਤੇ ਕਾਬੂ ਪਾਇਆ। ਨੁਕਸਾਨੇ ਡੱਬੇ ਰੇਲ ਨਾਲੋਂ ਵੱਖ ਕਰਨ ਮਗਰੋਂ ਮੁਸਾਫ਼ਰਾਂ ਨੂੰ ਦੂਜੇ ਡੱਬਿਆਂ ਵਿੱਚ ਬਿਠਾ ਕੇ ਰੇਲ ਰਵਾਨਾ ਕੀਤੀ ਗਈ। ਬਿਜਲੀ ਦੀਆਂ ਤਾਰਾਂ ਨੁਕਸਾਨੇ ਜਾਣ ਕਾਰਨ 13 ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ।
ਮਦਦ ਲਈ ਜਾ ਰਹੀ ਵੈਨ ਪਲਟਣ ਕਾਰਨ ਪੰਜ ਜ਼ਖ਼ਮੀ
ਲਾਈਨ ਦੀ ਮੁਰੰਮਤ ਦਾ ਸਾਮਾਨ ਲਿਜਾ ਰਹੀ ਵੈਨ ਸੜਕ ’ਤੇ ਅਚਾਨਕ ਗਾਂ ਆਉਣ ਕਾਰਨ ਪਲਟ ਗਈ। ਇਸ ਹਾਦਸੇ ਵਿੱਚ ਪੰਜ ਰੇਲ ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਰੇਲਵੇ ਦੇ ਉੱਚ ਅਧਿਕਾਰੀ ਮੌਕੇ ’ਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

