ਇਸਲਾਮਾਬਾਦ: ਇਰਾਨ ਨੇ ਪੱਛਮੀ ਏਸ਼ੀਆ ਸੰਕਟ ਦੇ ਹੱਲ ਲਈ ਮੁੜ ਗੱਲਬਾਤ ਦੇ ਰਾਹ ਨੂੰ ਚੁਣਿਆ ਹੈ। ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਦੀ ਅਗਵਾਈ ਹੇਠ ਇਰਾਨੀ ਵਫ਼ਦ ਦੇ ਪਾਕਿਸਤਾਨ ਪੁੱਜਣ ਨਾਲ ਹੀ ਅਮਰੀਕਾ ਨਾਲ ਵਾਰਤਾ ਦਾ ਰਾਹ ਮੁੜ ਖੁੱਲ੍ਹ ਸਕਦਾ ਹੈ। ਅਰਾਗਚੀ ਵੱਲੋਂ ਪਾਕਿਸਤਾਨ, ਰੂਸ ਅਤੇ ਓਮਾਨ ਨਾਲ ਖ਼ਿੱਤੇ ਦੀਆਂ ਹਾਲੀਆ ਘਟਨਾਵਾਂ ਬਾਰੇ ਚਰਚਾ ਕੀਤੀ ਜਾ ਰਹੀ ਹੈ। ਜੇ ਸਭ ਕੁਝ ਠੀਕ ਰਿਹਾ ਤਾਂ ਅਮਰੀਕੀ ਵਫ਼ਦ ਵੀ ਸ਼ਨਿਚਰਵਾਰ ਨੂੰ ਪਾਕਿਸਤਾਨ ਪਹੁੰਚ ਸਕਦਾ ਹੈ।
ਅਰਾਗਚੀ ਨੇ ਪਾਕਿਸਤਾਨ, ਓਮਾਨ ਅਤੇ ਰੂਸ ਦੇ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ‘ਐਕਸ’ ’ਤੇ ਕਿਹਾ ਕਿ ਇਰਾਨ ਦੇ ਗੁਆਂਢੀ ਉਨ੍ਹਾਂ ਦੀ ਤਰਜੀਹ ਹਨ ਅਤੇ ਉਹ ਆਪਣੇ ਭਾਈਵਾਲਾਂ ਨਾਲ ਖੇਤਰੀ ਘਟਨਾਕ੍ਰਮਾਂ ਬਾਰੇ ਵਿਚਾਰ ਵਟਾਂਦਰਾ ਕਰਨਗੇ। ਪਾਕਿਸਤਾਨੀ ਸਰਕਾਰ ਦੇ ਦੋ ਸੂਤਰਾਂ ਨੇ ਕਿਹਾ ਕਿ ਅਰਾਗਚੀ ਦਾ ਦੌਰਾ ਸੰਖੇਪ ਹੋਵੇਗਾ ਅਤੇ ਅਮਰੀਕਾ ਨਾਲ ਪ੍ਰਸਤਾਵਿਤ ਵਾਰਤਾ ਬਾਰੇ ਇਰਾਨ ਨਾਲ ਚਰਚਾ ਹੋਵੇਗੀ ਜਿਸ ਮਗਰੋਂ ਵਾਸ਼ਿੰਗਟਨ ਨੂੰ ਸੁਨੇਹਾ ਭੇਜਿਆ ਜਾਵੇਗਾ। ਸੂਤਰਾਂ ਨੇ ਕਿਹਾ ਕਿ ਅਮਰੀਕਾ ਦੀ ਲੌਜਿਸਟਿਕਸ ਅਤੇ ਸੁਰੱਖਿਆ ਟੀਮ ਪਹਿਲਾਂ ਹੀ ਇਸਲਾਮਾਬਾਦ ’ਚ ਮੌਜੂਦ ਹੈ। ਇਸ ਤੋਂ ਪਹਿਲਾਂ ਅਰਾਗਚੀ ਨੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨਾਲ ਫੋਨ ’ਤੇ ਗੱਲਬਾਤ ਕੀਤੀ। ਦੋਵੇਂ ਧਿਰਾਂ ਨੇ ਖੇਤਰੀ ਘਟਨਾਕ੍ਰਮ, ਜੰਗਬੰਦੀ ਤੇ ਕੂਟਨੀਤਕ ਕੋਸ਼ਿਸ਼ਾਂ ਬਾਰੇ ਵਿਚਾਰ ਕੀਤਾ। ਇਰਾਨੀ ਮੀਡੀਆ ਮੁਤਾਬਕ ਅਰਾਗਚੀ ਨੇ ਪਾਕਿਸਤਾਨੀ ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨਾਲ ਵੀ ਗੱਲਬਾਤ ਕੀਤੀ ਹੈ। ਇਸਲਾਮਾਬਾਦ ’ਚ 11 ਅਤੇ 12 ਅਪਰੈਲ ਨੂੰ ਹੋਈ ਪਹਿਲੇ ਗੇੜ ਦੀ ਵਾਰਤਾ ਦਾ ਕੋਈ ਸਿੱਟਾ ਨਹੀਂ ਨਿਕਲਿਆ ਸੀ। ਉਧਰ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਦੁਹਰਾਇਆ ਕਿ ਇਰਾਨ ਵੱਲੋਂ ਹਰਮੁਜ਼ ਜਲ ਮਾਰਗ ’ਚ ਬਾਰੂਦੀ ਸੁਰੰਗਾਂ ਵਿਛਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਬਣਾ ਦਿੱਤਾ ਜਾਵੇਗਾ।

