Zirakpur Accident: ਬੱਸ ਤੇ ਟਰੱਕ ਦੀ ਟੱਕਰ ’ਚ 20 ਤੋਂ ਵੱਧ ਸਵਾਰੀਆਂ ਜ਼ਖ਼ਮੀ

Zirakpur Accident: ਬੱਸ ਤੇ ਟਰੱਕ ਦੀ ਟੱਕਰ ’ਚ 20 ਤੋਂ ਵੱਧ ਸਵਾਰੀਆਂ ਜ਼ਖ਼ਮੀ

ਜ਼ੀਰਕਪੁਰ: ਇੱਥੋਂ ਦੇ ਨਜ਼ਦੀਕੀ ਛੱਤ ਲਾਈਟ ਚੌਕ ਦੇ ਕੋਲ ਸ਼ੁੱਕਰਵਾਰ ਤੜਕੇ ਇੱਕ ਨਿੱਜੀ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਕਾਰਨ ਵੱਡਾ ਸੜਕ ਹਾਦਸਾ ਵਾਪਰ ਗਿਆ। ਮਨਾਲੀ ਤੋਂ ਸਵਾਰੀਆਂ ਲੈ ਕੇ ਦਿੱਲੀ ਜਾ ਰਹੀ ਇਹ ਤੇਜ਼ ਰਫ਼ਤਾਰ ਨਿੱਜੀ ਬੱਸ ਟੱਕਰ ਤੋਂ ਬਾਅਦ ਬੇਕਾਬੂ ਹੋ ਕੇ ਹਾਈਵੇਅ ਦੇ ਵਿਚਕਾਰ ਹੀ ਪਲਟ ਗਈ। ਇਸ ਦਰਦਨਾਕ ਹਾਦਸੇ ਵਿੱਚ ਬੱਸ ’ਚ ਸਵਾਰ 20 ਤੋਂ ਵੱਧ ਮੁਸਾਫ਼ਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਦੋਂਕਿ ਬਾਕੀ ਸਵਾਰੀਆਂ ਨੂੰ ਵੀ ਮਾਮੂਲੀ ਸੱਟਾਂ ਵੱਜੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦੇ ਸਮੇਂ ਬੱਸ ਵਿੱਚ ਕਰੀਬ 45 ਯਾਤਰੀ ਸਵਾਰ ਸਨ, ਜੋ ਤੜਕਸਾਰ ਗੂੜ੍ਹੀ ਨੀਂਦ ਵਿੱਚ ਸਨ। ਜਦੋਂ ਬੱਸ ਛੱਤ ਲਾਈਟ ਚੌਕ ਨੇੜੇ ਪਹੁੰਚੀ, ਤਾਂ ਜ਼ੀਰਕਪੁਰ ਵੱਲੋਂ ਆ ਰਹੇ ਅਤੇ ਪਟਿਆਲਾ ਵੱਲ ਜਾ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਐਨੀ ਜ਼ਬਰਦਸਤ ਸੀ ਕਿ ਬੱਸ ਚਾਲਕ ਗੱਡੀ ਤੋਂ ਸੰਤੁਲਨ ਗੁਆ ਬੈਠਾ ਅਤੇ ਬੱਸ ਸੜਕ ’ਤੇ ਹੀ ਪਲਟ ਗਈ। ਹਾਦਸਾ ਵਾਪਰਦਿਆਂ ਹੀ ਚੀਕ-ਚਿਹਾਰਾ ਮੱਚ ਗਿਆ, ਕਈ ਯਾਤਰੀ ਆਪਣੀਆਂ ਸੀਟਾਂ ਤੋਂ ਹੇਠਾਂ ਜਾ ਡਿੱਗੇ ਅਤੇ ਕੁਝ ਸਵਾਰੀਆਂ ਬੱਸ ਦੇ ਅੰਦਰ ਹੀ ਬੁਰੀ ਤਰ੍ਹਾਂ ਫਸ ਗਈਆਂ। ਹਾਦਸੇ ਦੀ ਆਵਾਜ਼ ਸੁਣਦਿਆਂ ਹੀ ਸਥਾਨਕ ਲੋਕ ਅਤੇ ਹਾਈਵੇਅ ’ਤੇ ਤਾਇਨਾਤ ‘ਸੜਕ ਸੁਰੱਖਿਆ ਫੋਰਸ’ (SSF) ਦੇ ਜਵਾਨ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਸਾਂਝੇ ਤੌਰ ’ਤੇ ਰਾਹਤ ਕਾਰਜ ਸ਼ੁਰੂ ਕਰਦਿਆਂ ਬੱਸ ਦੇ ਸ਼ੀਸ਼ੇ ਤੋੜ ਕੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਿਆ। ਸਾਰੇ ਜ਼ਖ਼ਮੀਆਂ ਨੂੰ ਤੁਰੰਤ ਐਂਬੂਲੈਂਸਾਂ ਰਾਹੀਂ ਡੇਰਾਬੱਸੀ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਉੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ, ਕਈ ਯਾਤਰੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ (GMCH-32) ਰੈਫਰ ਕਰ ਦਿੱਤਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਦੀ ਬਾਂਹ ਬੁਰੀ ਤਰ੍ਹਾਂ ਕੁਚਲੀ ਗਈ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਹਾਦਸੇ ਕਾਰਨ ਪਲਟੀ ਹੋਈ ਬੱਸ ਲਗਭਗ ਦੋ ਘੰਟੇ ਤੱਕ ਸੜਕ ਦੇ ਵਿਚਕਾਰ ਹੀ ਪਈ ਰਹੀ, ਜਿਸ ਕਾਰਨ ਹਾਈਵੇਅ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਸਵੇਰ ਵੇਲੇ ਦਫ਼ਤਰ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿੱਚ ਜ਼ੀਰਕਪੁਰ ਪੁਲੀਸ ਨੇ ਹਾਈਡ੍ਰੌਲਿਕ ਕਰੇਨ (ਹਾਇਡਰਾ) ਦੀ ਮਦਦ ਨਾਲ ਬੱਸ ਅਤੇ ਟਰੱਕ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਮੁੜ ਚਾਲੂ ਕਰਵਾਇਆ। ਪੁਲੀਸ ਅਧਿਕਾਰੀਆਂ ਮੁਤਾਬਕ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Share: