ਬਠਿੰਡਾ: ਬਠਿੰਡਾ ਦੇ ਪਿੰਡ ਗੰਗਾ ਅਬਲੂ ਵਿੱਚ ਬੀਤੀ ਰਾਤ ਤੂੜੀ ਅਤੇ ਪਰਾਲੀ ਦੇ ਵੱਡੇ ਡੰਪ ਨੂੰ ਅੱਗ ਲੱਗਣ ਕਾਰਨ ਕਿਸਾਨ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ। ਜਾਣਕਾਰੀ ਅਨੁਸਾਰ ਇਹ ਘਟਨਾ ਰਾਤ ਕਰੀਬ ਇੱਕ ਵਜੇ ਉਸ ਸਮੇਂ ਵਾਪਰੀ, ਜਦੋਂ ਇਲਾਕੇ ਵਿੱਚ ਹਨੇਰੀ ਚੱਲ ਰਹੀ ਸੀ। ਪਿੰਡ ਦੇ ਜਲ ਘਰ ਕੋਲ ਖੁੱਲ੍ਹੇ ਅਸਮਾਨ ਹੇਠਾਂ ਇਕੱਠੀ ਕਰਕੇ ਰੱਖੀ ਤੂੜੀ ਅਤੇ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰ ਲਿਆ। ਘਟਨਾ ਸਥਾਨ ਦੇ ਨੇੜੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਨੇ ਅੱਗ ਲੱਗਦੀ ਦੇਖ ਤੁਰੰਤ ਰੌਲਾ ਪਾਇਆ, ਜਿਸ ਤੋਂ ਬਾਅਦ ਪਿੰਡ ਵਾਸੀ ਮੌਕੇ ’ਤੇ ਪਹੁੰਚ ਗਏ ਅਤੇ ਅੱਗ ’ਤੇ ਕਾਬੂ ਪਾਉਣ ਲਈ ਯਤਨ ਸ਼ੁਰੂ ਕਰ ਦਿੱਤੇ। ਪਿੰਡ ਵਾਸੀਆਂ ਨੇ ਦੱਸਿਆ ਕਿ ਜੇਕਰ ਹਵਾ ਦਾ ਰੁੱਖ ਪਿੰਡ ਵੱਲ ਹੁੰਦਾ ਤਾਂ ਅੱਗ ਰਿਹਾਇਸ਼ੀ ਇਲਾਕੇ ਤੱਕ ਪਹੁੰਚ ਸਕਦੀ ਸੀ ਅਤੇ ਵੱਡਾ ਹਾਦਸਾ ਵਾਪਰ ਸਕਦਾ ਸੀ। ਪੀੜਤ ਕਿਸਾਨ ਹਰਕੀਰਤ ਸਿੰਘ ਪੁੱਤਰ ਨਿਰਮਲ ਸਿੰਘ ਨੇ ਦੱਸਿਆ ਕਿ ਅੱਗ ਕਾਰਨ ਕਰੀਬ 125 ਟਰਾਲੀਆਂ ਦੇ ਬਰਾਬਰ ਤੂੜੀ, ਲਗਭਗ 10 ਹਜ਼ਾਰ ਕਵਿੰਟਲ ਪਰਾਲੀ ਦੀਆਂ ਗੱਠਾਂ ਅਤੇ ਇੱਕ ਟਰਾਲਾ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਮੁਤਾਬਕ ਇਸ ਅਗਨੀ ਘਟਨਾ ਨਾਲ ਕਰੀਬ 25 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।ਸੂਚਨਾ ਮਿਲਣ ’ਤੇ ਬਠਿੰਡਾ ਅਤੇ ਕੋਟਕਪੂਰਾ ਤੋਂ ਚਾਰ ਫਾਇਰ ਟੈਂਡਰ ਮੌਕੇ ’ਤੇ ਪਹੁੰਚੇ। ਖ਼ਬਰ ਲਿਖੇ ਜਾਣ ਤੱਕ ਅੱਗ ਬੁਝਾਊ ਦਸਤੇ ਅੱਗ ’ਤੇ ਕਾਬੂ ਪਾਉਣ ਲਈ ਜੁਟੇ ਹੋਏ ਸਨ। ਇਸ ਦੌਰਾਨ ਨੇਹੀਆਂ ਵਾਲਾ ਪੁਲੀਸ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।
Posted inBathinda
ਪਿੰਡ ਗੰਗਾ ਅਬਲੂ ਵਿੱਚ ਤੂੜੀ-ਪਰਾਲੀ ਦੇ ਡੰਪ ਨੂੰ ਅੱਗ; ਲੱਖਾਂ ਦਾ ਨੁਕਸਾਨ

