ਗੁਰੂਸਰ ਸੁਧਾਰ (ਮਨੀਸ਼ ਰਿਹਾਨ) : ਕੌਮਾਂਤਰੀ ਹਵਾਈ ਅੱਡਾ ਹਲਵਾਰਾ ‘ਤੇ ਏਅਰ ਇੰਡੀਆ ਦੀ ਪਹਿਲੀ ਫਲਾਈਟ ਏ.ਆਈ 481 ਸ਼ੁੱਕਰਵਾਰ ਨੂੰ ਸਵੇਰੇ 7:05 ‘ਤੇ ਲੈਂਡ ਕੀਤੀ ਹੈ। ਇਹ ਫਲਾਈਟ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਸਵੇਰੇ 5:55 ਵਜੇ ਰਵਾਨਾ ਹੋਈ ਸੀ। ਇਹ ਏਅਰ ਬੱਸ ਏ 320 ਜਹਾਜ਼ ਸੀ ਜਿਸ ਦੀ ਸਮਰੱਥਾ ਲਗਪਗ 160 ਯਾਤਰੀਆਂ ਦੀ ਹੈ।
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਭਾਜਪਾ ਦੀ ਵੱਡੀ ਟੀਮ ਇਸ ਜਹਾਜ਼ ‘ਤੇ ਸਵਾਰ ਸੀ। ਕੇਂਦਰੀ ਮੰਤਰੀ ਬਿੱਟੂ ਦੇ ਨਾਲ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਤੇ ਰਜਿੰਦਰ ਗੁਪਤਾ ਵੀ ਇਸ ਵਿੱਚ ਸ਼ਾਮਲ ਸਨ। ਪਹਿਲੀ ਇਤਿਹਾਸਕ ਉਡਾਣ ਦੇ ਸਵਾਗਤ ਲਈ ਹਲਵਾਰਾ ਦੇ ਸਿਵਲ ਟਰਮੀਨਲ ਨੂੰ ਖ਼ੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ। ਜਹਾਜ਼ ਦਾ ਨੂੰ ਪਾਣੀ ਹਲਕੀਆਂ ਬੁਛਾੜਾਂ ਨਾਲ ਸਵਾਗਤ ਕੀਤਾ ਗਿਆ। ਯਾਤਰੀਆਂ ਨੂੰ ਗੁਲਾਬ ਦੇ ਫੁੱਲਾਂ ਤੋਂ ਇਲਾਵਾ ਖਾਣ-ਪੀਣ ਦਾ ਸਮਾਨ ਵੀ ਦਿੱਤਾ ਗਿਆ।
ਸਵੇਰ ਤੋਂ ਹੀ ਸਿਵਲ ਟਰਮੀਨਲ ‘ਤੇ ਚਹਿਲ-ਪਹਿਲ ਰਹੀ। ਇਸ ਸਹੂਲਤ ਨਾਲ ਲੁਧਿਆਣਾ ਵਾਸੀਆਂ ਨੂੰ ਦਿੱਲੀ ਰਾਹੀਂ ਲੰਡਨ, ਪੈਰਿਸ, ਰੋਮ ਵਰਗੀਆਂ ਥਾਵਾਂ ਤੱਕ ਇੱਕੋ ਟਿਕਟ ‘ਤੇ ਆਸਾਨੀ ਨਾਲ ਸਫ਼ਰ ਕਰਨ ਦੀ ਚੋਣ ਮਿਲ ਗਈ ਹੈ। ਹਲਵਾਰਾ ਸਿਵਲ ਟਰਮੀਨਲ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1 ਫਰਵਰੀ ਨੂੰ ਵਰਚੂਅਲ ਢੰਗ ਨਾਲ ਕੀਤਾ ਗਿਆ ਸੀ। ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਬਾਅਦ ਇਹ ਪੰਜਾਬ ਦਾ ਤੀਜਾ ਕੌਮਾਂਤਰੀ ਏਅਰਪੋਰਟ ਹੈ। ਹਾਲ ਦੀ ਘੜੀ ਇੱਥੋਂ ਏਅਰ ਇੰਡੀਆ ਦੀਆਂ ਦੋ ਉਡਾਣਾਂ ਸਵੇਰੇ ਅਤੇ ਦੁਪਹਿਰ ਸਮੇਂ ਚੱਲਣਗੀਆਂ ਅਤੇ ਉਹੀ ਜਹਾਜ਼ ਵਾਪਸੀ ਵੀ ਕਰਨਗੇ।

