ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਅਦਾਲਤ ’ਚ ਪੇਸ਼

ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਅਦਾਲਤ ’ਚ ਪੇਸ਼

ਡਿਬਰੂਗਡ਼੍ਹ: ਲੋਕ ਸਭਾ ਮੈਂਬਰ ਅਤੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ’ਚੋਂ ਇਲੈਕਟ੍ਰੌਨਿਕ ਯੰਤਰ ਮਿਲਣ ਦੇ ਮਾਮਲੇ ’ਚ ਅੱਜ ਡਿਬਰੂਗੜ੍ਹ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਕੌਮੀ ਸੁਰੱਖਿਆ ਐਕਟ ਦੀ ਮਿਆਦ ਪੁੱਗਣ ਤੋਂ ਬਾਅਦ ਪੰਜਾਬ ਪੁਲੀਸ ਨੇ ਉਸ ਨੂੰ ਇਕ ਦਿਨ ਪਹਿਲਾਂ ਅਜਨਾਲਾ ਥਾਣੇ ’ਤੇ ਹਮਲੇ ਦੇ ਮਾਮਲੇ ’ਚ ਹਿਰਾਸਤ ਵਿੱਚ ਲਿਆ ਸੀ। ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਥਾਣੇ ’ਚੋਂ ਵੀਡੀਓ ਕਾਨਫਰੰਸ ਰਾਹੀਂ ਫਸਟ ਕਲਾਸ ਜੁਡੀਸ਼ਲ ਮੈਜਿਸਟਰੇਟ ਚੰਦਨ ਸੈਕੀਆ ਅੱਗੇ ਪੇਸ਼ ਹੋਏ। ਉਸ ਦੇ 9 ਸਾਥੀ, ਜੋ ਪਹਿਲਾਂ ਡਿਬਰੂਗੜ੍ਹ ਜੇਲ੍ਹ ’ਚ ਹੀ ਬੰਦ ਸਨ ਪਰ ਬਾਅਦ ’ਚ ਉਨ੍ਹਾਂ ਨੂੰ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ’ਚ ਤਬਦੀਲ ਕਰ ਦਿੱਤਾ ਗਿਆ ਸੀ, ਗੋਇੰਦਵਾਲ, ਬਠਿੰਡਾ ਤੇ ਪਟਿਆਲਾ ਦੀਆਂ ਜੇਲ੍ਹਾਂ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ। ਇਹ ਮਾਮਲਾ 17 ਫਰਵਰੀ 2024 ਦਾ ਹੈ ਜਦੋਂ ਡਿਬਰੂਗੜ੍ਹ ਕੇਂਦਰੀ ਜੇਲ੍ਹ ਦੇ ਤਤਕਾਲੀ ਸੁਪਰਡੈਂਟ ਨਿਪੇਨ ਦਾਸ ਨੇ ਉੱਚ ਸੁਰੱਖਿਆ ਵਾਲੇ ਸੈੱਲ ’ਚੋਂ ਜਾਸੂਸੀ ਕੈਮਰੇ ਵਾਲਾ ਪੈੱਨ, ਸਮਾਰਟਫੋਨ, ਟੀ ਵੀ ਰਿਮੋਟ, ਪੈੱਨ ਡਰਾਈਵ, ਬਲੂਟੁੱਥ ਹੈੱਡਫੋਨ, ਸਪੀਕਰ ਅਤੇ ਸਮਾਰਟ ਵਾਚ ਬਰਾਮਦ ਕੀਤੇ ਸਨ। ਇਸ ਮਾਮਲੇ ’ਚ ਐੱਫ ਆਈ ਆਰ ਦਰਜ ਹੋਣ ਮਗਰੋਂ 8 ਮਾਰਚ ਨੂੰ ਇਸੇ ਕੇਸ ’ਚ ਨਿਪੇਨ ਦਾਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅੰਮ੍ਰਿਤਪਾਲ ਸਿੰਘ ਦੀ ਵਕੀਲ ਜਸਬੀਰ ਕੌਰ ਨੇ ਦੱਸਿਆ ਕਿ ਇਸ ਮਾਮਲੇ ’ਚ ਦੋ ਗਵਾਹਾਂ ਨੂੰ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਸ਼ਨਿੱਚਰਵਾਰ ਤੱਕ ਡਿਬਰੂਗੜ੍ਹ ਪੁਲੀਸ ਥਾਣੇ ’ਚ ਰਹੇਗਾ ਅਤੇ ਫਿਰ ਉਸ ਨੂੰ ਕੇਂਦਰੀ ਜੇਲ੍ਹ ’ਚ ਤਬਦੀਲ ਕੀਤਾ ਜਾਵੇਗਾ।

Share: