ਪਿਸ਼ਾਵਰ: North-West Pakistan ਵਿੱਚ ਫ਼ਿਦਾਈਨ ਹਮਲਾਵਰ ਨੇ ਧਮਾਕਾਖੇਜ਼ ਸਮੱਗਰੀ ਨਾਲ ਭਰੇ ਵਾਹਨ ਨੂੰ ਉਡਾ ਦਿੱਤਾ। ਇਸ ਘਟਨਾ ਵਿੱਚ ਦੋ ਸੁਰੱਖਿਆ ਅਧਿਕਾਰੀਆਂ ਸਣੇ ਘੱਟੋ-ਘੱਟ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਗੜਬੜਜ਼ਦਾ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਲਾਕੀ ਮਰਵਤ ਜ਼ਿਲ੍ਹੇ ਵਿੱਚ ਵਾਪਰੀ।
ਜ਼ਿਲ੍ਹਾ ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਫ਼ਿਦਾਈਨ ਹਮਲਾਵਰ ਨੇ ਧਮਾਕਾਖੇਜ਼ ਸਮੱਗਰੀ ਨਾਲ ਭਰੇ ਆਪਣੇ ਤਿੰਨ ਪਹੀਆ ਆਟੋ ਰਿਕਸ਼ਾ ਨੂੰ ਨੌਰੰਗ ਬਾਜ਼ਾਰ ਦੇ ਫਾਟਕ ਚੌਕ ਵਿੱਚ ਧਮਾਕਾ ਕਰ ਕੇ ਉਡਾ ਦਿੱਤਾ। ਘਟਨਾ ਵਿੱਚ ਮਾਰੇ ਗਏ ਅੱਠ ਵਿਅਕਤੀਆਂ ਵਿੱਚ ਟਰੈਫਿਕ ਪੁਲੀਸ ਦੇ ਦੋ ਮੁਲਾਜ਼ਮ ਅਤੇ ਇੱਕ ਔਰਤ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ 35 ਜ਼ਖ਼ਮੀਆਂ ਨੂੰ ਇਲਾਜ ਲਈ ਸਰਾਈ ਨੌਰੰਗ ਦੇ ਤਹਿਸੀਲ ਹੈੱਡਕੁਆਰਟਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਬੰਨੂ ਅਤੇ ਪਿਸ਼ਾਵਰ ਦੇ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ ਹੈ।

