America ’ਚ Petrol ਤੋਂ federal tax ਹਟਾਉਣ ਦੀ ਤਿਆਰੀ

America ’ਚ Petrol ਤੋਂ federal tax ਹਟਾਉਣ ਦੀ ਤਿਆਰੀ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਇਰਾਨ ਨਾਲ ਜੰਗ ਕਾਰਨ ਵਧੀਆਂ ਤੇਲ ਕੀਮਤਾਂ ਤੋਂ ਅਮਰੀਕੀਆਂ ਨੂੰ ਰਾਹਤ ਦੇਣ ਲਈ ਪੈਟਰੋਲ ’ਤੇ ਲੱਗਣ ਵਾਲਾ ਸੰਘੀ ਟੈਕਸ ਹਟਾਉਣ ਦੀ ਤਿਆਰੀ ਕਰ ਰਹੇ ਹਨ; ਹਾਲਾਂਕਿ ਰਾਸ਼ਟਰਪਤੀ ਇਹ ਫ਼ੈਸਲਾ ਆਪਣੇ ਤੌਰ ’ਤੇ ਲਾਗੂ ਨਹੀਂ ਕਰ ਸਕਦੇ। ਇਸ ਲਈ ਮੁਲਕ ਦੀ ਸੰਸਦ (ਕਾਂਗਰਸ) ਦੀ ਮਨਜ਼ੂਰੀ ਲਾਜ਼ਮੀ ਹੋਵੇਗੀ।

ਦੋਵਾਂ ਪਾਰਟੀਆਂ ਦੇ ਆਗੂ ਰੋਜ਼ਮੱਰਾ ਦੇ ਕੰਮਾਂ ਲਈ ਵਾਹਨਾਂ ’ਤੇ ਨਿਰਭਰ ਆਮ ਲੋਕਾਂ ਅਤੇ ਕਾਰੋਬਾਰੀਆਂ ਨੂੰ ਰਾਹਤ ਦਿਵਾਉਣ ਲਈ ਟੈਕਸ ਹਟਾਉਣ ਦੀ ਮੰਗ ਕਰ ਰਹੇ ਹਨ। ਏ ਏ ਏ ਮੋਟਰ ਕਲੱਬ ਅਨੁਸਾਰ ਸੋਮਵਾਰ ਨੂੰ ਪੈਟਰੋਲ ਦੀ ਔਸਤ ਕੀਮਤ 4.52 ਡਾਲਰ ਪ੍ਰਤੀ ਗੈਲਨ ਸੀ, ਜੋ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੀ ਕੀਮਤ (3 ਡਾਲਰ) ਨਾਲੋਂ ਤਕਰੀਬਨ ਪੰਜਾਹ ਫ਼ੀਸਦੀ ਵੱਧ ਹੈ। ਇਸ ਵੇਲੇ ਪੈਟਰੋਲ ’ਤੇ 18.4 ਸੈਂਟ ਅਤੇ ਡੀਜ਼ਲ ’ਤੇ 24.4 ਸੈਂਟ ਪ੍ਰਤੀ ਗੈਲਨ ਸੰਘੀ ਟੈਕਸ ਲੱਗਦਾ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਹਾਲਾਤ ਠੀਕ ਹੋਣ ਤੱਕ ਟੈਕਸ ਹਟਿਆ ਰਹੇਗਾ। ਉਨ੍ਹਾਂ ਕਿਹਾ ਕਿ ਭਾਵੇਂ ਇਹ ਟੈਕਸ ਛੋਟ ਛੋਟੀ ਜਾਪਦੀ ਹੈ, ਪਰ ਮਹਿੰਗਾਈ ਦੀ ਮਾਰ ਝੱਲ ਰਹੇ ਪਰਿਵਾਰਾਂ ਅਤੇ ਕਾਰੋਬਾਰੀਆਂ ਲਈ ਇਹ ਮਦਦਗਾਰ ਸਾਬਤ ਹੋਵੇਗੀ।

ਹਾਲਾਤ ਨਾਲ ਨਜਿੱਠਣ ਲਈ ਅਮਰੀਕਾ ਨੇ ਆਪਣੇ ਰਣਨੀਤਕ ਭੰਡਾਰ ’ਚੋਂ ਲੱਖਾਂ ਬੈਰਲ ਤੇਲ ਛੱਡਿਆ ਹੈ ਅਤੇ ਸਮੁੰਦਰੀ ਰਸਤੇ ਆ ਰਹੀਆਂ ਰੂਸੀ ਤੇ ਇਰਾਨੀ ਤੇਲ ਦੀਆਂ ਖੇਪਾਂ ਤੋਂ ਪਾਬੰਦੀਆਂ ਵੀ ਹਟਾਈਆਂ ਹਨ। ਇਸ ਤੋਂ ਇਲਾਵਾ ਮੱਧ ਪੂਰਬ ਦੇ ਤੇਲ ’ਤੇ ਨਿਰਭਰ ਦੇਸ਼ਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੰਘੀ ਟੈਕਸ ਰਾਹੀਂ ਸੜਕਾਂ ਅਤੇ ਜਨਤਕ ਆਵਾਜਾਈ ਪ੍ਰਾਜੈਕਟਾਂ ਲਈ ਸਾਲਾਨਾ 23 ਅਰਬ ਡਾਲਰ ਤੋਂ ਵੱਧ ਦਾ ਮਾਲੀਆ ਇਕੱਠਾ ਹੁੰਦਾ ਹੈ।

ਟਰੰਪ ਦੀ ਡਾਕਟਰੀ ਜਾਂਚ 26 ਨੂੰ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 26 ਮਈ ਨੂੰ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿੱਚ ਸਾਲਾਨਾ ਮੈਡੀਕਲ ਅਤੇ ਡੈਂਟਲ ਚੈੱਕਅੱਪ ਕਰਵਾਉਣਗੇ। ਅਗਲੇ ਮਹੀਨੇ 80 ਸਾਲ ਦੇ ਹੋਣ ਜਾ ਰਹੇ ਟਰੰਪ ਦਾ ਸੱਤਾ ਵਿੱਚ ਪਰਤਣ ਮਗਰੋਂ ਇਹ ਚੌਥਾ ਜਨਤਕ ਮੈਡੀਕਲ ਦੌਰਾ ਹੋਵੇਗਾ।

ਵ੍ਹਾਈਟ ਹਾਊਸ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਿਯਮਤ ਜਾਂਚ ਹੈ। ਪਿਛਲੇ ਸਾਲ ਅਪਰੈਲ ਵਿੱਚ ਹੋਈ ਜਾਂਚ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਫਿੱਟ ਐਲਾਨਿਆ ਸੀ। ਹਾਲਾਂਕਿ ਬਾਅਦ ਵਿੱਚ ਪੈਰਾਂ ਵਿੱਚ ਸੋਜ਼ਿਸ਼ ਕਾਰਨ ਉਨ੍ਹਾਂ ਦੀ ਜਾਂਚ ਹੋਈ ਸੀ ਅਤੇ ਨਾੜੀਆਂ ਵਿੱਚ ਖ਼ੂਨ ਇਕੱਠਾ ਹੋਣ ਦੀ ਸਮੱਸਿਆ ਸਾਹਮਣੇ ਆਈ ਸੀ। ਡਾਕਟਰਾਂ ਅਨੁਸਾਰ 2020 ਦੇ ਮੁਕਾਬਲੇ ਟਰੰਪ ਦਾ ਭਾਰ 20 ਪੌਂਡ ਘਟ ਗਿਆ ਹੈ। ਟਰੰਪ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹ ਹਾਲੇ ਵੀ ਖ਼ੁਦ ਨੂੰ 50 ਸਾਲ ਪਹਿਲਾਂ ਵਾਂਗ ਤੰਦਰੁਸਤ ਮਹਿਸੂਸ ਕਰਦੇ ਹਨ।

Share: