ਚੰਡੀਗਡ਼੍ਹ: ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ਦੇ ਸਥਾਪਨਾ ਦਿਵਸ ਮੌਕੇ ਅੱਜ ਕੇਂਦਰੀ ਬਿਜਲੀ ਮੰਤਰੀ ਦੀ ਮੌਜੂਦਗੀ ’ਚ ਪੰਜਾਬ ਨਾਲ ਹੋ ਰਹੇ ਵਿਤਕਰੇ ਦਾ ਮੁੱਦਾ ਛਾਇਆ ਰਿਹਾ। ਬੀ ਬੀ ਐੱਮ ਬੀ ਦੇ ਪੰਜਾਹ ਸਾਲ ਪੂਰੇ ਹੋਣ ’ਤੇ ਸਥਾਪਨਾ ਦਿਵਸ ਮਨਾਇਆ ਗਿਆ ਅਤੇ ਇਨ੍ਹਾਂ ਸਮਾਗਮਾਂ ’ਚ ਮੁੱਖ ਮਹਿਮਾਨ ਵਜੋਂ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਪਹੁੰਚੇ। ਪੰਜਾਬ ਵੱਲੋਂ ਜਲ ਸਰੋਤ ਮੰਤਰੀ ਬਰਿੰਦਰ ਗੋਇਲ, ਮੁੱਖ ਸਕੱਤਰ ਕੇ ਏ ਪੀ ਸਿਨਹਾ ਅਤੇ ਮਹਿਕਮੇ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਹਾਜ਼ਰ ਸਨ ਜਦੋਂ ਕਿ ਹਰਿਆਣਾ ਦੀ ਜਲ ਸਰੋਤ ਮੰਤਰੀ ਸ਼ਰੁਤੀ ਚੌਧਰੀ ਤੋਂ ਇਲਾਵਾ ਰਾਜਸਥਾਨ ਦੇ ਸਿੰਜਾਈ ਮੰਤਰੀ ਵੀ ਹਾਜ਼ਰ ਸਨ।
ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਸਮਾਗਮਾਂ ’ਚ ਕੇਂਦਰ ਵੱਲੋਂ ਬੀ ਬੀ ਐੱਮ ਬੀ ’ਚ ਪੰਜਾਬ ਦੀ ਮੈਂਬਰ (ਪਾਵਰ) ਦੀ ਸਥਾਈ ਪ੍ਰਤੀਨਿਧਤਾ ਖ਼ਤਮ ਕੀਤੇ ਜਾਣ ਦਾ ਮੁੱਦਾ ਚੁੱਕਿਆ। ਉਨ੍ਹਾਂ ਡੈਮਾਂ ’ਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਖ਼ਿਲਾਫ਼ ਵੀ ਰੋਸ ਜ਼ਾਹਰ ਕੀਤਾ। ਉਨ੍ਹਾਂ ਪਾਣੀਆਂ ਦੇ ਮਾਮਲੇ ’ਚ ਪੰਜਾਬ ਨਾਲ ਧੱਕਾ ਹੋਣ ਦੀ ਗੱਲ ਕਰਦਿਆਂ ਯਮੁਨਾ ਦੇ ਪਾਣੀਆਂ ’ਚੋਂ ਹਿੱਸੇਦਾਰੀ ਦੀ ਮੰਗ ਕੀਤੀ। ਉੱਧਰ, ਹਰਿਆਣਾ ਦੀ ਜਲ ਸਰੋਤ ਮੰਤਰੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਹਰਿਆਣਾ ’ਚ ਤਾਂ ਪੀਣ ਵਾਲੇ ਪਾਣੀ ਦਾ ਸੰਕਟ ਹੈ। ਉਨ੍ਹਾਂ ਪੰਜਾਬ ਦੇ ਹਵਾਲੇ ਨਾਲ ਕਈ ਗੱਲਾਂ ਰੱਖੀਆਂ। ਜਦੋਂ ਬਰਿੰਦਰ ਗੋਇਲ ਨੇ ਮਸਲੇ ਚੁੱਕੇ ਤਾਂ ਸ਼ਰੂਤੀ ਚੌਧਰੀ ਨੇ ਜਵਾਬ ਦੇਣ ਲਈ ਸਮਾਂ ਲਿਆ। ਇਸ ਮੌਕੇ ਹਰਿਆਣਾ ਦੀ ਮੰਤਰੀ ਨੇ ਕਿਹਾ ਕਿ ਸਥਾਪਨਾ ਦਿਵਸ ਸਮਾਗਮਾਂ ਨੂੰ ਕਿਸੇ ਤਰ੍ਹਾਂ ਵੀ ਸਿਆਸੀ ਮਕਸਦ ਲਈ ਨਹੀਂ ਵਰਤਣਾ ਚਾਹੀਦਾ। ਇਸ ਮੌਕੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜਦੋਂ ਵੀ ਹੁਣ ਬੀ ਬੀ ਐੱਮ ਬੀ ’ਚ ਪਾਵਰ ਅਤੇ ਸਿੰਜਾਈ ਦੇ ਮੈਂਬਰ ਲੱਗਣਗੇ ਤਾਂ ਉਸ ਵਕਤ ਪੰਜਾਬ ਤੇ ਹਰਿਆਣਾ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਵੀ ਪੰਜਾਬ-ਹਰਿਆਣਾ ’ਚੋਂ ਮੈਂਬਰੀ ਲਈ ਅਪਲਾਈ ਕਰੇਗਾ, ਉਸ ਨੂੰ ਤਰਜੀਹ ਮਿਲੇਗੀ।
ਕਦੇ ਦਾਦੇ ਦੀਆਂ, ਕਦੇ ਪੋਤੀ ਦੀਆਂ
ਭਾਖੜਾ ਬਿਆਸ ਮੈਨੇਜਮੈਂਟ ਬੋਰਡ 15 ਮਈ 1976 ਨੂੰ ਹੋਂਦ ਵਿੱਚ ਆਇਆ ਸੀ। ਜਦੋਂ ਹਰਿਆਣਾ ਦੀ ਅਗਵਾਈ ਚੌਧਰੀ ਬੰਸੀ ਲਾਲ ਕਰ ਰਹੇ ਸਨ ਤਾਂ ਉਸ ਵਕਤ ਕੇਂਦਰ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਐਮਰਜੈਂਸੀ ਦੌਰਾਨ ਹੀ ਪੰਜਾਬ-ਹਰਿਆਣਾ ’ਚ ਪਾਣੀਆਂ ਦੀ ਬਰਾਬਰ ਵੰਡ ਕੀਤੀ ਸੀ। ਇਸ ਵਿਤਕਰੇ ਖ਼ਿਲਾਫ਼ ਪੰਜਾਬ ਨੇ ਰੌਲਾ ਵੀ ਪਾਇਆ ਸੀ। ਚੌਧਰੀ ਬੰਸੀ ਲਾਲ ਦੀ ਸ੍ਰੀਮਤੀ ਇੰਦਰਾ ਗਾਂਧੀ ਨਾਲ ਨੇੜਤਾ ਸੀ। ਅੱਜ ਜਦੋਂ ਬੀ ਬੀ ਐੱਮ ਬੀ ਦੇ ਪੰਜਾਹ ਸਾਲ ਪੂਰੇ ਹੋਣ ’ਤੇ ਸਮਾਗਮ ਹੋਏ ਤਾਂ ਚੌਧਰੀ ਬੰਸੀ ਲਾਲ ਦੀ ਪੋਤਰੀ ਸ਼ਰੂਤੀ ਚੌਧਰੀ ਮੌਜੂਦ ਸੀ।
ਬੀ ਬੀ ਐੱਮ ਬੀ ਨੇ ਪੰਚਕੂਲਾ ’ਚ ਮਨਾਇਆ ਸਥਾਪਨਾ ਦਿਵਸ
ਬੀ ਬੀ ਐੱਮ ਬੀ ਨੇ ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ ਵਿੱਚ ਆਪਣਾ 51ਵਾਂ ਸਥਾਪਨਾ ਦਿਵਸ ਧੂਮਧਾਮ, ਮਾਣ ਅਤੇ ਉਤਸ਼ਾਹ ਨਾਲ ਮਨਾਇਆ। ਸਮਾਗਮ ਵਿੱਚ ਕੇਂਦਰੀ ਮੰਤਰੀ ਮਨੋਹਰ ਲਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਜਲ ਸਰੋਤ ਮੰਤਰੀ ਵਿਸ਼ੇਸ਼ ਮਹਿਮਾਨਾਂ ਵਜੋਂ ਮੌਜੂਦ ਸਨ। ਇਸ ਮੌਕੇ ਬੀ ਬੀ ਐੱਮ ਬੀ ਦੀ ਸ਼ਾਨਦਾਰ ਵਿਰਾਸਤ, ਇਤਿਹਾਸਕ ਉਪਲਬਧੀਆਂ, ਨਵੀਆਂ ਪਹਿਲਕਦਮੀਆਂ ਅਤੇ ਭਵਿੱਖੀ ਯੋਜਨਾਵਾਂ ਨੂੰ ਸਮਰਪਿਤ ‘ਕੌਫੀ ਟੇਬਲ ਬੁੱਕ’ ਵੀ ਜਾਰੀ ਕੀਤੀ ਗਈ।

