POST METRIC ਘੁਟਾਲੇ ਵਿੱਚ ਵਿਜੀਲੈਂਸ ਨੇ ਕੇਸ ਦਰਜ ਕੀਤਾ

POST METRIC ਘੁਟਾਲੇ ਵਿੱਚ ਵਿਜੀਲੈਂਸ ਨੇ ਕੇਸ ਦਰਜ ਕੀਤਾ

ਮੁਹਾਲੀ: ਪੰਜਾਬ ਦੇ ਬਹੁ-ਚਰਚਿਤ ਪੋਸਟ ਮੈਟਰਿਕ ਸਕੈਂਡਲ ਮਾਮਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੇ ਕੇਸ ਦਰਜ ਕਰ ਲਿਆ ਹੈ। ਵਿਭਾਗ ਵੱਲੋਂ ਭਾਵੇਂ ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ, ਪਰ ਵਿਜੀਲੈਂਸ ਨੇ ਸਬੰਧਤ ਵਿਭਾਗ ਦੇ ਛੇ ਸਾਬਕਾ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ਼ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਵਿਜੀਲੈਂਸ ਨੇ ਐੱਫ ਆਈ ਆਰ ਵਿੱਚ ਸ਼ਾਮਲ ਕੀਤੇ ਗਏ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਆਰੰਭ ਦਿੱਤੀ ਹੈ। ਪਿਛਲੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਮਾਮਲੇ ਸਬੰਧੀ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ।

304 ਕਰੋੜ ਰੁਪਏ ਦੀ ਰਾਸ਼ੀ ਦਾ ਇਹ ਘੁਟਾਲਾ 2016-17 ਨਾਲ ਸਬੰਧਤ ਹੈ। ਕੇਂਦਰ ਸਰਕਾਰ ਵੱਲੋਂ ਭੇਜੀ ਜਾਂਦੀ ਇਸ ਰਾਸ਼ੀ ਵਿਚ ਪਹਿਲੀ ਵਾਰ 2019 ਵਿਚ ਗੜਬੜੀ ਬਾਰੇ ਜਾਣਕਾਰੀ ਮਿਲੀ ਸੀ। ਉਸ ਸਮੇਂ ਵਿਭਾਗ ਦੇ ਤਤਕਾਲੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵੀ ਵਿਰੋਧੀਆਂ ਨੇ ਨਿਸ਼ਾਨੇ ’ਤੇ ਲਿਆ ਸੀ। ਤਤਕਾਲੀ ਸਰਕਾਰ ਸਮੇਂ ਤਿੰਨ ਆਈ ਏ ਐੱਸ ਅਧਿਕਾਰੀਆਂ ਦੀ ਕਮੇਟੀ ਵੱਲੋਂ ਸਾਰੇ ਮਾਮਲੇ ਦੀ ਪੜਤਾਲ ਕੀਤੀ ਗਈ ਸੀ। ਇਸ ਰਿਪੋਰਟ ਵਿਚ ਵੀ ਗੰਭੀਰ ਖਾਮੀਆਂ ਦਾ ਖੁਲਾਸਾ ਹੋਇਆ ਸੀ, ਹਾਲਾਂਕਿ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿਟ ਦੇ ਦਿੱਤੀ ਗਈ ਸੀ। ਇਸੇ ਰਿਪੋਰਟ ਦੇ ਆਧਾਰ ਉੱਤੇ ਮੌਜੂਦਾ ਸਰਕਾਰ ਨੇ 2023 ਵਿਚ ਸਾਰਾ ਮਾਮਲਾ ਵਿਜੀਲੈਂਸ ਨੂੰ ਸੌਂਪਿਆ ਸੀ। ਵਿਜੀਲੈਂਸ ਵੱਲੋਂ ਉਦੋਂ ਤੋਂ ਹੀ ਇਸ ਦੀ ਜਾਂਚ ਕੀਤੀ ਜਾ ਰਹੀ ਸੀ, ਪਰ ਅਜੇ ਤੱਕ ਇਸ ਮਾਮਲੇ ਸਬੰਧੀ ਕੋਈ ਵੀ ਅਪਰਾਧਿਕ ਕੇਸ ਦਰਜ ਨਹੀਂ ਹੋਇਆ ਸੀ। ਅਦਾਲਤ ਵੱਲੋਂ ਵਿਜੀਲੈਂਸ ਕੋਲੋਂ ਸਾਰੇ ਮਾਮਲੇ ਦੀ ਰਿਪੋਰਟ ਮੰਗੀ ਗਈ ਸੀ। ਵਿਜੀਲੈਂਸ ਵੱਲੋਂ ਸਬੰਧਿਤ ਵਿਭਾਗ ਦੇ ਜਿਨ੍ਹਾਂ ਛੇ ਅਧਿਕਾਰੀਆਂ ਖ਼ਿਲਾਫ਼ ਬੇਨਿਯਮੀਆਂ ਸਬੰਧੀ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਨੂੰ ਵਿਭਾਗ ਵੱਲੋਂ ਪਹਿਲਾਂ ਹੀ ਬਰਖਾਸਤ ਕੀਤਾ ਹੋਇਆ ਹੈ।

Share: