ਮਾਲੇਰਕੋਟਲਾ ਵਿੱਚ ਸਰਕਾਰ ਦੀ ਸਿੱਖਿਆ ਕ੍ਰਾਂਤੀ ਮਜ਼ਾਕ ਬਣੀ

ਮਾਲੇਰਕੋਟਲਾ ਵਿੱਚ ਸਰਕਾਰ ਦੀ ਸਿੱਖਿਆ ਕ੍ਰਾਂਤੀ ਮਜ਼ਾਕ ਬਣੀ

ਮਾਲੇਰਕੋਟਲਾ: ਮਾਲੇਰਕੋਟਲਾ ਦੇ ਸਰਕਾਰੀ ਕੰਨਿਆ ਕਾਲਜ ਦੇ ਮੌਜੂਦਾ ਹਾਲਾਤ ਨੇ ਸੂਬਾ ਸਰਕਾਰ ਵੱਲੋਂ ਜ਼ੋਰ-ਸ਼ੋਰ ਨਾਲ ਪ੍ਰਚਾਰੀ ਜਾ ਰਹੀ ਸਿੱਖਿਆ ਕ੍ਰਾਂਤੀ ਅਤੇ ਉੱਚ ਸਿੱਖਿਆ ਸਬੰਧੀ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਛੇ ਸਾਲ ਪਹਿਲਾਂ ਸਾਲ 2019 ਵਿੱਚ ਤਤਕਾਲੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਯਤਨਾਂ ਸਦਕਾ ਸਥਾਪਿਤ ਕੀਤੇ ਗਏ ਇਸ ਕੰਨਿਆ ਕਾਲਜ ਵਿੱਚ ਪੜ੍ਹ ਰਹੀਆਂ 325 ਵਿਦਿਆਰਥਣਾਂ ਦਾ ਭਵਿੱਖ ਇਸ ਵੇਲੇ ਪੂਰੀ ਤਰ੍ਹਾਂ ਦਾਅ ’ਤੇ ਲੱਗਿਆ ਹੋਇਆ ਹੈ। ਆਰਟਸ ਅਤੇ ਕਾਮਰਸ ਵਿਸ਼ਿਆਂ ਦੀ ਪੜ੍ਹਾਈ ਲਈ ਦਾਖਲ ਹੋਈਆਂ ਵਿਦਿਆਰਥਣਾਂ ਨੂੰ ਪੜ੍ਹਾਉਣ ਲਈ ਇਸ ਵੇਲੇ ਇੱਕ ਵੀ ਅਧਿਆਪਕ ਮੌਜੂਦ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਲਜ ਵਿੱਚ ਅਧਿਆਪਕਾਂ ਦੀਆਂ ਕੁੱਲ 30 ਮਨਜ਼ੂਰਸ਼ੁਦਾ ਅਸਾਮੀਆਂ ਹਨ ਪਰ ਹੈਰਾਨੀ ਦੀ ਗੱਲ ਇਹ ਕਿ ਇੱਥੇ ਨਾ ਤਾਂ ਕੋਈ ਰੈਗੂਲਰ ਅਧਿਆਪਕ ਹੈ ਅਤੇ ਨਾ ਹੀ ਕੋਈ ਗੈਸਟ ਫੈਕਲਟੀ ਤਾਇਨਾਤ ਹੈ। ਕਾਲਜ ਵਿੱਚ ਤਾਇਨਾਤ ਕੇਵਲ ਇੱਕ ਅਸਿਸਟੈਂਟ ਪ੍ਰੋਫੈਸਰ (ਇਤਿਹਾਸ) ਦਾ ਵੀ ਬੀਤੇ ਦਿਨੀਂ ਲੁਧਿਆਣਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਇੱਕੋ-ਇੱਕ ਸਹਾਇਕ ਪ੍ਰੋਫੈਸਰ ਦੇ ਤਬਾਦਲੇ ਤੋਂ ਬਾਅਦ ਹੁਣ ਕਾਲਜ ਅਧਿਆਪਕਾਂ ਪੱਖੋਂ ਪੂਰੀ ਤਰ੍ਹਾਂ ਸੱਖਣਾ ਹੋ ਗਿਆ ਹੈ। ਗ਼ੈਰ-ਅਧਿਆਪਨ ਅਮਲੇ ਦੀਆਂ ਤਿੰਨ ਮਨਜ਼ੂਰਸ਼ੁਦਾ ਪੋਸਟਾਂ ਵਿੱਚੋਂ ਵੀ ਸਿਰਫ਼ ਇੱਕੋ ਪੋਸਟ ਭਰੀ ਹੋਈ ਹੈ। ਇਸ ਕਾਲਜ ਵਿੱਚ ਬੀ ਏ ਅਤੇ ਬੀ ਕਾਮ ਵਰਗੇ ਅਹਿਮ ਕੋਰਸਾਂ ਦੀ ਪੜ੍ਹਾਈ ਲਈ 325 ਵਿਦਿਆਰਥਣਾਂ ਰੋਜ਼ਾਨਾ ਕਾਲਜ ਆਉਂਦੀਆਂ ਹਨ, ਪਰ ਕੋਈ ਅਧਿਆਪਕ ਨਾ ਹੋਣ ਕਾਰਨ ਉਨ੍ਹਾਂ ਨੂੰ ਪੜ੍ਹਾਉਣ ਵਾਲਾ ਕੋਈ ਨਹੀਂ ਹੈ। ਜਾਣਕਾਰੀ ਮੁਤਾਬਕ ਜਮਾਲਪੁਰਾ ਇਲਾਕੇ ਵਿਚ ਕਈ ਸਾਲ ਪਹਿਲਾਂ ਤਿਆਰ ਹੋ ਚੁੱਕੀ ਸਰਕਾਰੀ ਕੰਨਿਆ ਕਾਲਜ ਦੀ ਸ਼ਾਨਦਾਰ ਇਮਾਰਤ ਵਿਚ ਇਸ ਵੇਲੇ ਕਬੂਤਰ ਬੋਲ ਰਹੇ ਹਨ। ਲੋਕ ਨਿਰਮਾਣ ਵਿਭਾਗ ਵੱਲੋਂ ਇਮਾਰਤ ਮੁਕੰਮਲ ਨਾ ਕਰਵਾਉਣ ਕਰਕੇ ਕੰਨਿਆ ਕਾਲਜ ਸਥਾਨਕ ਦਿੱਲੀ ਗੇਟ ਦੇ ਬਾਹਰ ਬਣੀ ਪੰਜਾਬ ਉਰਦੂ ਅਕੈਡਮੀ ਦੀ ਸਿਖ਼ਰਲੀ ਮੰਜ਼ਿਲ ’ਤੇ ਚਲਾਇਆ ਜਾ ਰਿਹਾ ਹੈ।

ਅਧਿਆਪਕਾਂ ਦੀ ਤਾਇਨਾਤੀ ਲਈ ਪੱਤਰ ਲਿਖਿਆ: ਪ੍ਰਿੰਸੀਪਲ

ਕਾਲਜ ਪ੍ਰਿੰਸੀਪਲ ਡਾ. ਅਨੀਲਾ ਸੁਲਤਾਨਾ ਨੇ ਦੱਸਿਆ ਕਿ ਕਾਲਜ ਵਿਚ ਤਾਇਨਾਤ ਇੱਕੋ-ਇੱਕ ਅਧਿਆਪਕ ਕਮਲ ਕਿਸ਼ੋਰ (ਹਿਸਟਰੀ) ਬਦਲੀ ਕਰਵਾ ਗਏ ਹਨ ਜਦਕਿ ਇੱਕ ਹੋਰ ਅਧਿਆਪਕਾ ਛੁੱਟੀ ’ਤੇ ਚਲੇ ਗਏ ਹਨ। ਉਨ੍ਹਾਂ ਪੁਸ਼ਟੀ ਕੀਤੀ ਕਿ ਇਸ ਵੇਲੇ 325 ਵਿਦਿਆਰਥਣਾਂ ਨੂੰ ਪੜ੍ਹਾਉਣ ਲਈ ਕੋਈ ਅਧਿਆਪਕ ਨਹੀਂ ਹੈ। ਪਹਿਲਾਂ ਦੂਜੇ ਕਾਲਜਾਂ ਤੋਂ ਰੋਟੇਸ਼ਨ ’ਤੇ ਅਧਿਆਪਕ ਪੀਰੀਅਡ ਲਗਾਉਣ ਆਉਂਦੇ ਸਨ ਪਰ ਹੁਣ ਅਜਿਹਾ ਨਹੀਂ ਹੈ। ਇਸ ਵੇਲੇ ਕਾਲਜ ਵਿੱਚ ਪ੍ਰਿੰਸੀਪਲ ਅਤੇ ਇੱਕ ਕਲਰਕ ਤੋਂ ਇਲਾਵਾ ਨਾ ਕੋਈ ਅਧਿਆਪਕ ਹੈ ਅਤੇ ਨਾ ਹੀ ਕੋਈ ਸੇਵਾਦਾਰ ਮੌਜੂਦ ਹੈ।

ਮਾਲੇਰਕੋਟਲਾ ਦੀਆਂ ਧੀਆਂ ਨਾਲ ਕੋਝਾ ਮਝਾਕ: ਨਿਸ਼ਾਤ ਅਖ਼ਤਰ

ਜ਼ਿਲ੍ਹਾ ਕਾਂਗਰਸ ਮਾਲੇਰਕੋਟਲਾ ਦੀ ਪ੍ਰਧਾਨ ਨਿਸ਼ਾਤ ਅਖ਼ਤਰ ਨੇ ਕਾਲਜ ’ਚ ਇੱਕ ਵੀ ਅਧਿਆਪਕ ਨਾ ਹੋਣ ਨੂੰ ‘ਆਪ’ ਸਰਕਾਰ ਵੱਲੋਂ ਮਾਲੇਰਕੋਟਲਾ ਦੀਆਂ ਲੜਕੀਆਂ ਦੇ ਵਿਦਿਅਕ ਭਵਿੱਖ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਮੰਤਰੀ ਹੁੰਦਿਆਂ ਰਜ਼ੀਆ ਸੁਲਤਾਨਾ ਨੇ ਜਮਾਲਪੁਰਾ ਵਿੱਚ ਕਰੋੜਾਂ ਰੁਪਏ ਦੀ ਗਰਾਂਟ ਨਾਲ ਇਹ ਕਾਲਜ ਬਣਾਇਆ ਸੀ। ਉਨ੍ਹਾਂ ਮੰਗ ਕੀਤੀ ਕਿ ਕੰਨਿਆ ਕਾਲਜ ਵਿਚ ਅਧਿਆਪਕਾਂ ਦੀਆਂ ਪੋਸਟਾਂ ਤੁਰੰਤ ਭਰੀਆਂ ਜਾਣ।

Share: