ਲੰਡਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਸਤੀਫ਼ਾ ਦੇਣ ਦੇ ਦਬਾਅ ਦੇ ਬਾਵਜੂਦ ਅਹੁਦੇ ’ਤੇ ਡਟੇ ਰਹਿਣ ਦਾ ਅਹਿਦ ਦੁਹਰਾਇਆ ਹੈ। ਸਟਾਰਮਰ ਨੇ ਕੈਬਨਿਟ ਮੰਤਰੀਆਂ ਨੂੰ ਕਿਹਾ ਕਿ ਉਹ ਬੀਤੇ ਹਫ਼ਤੇ ਬ੍ਰਿਟੇਨ ਵਿੱਚ ਹੋਈਆਂ ਸਥਾਨਕ ਚੋਣਾਂ ਵਿੱਚ ਹਾਕਮ ਲੇਬਰ ਪਾਰਟੀ ਨੂੰ ਮਿਲੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹਨ, ਪਰ ਉਹ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਨੇਤਾ ਨੂੰ ਹਟਾਉਣ ਦੀ ਇਕ ਪ੍ਰਕਿਰਿਆ ਹੁੰਦੀ ਹੈ, ਉਹ ਸ਼ੁਰੂ ਨਹੀਂ ਹੋਈ।
ਉਨ੍ਹਾਂ ਕਿਹਾ, ‘‘ਮੁਲਕ ਚਾਹੁੰਦਾ ਹੈ ਕਿ ਅਸੀਂ ਸ਼ਾਸਨ ਕਰੀਏ। ਮੈਂ ਉਹੀ ਕਰ ਰਿਹਾ ਹਾਂ ਅਤੇ ਸਾਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ।’’ ਉਨ੍ਹਾਂ ਦੇ ਕਈ ਮੰਤਰੀਆਂ ਨੇ ਉਨ੍ਹਾਂ ਤੋਂ ਕੈਬਨਿਟ ਵਿੱਚ ਤਬਦੀਲੀ ਲਈ ਸਮਾਂ-ਸਾਰਨੀ ਦਾ ਐਲਾਨ ਕਰਨ ਦੀ ਮੰਗ ਕੀਤੀ ਹੈ। ਹਾਊਸਿੰਗ ਅਤੇ ਸਥਾਨਕ ਸਰਕਾਰ ਮੰਤਰੀ ਮਿਆਤਾ ਫਾਨਬੁਲੇਹ ਵੱਲੋਂ ਅਸਤੀਫ਼ਾ ਦੇਣ ਕਾਰਨ ਉਨ੍ਹਾਂ ’ਤੇ ਦਬਾਅ ਵਧ ਗਿਆ ਹੈ। ਫਾਨਬੁਲੇਹ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਸੇਵਾ ’ਤੇ ਮਾਣ ਹੈ, ਪਰ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰ ਸਕੀ। ਇਸ ਦੇ ਬਾਵਜੂਦ ਸਟਾਰਮਰ ਨੇ ਕਿਹਾ ਕਿ ਲੇਬਰ ਆਗੂ ਨੂੰ ਚੁਣੌਤੀ ਦੇਣ ਲਈ 20 ਫ਼ੀਸਦੀ ਸੰਸਦ ਮੈਂਬਰਾਂ ਦਾ ਸਮਰਥਨ ਲੋੜੀਂਦਾ ਹੁੰਦਾ ਹੈ ਜੋ ਅਜੇ ਤੱਕ ਇਕੱਠਾ ਨਹੀਂ ਹੋਇਆ। ਸਟਾਰਮਰ ਦੇ ਇਸ ਬਿਆਨ ਨੂੰ ਕੁਝ ਸੰਸਦ ਮੈਂਬਰਾਂ ਲਈ ਚੁਣੌਤੀ ਵਜੋਂ ਵੀ ਦੇਖਿਆ ਜਾ ਰਿਹਾ ਹੈ, ਜੋ ਉਨ੍ਹਾਂ ਤੋਂ ਅਹੁਦਾ ਛੱਡਣ ਲਈ ਸਮਾਂ ਸਾਰਨੀ ਦੀ ਮੰਗ ਕਰ ਰਹੇ ਹਨ। ਫਾਨਬੁਲੇਹ ਨੇ ਆਪਣੇ ਅਸਤੀਫ਼ੇ ਵਿੱਚ ਲਿਖਿਆ, ‘‘ਦੇਸ਼ ਨੂੰ ਵੱਡੀ ਤਬਦੀਲੀ ਦੀ ਲੋੜ ਹੈ ਅਤੇ ਲੋਕ ਇਸ ਦੀ ਮੰਗ ਕਰ ਰਹੇ ਹਨ। ਪਰ ਲੋਕਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਤੁਸੀਂ ਇਹ ਤਬਦੀਲੀ ਲਿਆ ਸਕਦੇ ਹੋ-ਅਤੇ ਮੈਨੂੰ ਵੀ ਨਹੀਂ।” ਇਸ ਤੋਂ ਪਹਿਲਾਂ ਸਾਬਕਾ ਇੰਡੋ-ਪੈਸੇਫਿਕ ਮੰਤਰੀ ਕੈਥਰੀਨ ਵੈਸਟ ਨੇ ਵੀ ਸੰਕੇਤ ਦਿੱਤਾ ਸੀ ਕਿ ਉਹ ਸਤੰਬਰ ਵਿੱਚ ਨਵੇਂ ਨੇਤਾ ਦੀ ਚੋਣ ਲਈ ਸਟਾਰਮਰ ’ਤੇ ਦਬਾਅ ਬਣਾਉਣ ਲਈ ਸਮਰਥਨ ਇਕੱਠਾ ਕਰ ਰਹੀ ਹੈ। ਲੇਬਰ ਪਾਰਟੀ ਨੂੰ ਚੁਣੌਤੀ ਦੇਣ ਲਈ ਘੱਟੋ-ਘੱਟ 81 ਸੰਸਦ ਮੈਂਬਰਾਂ ਦਾ ਸਮਰਥਨ ਚਾਹੀਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਅਤੇ ਵਿਦੇਸ਼ ਮੰਤਰੀ ਵੈੱਟ ਕੂਪਰ ਵਰਗੇ ਸੀਨੀਅਰ ਕੈਬਨਿਟ ਮੈਂਬਰ ਵੀ ਸਟਾਰਮਰ ਨੂੰ ਹਟਾਉਣ ਦੇ ਹੱਕ ਵਿੱਚ ਹਨ।

