ਚੰਡੀਗਡ਼੍ਹ: ਝੋਨੇ ਦੇ ਸੀਜ਼ਨ ਤੋਂ ਐਨ ਪਹਿਲਾਂ ਤੇਲ ਕੀਮਤਾਂ ’ਚ ਵਾਧੇ ਨਾਲ ਪੰਜਾਬ ਦੀ ਕਿਸਾਨੀ ’ਤੇ ਵੱਡਾ ਬੋਝ ਪਵੇਗਾ। ਪਹਿਲਾਂ ਕਿਸਾਨ ਖਾਦਾਂ ਦੀ ਸਪਲਾਈ ਨੂੰ ਲੈ ਕੇ ਫ਼ਿਕਰਮੰਦ ਹਨ ਅਤੇ ਹੁਣ ਡੀਜ਼ਲ ਦੀ ਕੀਮਤ ’ਚ ਕਰੀਬ ਤਿੰਨ ਰੁਪਏ ਲੀਟਰ ਦੇ ਵਾਧੇ ਨੇ ਖੇਤੀ ਸੈਕਟਰ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਹਾਲੇ ਦੋ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਵੱਲੋਂ ਝੋਨੇ ਦੇ ਸਰਕਾਰੀ ਭਾਅ ’ਚ 72 ਰੁਪਏ ਪ੍ਰਤੀ ਕੁਇੰਟਲ ਦਾ ਮਾਮੂਲੀ ਵਾਧਾ ਕੀਤਾ ਗਿਆ ਸੀ। ਹੁਣ ਡੀਜ਼ਲ ਦੀਆਂ ਕੀਮਤਾਂ ’ਚ ਹੋਏ ਵਾਧੇ ਨੇ ਕਿਸਾਨੀ ਦੇ ਲਾਗਤ ਖ਼ਰਚੇ ਮੁੜ ਵਧਾ ਦਿੱਤੇ ਹਨ।
ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਤੇਲ ਕੀਮਤਾਂ ’ਚ ਵਾਧੇ ਦੀ ਮਾਰ ਵੱਧ ਝੱਲੇਗਾ। ਤੇਲ ਕੀਮਤਾਂ ’ਚ ਵਾਧੇ ਮਗਰੋਂ ਅੱਜ ਸਵੇਰ ਤੋਂ ਮੁਹਾਲੀ ਵਿੱਚ ਪੈਟਰੋਲ 2.97 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 2.94 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਮੁਹਾਲੀ ਵਿੱਚ ਪੈਟਰੋਲ ਦੀ ਕੀਮਤ 101.49 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 91.25 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਅੰਦਾਜ਼ੇ ਅਨੁਸਾਰ ਪੰਜਾਬ ’ਚ ਜੂਨ-ਸਤੰਬਰ ਦੌਰਾਨ ਡੀਜ਼ਲ ਦੀ ਪੰਜਾਬ ’ਚ 50 ਫ਼ੀਸਦੀ ਖਪਤ ਇਕੱਲੇ ਖੇਤੀ ਸੈਕਟਰ ’ਚ ਹੁੰਦੀ ਹੈ। ਸੂਬੇ ਵਿੱਚ ਕਰੀਬ ਡੇਢ ਲੱਖ ਡੀਜ਼ਲ ਇੰਜਣ ਹਨ। ਇਸੇ ਤਰ੍ਹਾਂ ਪੰਜਾਬ ’ਚ 5.50 ਲੱਖ ਟਰੈਕਟਰ ਹਨ। ਕੰਬਾਈਨਾਂ ਤੋਂ ਇਲਾਵਾ ਪਰਾਲੀ ਪ੍ਰਬੰਧਨ ਵਾਲੀਆਂ 1.20 ਲੱਖ ਮਸ਼ੀਨਾਂ ਵੀ ਹਨ। ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਬੁਲਾਰੇ ਮੋਂਟੀ ਸਹਿਗਲ ਦਾ ਕਹਿਣਾ ਸੀ ਕਿ ਝੋਨੇ ਦੇ ਪੀਕ ਸੀਜ਼ਨ ਦੌਰਾਨ ਡੀਜ਼ਲ ਦੀ ਵਿੱਕਰੀ ਪ੍ਰਤੀ ਦਿਨ 200 ਕਿਲੋਲੀਟਰ ਤੱਕ ਪਹੁੰਚ ਜਾਂਦੀ ਹੈ। ‘ਆਪ’ ਦੇ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਡੀਜ਼ਲ ਦੇ ਪ੍ਰਤੀ ਡਰੰਮ ਪਿੱਛੇ ਹੁਣ 600 ਰੁਪਏ ਵੱਧ ਤਾਰਨੇ ਪੈਣਗੇ ਜਦੋਂ ਕਿ ਝੋਨੇ ਦੇ ਸਰਕਾਰੀ ਭਾਅ ’ਚ ਸਿਰਫ਼ 72 ਰੁਪਏ ਪ੍ਰਤੀ ਕੁਇੰਟਲ ਦਾ ਕੇਂਦਰ ਨੇ ਵਾਧਾ ਕੀਤਾ ਹੈ। ਬਠਿੰਡਾ ਦੇ ਪਿੰਡ ਮਾੜੀ ਦੇ ਸਾਬਕਾ ਸਰਪੰਚ ਧਰਮ ਸਿੰਘ ਮਾਨ ਦਾ ਕਹਿਣਾ ਸੀ ਕਿ ਝੋਨੇ ਦੀ ਲਾਗਤ ਕੀਮਤ ਤੇਲ ਦੇ ਭਾਅ ’ਚ ਵਾਧੇ ਨਾਲ ਪ੍ਰਤੀ ਏਕੜ ਕਰੀਬ ਪੰਜ ਹਜ਼ਾਰ ਤੋਂ ਜ਼ਿਆਦਾ ਰੁਪਏ ਵਧ ਜਾਵੇਗੀ ਅਤੇ ਕੰਬਾਈਨਾਂ ਦੇ ਭਾਅ ਵੀ ਪ੍ਰਤੀ ਏਕੜ ਪਿੱਛੇ ਜ਼ਿਆਦਾ ਵਧ ਜਾਣਗੇ। ਇਸ ਤੋਂ ਇਲਾਵਾ ਟਰਾਂਸਪੋਰਟ ਨੂੰ ਵੱਡੀ ਮਾਰ ਪਵੇਗੀ। ਜਲਾਲ ਬੱਸ ਕੰਪਨੀ ਦੇ ਮਾਲਕ ਪ੍ਰਿਥੀ ਸਿੰਘ ਜਲਾਲ ਦਾ ਕਹਿਣਾ ਸੀ ਕਿ ਡੀਜ਼ਲ ਦੀ ਕੀਮਤ ਵਧਣ ਨਾਲ ਪ੍ਰਤੀ ਕਿੱਲੋਮੀਟਰ ਲਾਗਤ ਖਰਚਾ ਵਧੇਗਾ।
ਮਿੰਨੀ ਬੱਸ ਅਪਰੇਟਰ ਯੂਨੀਅਨ ਦੇ ਬਲਤੇਜ ਸਿੰਘ ਅਤੇ ਤੀਰਥ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਡੀਜ਼ਲ ਦੀ ਕੀਮਤ ’ਚ ਵਾਧੇ ਦੀ ਵੱਡੀ ਮਾਰ ਛੋਟੇ ਟਰਾਂਸਪੋਰਟਰਾਂ ਨੂੰ ਪਵੇਗੀ। ਇਸ ਤੋਂ ਇਲਾਵਾ ਪੰਜਾਬ ਦੇ ਕਿਸਾਨ ਖਾਦਾਂ ਦੀ ਕਮੀ ਨੂੰ ਲੈ ਕੇ ਚਿੰਤਾ ਵਿਚ ਹਨ। ਪੰਜਾਬ ’ਚ ਇਸ ਵੇਲੇ ਸਿਰਫ਼ 9 ਲੱਖ ਟਨ ਯੂਰੀਆ ਉਪਲਬਧ ਹੈ ਜਦੋਂ ਕਿ ਲੋੜ 16.50 ਲੱਖ ਟਨ ਯੂਰੀਆ ਦੀ ਹੈ।
ਤੇਲ ਕੀਮਤਾਂ ਵਧਣ ਨਾਲ ਆਮ ਲੋਕਾਂ ’ਤੇ ਬੋਝ ਪਏਗਾ: ਅਰੋੜਾ
‘ਆਪ’ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਕਾਰਪੋਰੇਟਾਂ ਨੂੰ ਫ਼ਾਇਦਾ ਦੇਣ ਲਈ ਆਮ ਲੋਕਾਂ ਨੂੰ ਵਿੱਤੀ ਤੰਗੀ ’ਚ ਪਾ ਦਿੱਤਾ ਹੈ। ਅੱਜ ਪੂਰਾ ਦੇਸ਼ ਵਧਦੀ ਮਹਿੰਗਾਈ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਕਮਰਸ਼ੀਅਲ ਐੱਲ ਪੀ ਜੀ ਸਿਲੰਡਰ ਦੀ ਕੀਮਤ ਵਿੱਚ 943 ਰੁਪਏ ਦਾ ਵਾਧਾ ਕੀਤਾ ਅਤੇ ਹੁਣ ਤੇਲ ਕੀਮਤਾਂ ਵਧਾ ਦਿੱਤੀਆਂ। ਭਾਜਪਾ ਚੋਣਾਂ ਦੌਰਾਨ ਲੋਕ ਭਲਾਈ ਦੀਆਂ ਗੱਲਾਂ ਕਰਦੀ ਹੈ ਪਰ ਜਿੱਤਣ ਤੋਂ ਬਾਅਦ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟਣੀ ਸ਼ੁਰੂ ਕਰ ਦਿੰਦੀ ਹੈ। ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਖੇਤੀਬਾੜੀ ਦੇ ਕੰਮਾਂ ’ਤੇ ਸਿੱਧਾ ਅਸਰ ਪਾਵੇਗਾ।
ਵੜਿੰਗ ਨੇ ਕੀਤਾ ਮੋਦੀ ਸਰਕਾਰ ’ਤੇ ਵਿਅੰਗ
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤੇਲ ਕੀਮਤਾਂ ’ਚ ਵਾਧੇ ’ਤੇ ਤੰਜ ਕਰਦਿਆਂ ਕਿਹਾ ਕਿ ‘ਅਬ ਕੀ ਬਾਰ, ਪੈਟਰੋਲ 100 ਰੁਪਏ ਤੋਂ ਪਾਰ’। ਉਨ੍ਹਾਂ ਕਿਹਾ ਕਿ ਇਸ ਵਾਧੇ ਨਾਲ ਕਿਸਾਨਾਂ ’ਤੇ ਵੱਡਾ ਬੋਝ ਪਵੇਗਾ ਅਤੇ ਖਾਸ ਕਰਕੇ ਮੱਧਵਰਗੀ ਲੋਕਾਂ ਨੂੰ ਵੀ ਝਟਕਾ ਲੱਗੇਗਾ।

