ਸੀ.ਬੀ.ਆਈ. ਦਾ ਇੱਕ ਹੋਰ ਵੱਡਾ ਐਕਸ਼ਨ: ਮਲੋਟ ’ਚ ਭਾਜਪਾ ਯੂਥ ਆਗੂ ਦੇ ਘਰ ਦਬਿਸ਼; 5 ਲੱਖ ਦੀ ਨਕਦੀ ਤੇ ਦਸਤਾਵੇਜ਼ ਬਰਾਮਦ

ਸੀ.ਬੀ.ਆਈ. ਦਾ ਇੱਕ ਹੋਰ ਵੱਡਾ ਐਕਸ਼ਨ: ਮਲੋਟ ’ਚ ਭਾਜਪਾ ਯੂਥ ਆਗੂ ਦੇ ਘਰ ਦਬਿਸ਼; 5 ਲੱਖ ਦੀ ਨਕਦੀ ਤੇ ਦਸਤਾਵੇਜ਼ ਬਰਾਮਦ

ਸ੍ਰੀ ਮੁਕਤਸਰ ਸਾਹਿਬ: ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਦੀ ਇੱਕ ਟੀਮ ਨੇ ਸੋਮਵਾਰ ਦੇਰ ਰਾਤ ਮੁਕਤਸਰ ਜ਼ਿਲ੍ਹੇ ਦੇ ਮਲੋਟ ਸ਼ਹਿਰ ਦੇ ਵਾਰਡ ਨੰਬਰ 4 ਵਿੱਚ ਭਾਰਤੀ ਜਨਤਾ ਯੁਵਾ ਮੋਰਚਾ (BJYM) ਦੇ ਆਗੂ ਰਾਘਵ ਗੋਇਲ ਦੇ ਘਰ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਮੋਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਵਿੱਚ ਹੋਈ ਛਾਪੇਮਾਰੀ ਦੀ ਕੜੀ ਵਜੋਂ ਕੀਤੀ ਗਈ ਹੈ। ਸੂਤਰਾਂ ਅਨੁਸਾਰ ਰਾਘਵ ਗੋਇਲ ਨੂੰ ਰਿਸ਼ਵਤਖ਼ੋਰੀ ਦੇ ਇੱਕ ਮਾਮਲੇ ਵਿੱਚ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। ਸੀ.ਬੀ.ਆਈ. ਦੀ ਇਹ ਕਾਰਵਾਈ ਦੇਰ ਰਾਤ ਕਰੀਬ 12:45 ਵਜੇ ਤੱਕ ਚੱਲੀ। ਛਾਪੇਮਾਰੀ ਦੌਰਾਨ ਜਾਂਚ ਟੀਮ ਨੇ ਰਾਘਵ ਦੇ ਘਰੋਂ ਕੁਝ ਅਹਿਮ ਦਸਤਾਵੇਜ਼ ਅਤੇ 5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਕਾਰਵਾਈ ਦੌਰਾਨ ਰਾਘਵ ਗੋਇਲ ਅਤੇ ਉਸ ਦੇ ਪਿਤਾ ਵਿਕਾਸ ਗੋਇਲ ਘਰ ਵਿੱਚ ਮੌਜੂਦ ਨਹੀਂ ਸਨ। ਇਸ ਦੌਰਾਨ ਘਰ ਦੇ ਬਾਹਰ ਕੁਝ ਭਾਜਪਾ ਵਰਕਰ ਵੀ ਇਕੱਠੇ ਹੋ ਗਏ ਸਨ।

ਵੱਡੇ ਸਿਆਸੀ ਸਬੰਧ ਅਤੇ ਕਾਰੋਬਾਰ

ਸੂਤਰਾਂ ਅਨੁਸਾਰ ਗੋਇਲ ਪਰਿਵਾਰ ਪੰਜਾਬ ਕੇਡਰ ਦੇ ਇੱਕ ਸੇਵਾਮੁਕਤ ਆਈ.ਪੀ.ਐਸ. ਅਧਿਕਾਰੀ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਹੈ। ਇਹ ਪਰਿਵਾਰ ਸਿਵਲ ਵਰਕਸ ਦੇ ਠੇਕੇਦਾਰੀ ਕਾਰੋਬਾਰ ਵਿੱਚ ਹੈ, ਜਿਸ ਵਿੱਚ ਡਰੇਨਾਂ ਦੀ ਸਫਾਈ ਵਰਗੇ ਪ੍ਰੋਜੈਕਟ ਸ਼ਾਮਲ ਹਨ। ਰਾਘਵ ਗੋਇਲ ਦੇ ਸਬੰਧ ਸੂਬਾ ਅਤੇ ਕੌਮੀਂ ਪੱਧਰ ਦੇ ਕਈ ਸੀਨੀਅਰ ਭਾਜਪਾ ਆਗੂਆਂ ਨਾਲ ਦੱਸੇ ਜਾਂਦੇ ਹਨ। ਉਸ ਦੇ ਫੇਸਬੁੱਕ ਪੇਜ ’ਤੇ ਕਈ ਕੇਂਦਰੀ ਮੰਤਰੀਆਂ ਨਾਲ ਤਸਵੀਰਾਂ ਵੀ ਮੌਜੂਦ ਹਨ।

ਸਥਾਨਕ ਲੋਕਾਂ ਅਨੁਸਾਰ ਰਾਘਵ ਪਿਛਲੇ ਪੰਜ ਸਾਲਾਂ ਤੋਂ ਦਿੱਲੀ ਅਤੇ ਚੰਡੀਗੜ੍ਹ ਦੇ ਸਿਆਸੀ ਗਲਿਆਰਿਆਂ ਵਿੱਚ ਕਾਫੀ ਸਰਗਰਮ ਹੋ ਗਿਆ ਸੀ, ਜਦਕਿ ਮਲੋਟ ਵਿੱਚ ਉਸ ਦੀਆਂ ਗਤੀਵਿਧੀਆਂ ਸੀਮਤ ਸਨ।

ਪਰਿਵਾਰ ਤੇ ਵਰਕਰਾਂ ਵਿੱਚ ਚਿੰਤਾ

ਛਾਪੇਮਾਰੀ ਦੌਰਾਨ ਰਾਘਵ ਦੀ ਦਾਦੀ ਨੇ ਕੁਝ ਸਮੇਂ ਲਈ ਘਰੋਂ ਬਾਹਰ ਆ ਕੇ ਉੱਥੇ ਮੌਜੂਦ ਵਰਕਰਾਂ ਨੂੰ ਦੱਸਿਆ ਕਿ ਪਰਿਵਾਰਕ ਮੈਂਬਰ ਸੁਰੱਖਿਅਤ ਹਨ, ਪਰ ਉਹ ਕਾਫੀ ਚਿੰਤਤ ਦਿਖਾਈ ਦੇ ਰਹੇ ਸਨ। ਦੂਜੇ ਪਾਸੇ, ਇੱਕ ਭਾਜਪਾ ਆਗੂ ਨੇ ਦੱਸਿਆ ਕਿ ਰਾਘਵ ਅਤੇ ਉਸ ਦੇ ਪਿਤਾ ਵਿਕਾਸ ਦੇ ਫੋਨ ਦੀ ਪਹਿਲਾਂ ਘੰਟੀ ਜਾ ਰਹੀ ਸਨ, ਪਰ ਬਾਅਦ ਵਿੱਚ ਬੰਦ ਹੋ ਗਏ। ਇਸ ਮਾਮਲੇ ਨੇ ਸੂਬੇ ਦੇ ਸਿਆਸੀ ਹਲਕਿਆਂ ਵਿੱਚ ਵੱਡੀ ਚਰਚਾ ਛੇੜ ਦਿੱਤੀ ਹੈ।

Share: