ਚੰਡੀਗਡ਼੍ਹ: ਪੰਜਾਬ ਵਿੱਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਦੂਜੇ ਦਿਨ ‘ਕੋਈ ਇਤਰਾਜ਼ ਨਹੀਂ’ (ਐੱਨ ਓ ਸੀ) ਨਾ ਮਿਲਣ ਤੋਂ ਸਿਆਸੀ ਘਮਸਾਣ ਪੈ ਗਿਆ ਹੈ। ਰਾਜ ਚੋਣ ਕਮਿਸ਼ਨ ਕੋਲ ਇਸ ਬਾਰੇ ਸ਼ਿਕਾਇਤਾਂ ਪੁੱਜਣ ਲੱਗੀਆਂ ਹਨ। ਕਮਿਸ਼ਨ ਨੇ ਅੱਜ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਦਿੱਤੀ ਹੈ ਕਿ ਰਿਟਰਨਿੰਗ ਅਫ਼ਸਰ ਉਮੀਦਵਾਰਾਂ ਤੋਂ ਲੋੜੀਂਦੇ ਦਸਤਾਵੇਜ਼ਾਂ ਤੋਂ ਛੁੱਟ ਹੋਰ ਵਾਧੂ ਦਸਤਾਵੇਜ਼ਾਂ ਜਿਵੇਂ ਘਰ ਦੇ ਨਕਸ਼ੇ, ਪੁਲੀਸ ਵੈਰੀਫਿਕੇਸ਼ਨ, ਰਿਹਾਇਸ਼ ਸਰਟੀਫਿਕੇਟ ਆਦਿ ਦੀ ਮੰਗ ਨਾ ਕਰਨ। ਕਮਿਸ਼ਨ ਨੇ ਕਾਰਜਸਾਧਕ ਅਫਸਰਾਂ ਨੂੰ ਵੀ ਹਾਜ਼ਰ ਰਹਿਣ ਲਈ ਕਿਹਾ ਹੈ।
ਪੰਚਾਇਤੀ ਚੋਣਾਂ ਮੌਕੇ ਵੀ ਅਜਿਹਾ ਰੌਲਾ-ਰੱਪਾ ਪਿਆ ਸੀ। ਹੁਣ ਕੌਂਸਲ ਚੋਣਾਂ ’ਚ ਉਮੀਦਵਾਰਾਂ ਨੂੰ ਐੱਨ ਓ ਸੀ ਨਾ ਮਿਲਣ ਦੇ ਮਾਮਲੇ ’ਚ ਵਿਰੋਧੀ ਧਿਰਾਂ ਨੇ ‘ਆਪ’ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ। ਨਾਮਜ਼ਦਗੀਆਂ ਦਾਖ਼ਲ ਕਰਨ ਦੇ ਦੂਜੇ ਦਿਨ ਤੱਕ 218 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਹਨ। ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਤਰੀਕ 16 ਮਈ ਹੈ। ਪੰਜਾਬ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਲਈ ਵੋਟਾਂ 26 ਮਈ ਨੂੰ ਪੈਣਗੀਆਂ। ਐੱਨ ਓ ਸੀ ਦੇ ਮਾਮਲੇ ’ਤੇ ਭਾਜਪਾ ਦੀ ਦਾਮਨ ਬਾਜਵਾ ਦੀ ਅਗਵਾਈ ’ਚ ਭਾਜਪਾ ਵਰਕਰਾਂ ਨੇ ਅੱਜ ਸੁਨਾਮ ਨਗਰ ਕੌਂਸਲ ਅੱਗੇ ਧਰਨਾ ਦਿੱਤਾ। ਬਾਜਵਾ ਦਾ ਕਹਿਣਾ ਸੀ ਕਿ ਕਾਰਜਸਾਧਕ ਅਫ਼ਸਰ ਜਾਣਬੁੱਝ ਕੇ ਵਿਰੋਧੀ ਉਮੀਦਵਾਰਾਂ ਨੂੰ ਐੱਨ ਓ ਸੀ ਜਾਰੀ ਨਹੀਂ ਕਰ ਰਹੇ। ਮਾਝੇ ਦੀਆਂ ਕਈ ਕੌਂਸਲਾਂ ’ਚ ਅਜਿਹੀਆਂ ਖ਼ਬਰਾਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਅੱਜ ਰਾਜ ਚੋਣ ਕਮਿਸ਼ਨਰ ਨਾਲ ਮੁਲਾਕਾਤ ਵੀ ਕੀਤੀ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਜੇ ਸੂਬਾ ਚੋਣ ਕਮਿਸ਼ਨ ਨੇ ਕਾਨੂੰਨ ਮੁਤਾਬਕ ਆਪਣਾ ਫ਼ਰਜ਼ ਨਾ ਨਿਭਾਇਆ ਤਾਂ ਅਕਾਲੀ ਦਲ ਸੂਬਾਈ ਚੋਣ ਕਮਿਸ਼ਨਰ ਦੇ ਦਫ਼ਤਰ ਅੱਗੇ ਰੋਸ ਧਰਨਾ ਦੇਵੇਗਾ। ਕਲੇਰ ਨੇ ‘ਆਪ’ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਰੋਕਣ ਲਈ ਐੱਨ ਓ ਸੀ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ।
ਕਲੇਰ ਨੇ ਕਿਹਾ ਕਿ ਮਜੀਠਾ ਦੇ ‘ਆਪ’ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਇਸ ਬਾਰੇ ਈ ਓ ਨੂੰ ਹੁਕਮ ਜਾਰੀ ਕੀਤੇ ਅਤੇ ਈ ਓ ਇਸ ਮਾਮਲੇ ’ਚ ਗਿੱਲ ਨੂੰ ਪੁੱਛ ਰਿਹਾ ਹੈ ਕਿ ਕੀ ਸਭ ਨੂੰ ਐੱਨ ਓ ਸੀ ਜਾਰੀ ਕਰਨਾ ਹੈ? ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ‘ਆਪ’ ਸਰਕਾਰ ਧੱਕਾ ਤੰਤਰ, ਡੰਡਾ ਤੰਤਰ ਅਤੇ ਪੁਲੀਸ ਤੰਤਰ ਦੇ ਸਹਾਰੇ ਚੋਣਾਂ ਜਿੱਤਣਾ ਚਾਹੁੰਦੀ ਹੈ ਅਤੇ ਅਫ਼ਸਰ ਉਮੀਦਵਾਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੰਡਿਆਲਾ ਗੁਰੂ, ਅਜਨਾਲਾ, ਮਜੀਠਾ, ਫ਼ਤਹਿਗੜ੍ਹ ਚੂੜੀਆਂ ਸਮੇਤ ਕਈ ਹਲਕਿਆਂ ਵਿੱਚ ਲੋਕ ਐੱਨ ਓ ਸੀ ਲੈਣ ਲਈ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ।
ਇਸੇ ਦੌਰਾਨ ਸਿਆਸੀ ਧਿਰਾਂ ਵੱਲੋਂ ਉਮੀਦਵਾਰ ਐਲਾਨੇ ਜਾਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਭਾਜਪਾ ਦੇ ਜਨਰਲ ਸਕੱਤਰ ਦਿਆਲ ਸੋਢੀ ਨੇ ਦੱਸਿਆ ਕਿ ਅਬੋਹਰ ਲਈ 39, ਬਠਿੰਡਾ ਲਈ 28, ਬਰਨਾਲਾ ਨਿਗਮ ਲਈ 26 ਅਤੇ ਪਠਾਨਕੋਟ ਨਿਗਮ ਲਈ 38 ਉਮੀਦਵਾਰ ਐਲਾਨ ਦਿੱਤੇ ਗਏ ਹਨ। ਕਾਂਗਰਸ ਪਾਰਟੀ ਨੇ ਮੁਹਾਲੀ ਨਿਗਮ ਲਈ 49 ਉਮੀਦਵਾਰ ਅਤੇ ਪਠਾਨਕੋਟ ਲਈ 42 ਉਮੀਦਵਾਰਾਂ ਦਾ ਐਲਾਨ ਕੀਤਾ ਹੈ।
ਹਾਈ ਕੋਰਟ ਪਹੁੰਚੀ ਪੰਜਾਬ ਭਾਜਪਾ
ਪੰਜਾਬ ਭਾਜਪਾ ਨੇ ਨਿਗਮ ਤੇ ਕੌਂਸਲ ਚੋਣਾਂ ਲਈ ਵੋਟਰ ਸੂਚੀਆਂ ਅਤੇ ਰਾਖਵੇਂਕਰਨ ਦੀ ਰੋਟੇਸ਼ਨ ’ਚ ਹੋਈ ਗੜਬੜ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਭਾਜਪਾ ਦੇ ਕਾਨੂੰਨੀ ਵਿੰਗ ਦੇ ਬੁਲਾਰੇ ਨੇ ਦੱਸਿਆ ਕਿ ਵੋਟਾਂ ਇੱਕ-ਦੂਜੇ ਵਾਰਡ ’ਚ ਪਾ ਦਿੱਤੀਆਂ ਗਈਆਂ ਹਨ ਜੋ ਕਿ ਨਵੀਂ ਵਾਰਡਬੰਦੀ ਦਾ ਭੁਲੇਖਾ ਪਾਉਂਦੀਆਂ ਹਨ ਜਦੋਂ ਕਿ 31 ਦਸੰਬਰ 2025 ਤੋਂ ਬਾਅਦ ਵਾਰਡਾਂ ’ਚ ਕੋਈ ਛੇੜਛਾੜ ਨਹੀਂ ਹੋ ਸਕਦੀ। ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਇਸ ਬਾਰੇ ਹਾਈ ਕੋਰਟ ਨੇ ਨੋਟਿਸ ਵੀ ਜਾਰੀ ਕੀਤਾ ਹੈ।

