ਕੀਵ: ਯੂਕਰੇਨ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਲੜਨ ਵਾਲੀਆਂ ਦੋ ਕੌਮੀ ਏਜੰਸੀਆਂ ਨੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੇ ਸਾਬਕਾ ਚੀਫ ਆਫ ਸਟਾਫ ਨੂੰ ਇੱਕ ਵੱਡੀ ਰਿਸ਼ਵਤਖ਼ੋਰੀ ਦੀ ਜਾਂਚ ਵਿੱਚ ਅਧਿਕਾਰਤ ਸ਼ੱਕੀ ਵਜੋਂ ਨਾਮਜ਼ਦ ਕੀਤਾ ਹੈ। ਯੂਕਰੇਨ ਦੇ ਕੌਮੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਅਤੇ ਸਪੈਸ਼ਲਾਈਜ਼ਡ ਐਂਟੀ-ਕੁਰੱਪਸ਼ਨ ਪ੍ਰੋਸੀਕਿਊਟਰ ਆਫਿਸ ਨੇ ਲੰਘੀ ਦੇਰ ਰਾਤ ਐਲਾਨ ਕੀਤਾ ਕਿ ਆਂਦਰੀ ਯਰਮਾਕ ’ਤੇ ਲਗਪਗ 46 ਕਰੋੜ ਰਿਵਨੀਆ (1.05 ਕਰੋੜ ਅਮਰੀਕੀ ਡਾਲਰ) ਦੇ ਮਨੀ-ਲਾਂਡਰਿੰਗ ਘੁਟਾਲੇ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ।
ਜਾਂਚਕਾਰਾਂ ਨੇ ਟੈਲੀਗ੍ਰਾਮ ਮੈਸੇਜਿੰਗ ਐਪ ’ਤੇ ਇੱਕ ਐਲਾਨ ਰਾਹੀਂ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਅਜੇ ਜਾਰੀ ਹੈ। ਇਹ ਕਾਰਵਾਈ ਯਰਮਾਕ ਵਿਰੁੱਧ ਰਸਮੀ ਤੌਰ ’ਤੇ ਦੋਸ਼ ਤੈਅ ਕਰਨ ਤੋਂ ਇੱਕ ਕਦਮ ਪਿੱਛੇ ਹੈ। ਦੱਸਣਯੋਗ ਹੈ ਕਿ ਯਰਮਾਕ ਨੇ ਪਿਛਲੇ ਸਾਲ ਨਵੰਬਰ ਵਿੱਚ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਉਸ ਘੁਟਾਲੇ ਦੌਰਾਨ ਅਹੁਦਾ ਛੱਡਿਆ ਸੀ ਜਿਸ ਨੇ ਰੂਸ ਦੇ ਪੂਰਨ ਹਮਲੇ ਤੋਂ ਬਾਅਦ ਜ਼ੇਲੈਂਸਕੀ ਸਰਕਾਰ ਲਈ ਸਭ ਤੋਂ ਵੱਡਾ ਖ਼ਤਰਾ ਪੈਦਾ ਕੀਤਾ ਸੀ।

