US-Iran ਵਾਰਤਾ: ਕਦੇ ਹਾਂ ਕਦੇ ਨਾਂਹ

US-Iran ਵਾਰਤਾ: ਕਦੇ ਹਾਂ ਕਦੇ ਨਾਂਹ

ਇਸਲਾਮਾਬਾਦ/ਦੁੁਬਈ/ਵਾਸ਼ਿੰਗਟਨ: ਅਮਰੀਕਾ ਤੇ ਇਰਾਨ ਵਿਚਾਲੇ ਮੰਗਲਵਾਰ ਨੂੰ ਇਸਲਾਮਾਬਾਦ ਵਿੱਚ ਹੋਣ ਵਾਲੀ ਦੂਜੇ ਗੇੜ ਦੀ ਵਾਰਤਾ ਬਾਰੇ ਸ਼ਸ਼ੋਪੰਜ ਬਰਕਰਾਰ ਹੈ। ਦੋਵਾਂ ਧਿਰਾਂ ਦੇ ਮੰਗਲਵਾਰ ਸ਼ਾਮ ਨੂੰ ਇਸਲਾਮਾਬਾਦ ਪੁੱਜਣ ਦੀ ਉਮੀਦ ਸੀ, ਪਰ ਆਖਰੀ ਖ਼ਬਰਾਂ ਤੱਕ ਦੋਵਾਂ ਵਫ਼ਦ ਦੀ ਆਮਦ ਬਾਰੇ ਸਥਿਤੀ ਅਸਪਸ਼ਟ ਸੀ। ਸੀਨੀਅਰ ਇਰਾਨੀ ਅਧਿਕਾਰੀ ਨੇ ਕਿਹਾ ਕਿ ਉਹ ਵਾਰਤਾ ’ਚ ਸ਼ਾਮਲ ਹੋਣ ਬਾਰੇ ‘ਸਕਾਰਾਤਮਕ ਢੰਗ’ ਨਾਲ ਵਿਚਾਰ ਕਰ ਰਹੇ ਹਨ, ਪਰ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਹੋਇਆ। ਅਮਰੀਕਾ ਵੱਲੋਂ ਇਰਾਨੀ ਝੰਡੇ ਵਾਲੇ ਬੇੜੇ ’ਤੇ ਹਮਲੇ ਤੇ ਇਸ ਨੂੰ ਕਬਜ਼ੇ ’ਚ ਲੈਣ ਦੀ ਕਾਰਵਾਈ ਨੇ ਅੱਗ ’ਚ ਘਿਓ ਦਾ ਕੰਮ ਕੀਤਾ ਹੈ। ਟਰੰਪ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਨੂੰ ਇਰਾਨ ਉੱਤ ਹਮਲੇ ਲਈ ਇਜ਼ਰਾਈਲ ਨੇ ਨਹੀਂ ਉਕਸਾਇਆ। ਉਧਰ, ਪਾਕਿਸਤਾਨੀ ਵਾਰਤਾਕਾਰਾਂ ਵੱਲੋਂ ਅਮਰੀਕੀ ਨਾਕਾਬੰਦੀ ਖ਼ਤਮ ਕਰਵਾਉਣ ਤੇ ਦੋਵਾਂ ਧਿਰਾਂ ਨੂੰ ਗੱਲਬਾਤ ਦੀ ਮੇਜ਼ ਉੱਤੇ ਲਿਆਉਣ ਲਈ ਪੁਰਜ਼ੋਰ ਕੋਸ਼ਿਸ਼ਾਂ ਜਾਰੀ ਹਨ।

ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਨੂੰ ਦੱਸਿਆ ਕਿ ਅਮਰੀਕਾ ਵੱਲੋਂ ਇਰਾਨੀ ਜਹਾਜ਼ਾਂ ਤੇ ਬੰਦਰਗਾਹਾਂ ਨੂੰ ਦਿੱਤੀਆਂ ਧਮਕੀਆਂ ਇਸਲਾਮਾਬਾਦ ’ਚ ਤਜਵੀਜ਼ਤ ਗੱਲਬਾਤ ਤੋਂ ਪਹਿਲਾਂ ਵਾਸ਼ਿੰਗਟਨ ਦੀ ਬੇਈਮਾਨੀ ਦਾ ‘ਸਪਸ਼ਟ ਸੰਕੇਤ’ ਸੀ। ਇਰਾਨ ਨੇ ਲੰਘੇ ਦਿਨ ਤਜਵੀਜ਼ਤ ਵਾਰਤਾ ’ਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਸੀ। ਇਰਾਨ ਨੇ ਤਿੰਨ ਕਾਰਨਾਂ- ਵਾਸ਼ਿੰਗਟਨ ਦੀਆਂ ਲੋੜੋਂ ਵੱਧ ਮੰਗਾਂ, ਰੁਖ਼ ’ਚ ਲਗਾਤਾਰ ਤਬਦੀਲੀ ਤੇ ਇਰਾਨੀ ਬੰਦਰਗਾਹਾਂ ਉੱਤੇ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ- ਦਾ ਹਵਾਲਾ ਦਿੱਤਾ ਸੀ। ਜੰਗਬੰਦੀ ਦੀ ਮਿਆਦ ਮੰਗਲਵਾਰ ਰਾਤ ਨੂੰ ਮੁੱਕਣ ਕਰਕੇ ਸਾਰੀਆਂ ਸਬੰਧਤ ਧਿਰਾਂ ’ਚ ਤਣਾਅ ਸਿਖਰ ’ਤੇ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 7 ਅਪਰੈਲ ਨੂੰ ਦੋ ਹਫ਼ਤਿਆਂ ਦੀ ਜੰਗਬੰਦੀ ਦਾ ਐਲਾਨ ਕੀਤਾ ਸੀ।

ਇਸ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਕਿ ਇਜ਼ਰਾਈਲ ਨੇ ਇਰਾਨ ’ਤੇ ਹਮਲੇ ਲਈ ਅਮਰੀਕਾ ਨੂੰ ਉਕਸਾਇਆ ਸੀ। ਉਨ੍ਹਾਂ ਕਿਹਾ ਕਿ ਇਜ਼ਰਾਈਲ ਜਾਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਦੇ ਵੀ ਉਨ੍ਹਾਂ ਨਾਲ ਇਰਾਨ ਜੰਗ ਬਾਰੇ ਗੱਲ ਨਹੀਂ ਕੀਤੀ। ਉਨ੍ਹਾਂ ਟਰੁੱਥ ਸੋਸ਼ਲ ਉੱਤੇ ਪੋਸਟ ਵਿੱਚ ਕਿਹਾ, ‘‘7 ਅਕਤੂਬਰ ਦੇ ਨਤੀਜਿਆਂ ਮਗਰੋਂ ਮੇਰੇ ਇਹ ਰਾਏ ਹੋਰ ਪੱਕੀ ਹੋ ਗਈ ਹੈ ਕਿ ਇਰਾਨ ਕੋਲ ਕਦੇ ਵੀ ਪਰਮਾਣੂ ਹਥਿਆਰ ਨਹੀਂ ਹੋ ਸਕਦਾ।’’ ਖ਼ਬਰ ਏਜੰਸੀ ਰਾਇਟਰਜ਼ ਨੇ ਦਾਅਵਾ ਕੀਤਾ ਕਿ ਉਪ ਰਾਸ਼ਟਰਪਤੀ ਜੇ ਡੀ ਵੈਂਸ ਅਜੇ ਵੀ ਅਮਰੀਕਾ ਵਿੱਚ ਹਨ ਤੇ ਉਹ ਵਾਰਤਾ ਲਈ ਪਾਕਿਸਤਾਨ ਰਵਾਨਾ ਨਹੀਂ ਹੋਏ। ਰਾਸ਼ਟਰਪਤੀ ਟਰੰਪ ਨੇ ਲੰਘੇ ਦਿਨ ਦਾਅਵਾ ਕੀਤਾ ਸੀ ਕਿ ਵੈਂਸ ਦੀ ਅਗਵਾਈ ’ਚ ਅਮਰੀਕੀ ਵਫ਼ਦ ਮੰਗਲਵਾਰ ਸ਼ਾਮ ਨੂੰ ਇਸਲਾਮਾਬਾਦ ਪਹੁੰਚ ਜਾਵੇਗਾ।

ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਇਸਮਾਈਲ ਬਾਗ਼ੇਹੀ ਨੇ ਸੋਮਵਾਰ ਨੂੰ ਤਹਿਰਾਨ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਵਾਰਤਾ ਵਿੱਚ ਸ਼ਾਮਲ ਹੋਣ ਦੀ ਕੋਈ ਯੋਜਨਾ ਨਹੀਂ ਹੈ, ਪਰ ਉਨ੍ਹਾਂ ਵਾਰਤਾ ਤੋਂ ਇਨਕਾਰ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਵਾਸ਼ਿੰਗਟਨ ਕੂਟਨੀਤਕ ਅਮਲ ਨੂੰ ਅੱਗੇ ਵਧਾਉਣ ਬਾਰੇ ‘ਸੰਜੀਦਾ ਨਹੀਂ’ ਹੈ ਅਤੇ ਤਹਿਰਾਨ ਆਪਣੀਆਂ ਮੰਗਾਂ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਸੀਨੀਅਰ ਇਰਾਨੀ ਸਰੋਤ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਤਹਿਰਾਨ ਦੀ ‘ਰੱਖਿਆ ਸਮਰੱਥਾ’, ਜਿਸ ਵਿੱਚ ਉਸ ਦਾ ਮਿਜ਼ਾਈਲ ਪ੍ਰੋਗਰਾਮ ਵੀ ਸ਼ਾਮਲ ਹੈ, ਉੱਤੇ ਕੋਈ ਗੱਲਬਾਤ ਨਹੀਂ ਹੋਵੇਗੀ। ਇਸ ਦੌਰਾਨ ਇਰਾਨ ਦੀ ਮੈਡੀਕਲ ਆਰਗੇਨਾਈਜ਼ੇਸ਼ਨ ਦੇ ਮੁਖੀ ਅੱਬਾਸ ਮਾਜਿਦੀ ਨੇ ਦਾਅਵਾ ਕੀਤਾ ਕਿ 28 ਫਰਵਰੀ ਨੂੰ ਸ਼ੁਰੂ ਹੋਈ ਜੰਗ ਵਿੱਚ ਹੁਣ ਤੱਕ 3375 ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ 383 ਬੱਚੇ ਵੀ ਸ਼ਾਮਲ ਹਨ।

ਉਧਰ, ਸ਼ਾਂਤੀ ਵਾਰਤਾ ਲਈ ਸਾਲਸ ਵਜੋਂ ਭੂਮਿਕਾ ਨਿਭਾ ਰਹੇ ਪਾਕਿਸਤਾਨ ਨੇ ਕੂਟਨੀਤਕ ਕੋੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਉਹ ਪਿਛਲੇ 24 ਘੰਟਿਆਂ ਤੋਂ ਵਾਸ਼ਿੰਗਟਨ ਤੇ ਤਹਿਰਾਨ ਦੇ ਸੰਪਰਕ ਵਿੱਚ ਹੈ। ਦੋ ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਕਿ ਇਰਾਨ ਨੇ ਇਸਲਾਮਾਬਾਦ ਆਪਣਾ ਵਫ਼ਦ ਭੇਜਣ ਦੀ ਇੱਛਾ ਜਤਾਈ ਹੈ।

ਇਸ ਦੌਰਾਨ ਅਮਰੀਕੀ ਫੌਜ ਨੇ ਇਰਾਨੀ ਝੰਡੇ ਵਾਲੇ ਮਾਲਵਾਹਕ ਬੇੜੇ ਉੱਤੇ ਹਮਲੇ ਦਾ ਦਾਅਵਾ ਕੀਤਾ ਹੈ। ਇਹ ਬੇੜਾ ਇਰਾਨ ਦੀ ਬਾਂਦਰ ਅੱਬਾਸ ਬੰਦਰਗਾਹ ਵੱਲ ਵੱਧ ਰਿਹਾ ਸੀ। ਇਰਾਨੀ ਫੌਜ ਨੇ ਅਮਰੀਕਾ ਉੱਤੇ ‘ਸਮੁੰਦਰੀ ਡਾਕੇ’ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬੇੜਾ ਚੀਨ ਤੋਂ ਆ ਰਿਹਾ ਸੀ। ਫੌਜ ਨੇ ਕਿਹਾ ਕਿ ਉਹ ਅਮਰੀਕੀ ਸੁਰੱਖਿਆ ਬਲਾਂ ਦੇ ਟਾਕਰੇ ਲਈ ਤਿਆਰ ਸਨ, ਪਰ ਬੇੜੇ ਉੱਤੇ ਅਮਲੇ ਦੇ ਪਰਿਵਾਰਕ ਮੈਂਬਰਾਂ ਦੀ ਸ਼ਮੂਲੀਅਤ ਕਰਕੇ ਮਜਬੂਰ ਸਨ।

ਇਜ਼ਰਾਈਲ ਤੇ ਲੈਬਨਾਨ ਵੀਰਵਾਰ ਨੂੰ ਮੁੜ ਗੱਲਬਾਤ ਕਰਨਗੇ

ਤਲ ਅਵੀਵ: ਇਜ਼ਰਾਈਲ ਤੇ ਲੈਬਨਾਨ ਦਰਮਿਆਨ ਇਤਿਹਾਸਕ ਕੂਟਨੀਤਕ ਗੱਲਬਾਤ ਵੀਰਵਾਰ ਤੋਂ ਵਾਸ਼ਿੰਗਟਨ ’ਚ ਮੁੜ ਸ਼ੁਰੂ ਹੋਵੇਗੀ। ਦੋਵਾਂ ਮੁਲਕਾਂ ਦੇ ਰਾਜਦੂਤ ਪਿਛਲੇ ਹਫ਼ਤੇ ਆਹਮੋ-ਸਾਹਮਣੀ ਕੂਟਨੀਤਕ ਗੱਲਬਾਤ ਲਈ ਵਾਸ਼ਿੰਗਟਨ ’ਚ ਮਿਲੇ ਸਨ। ਇਜ਼ਰਾਇਲੀ ਅਧਿਕਾਰੀ ਨੇ ਕਿਹਾ ਕਿ ਉਹੀ ਨੁਮਾਇੰਦੇ ਹੁਣ ਵੀਰਵਾਰ ਨੂੰ ਗੱਲਬਾਤ ’ਚ ਸ਼ਾਮਲ ਹੋਣਗੇ; ਹਾਲਾਂਕਿ ਅਮਰੀਕਾ ਜਾਂ ਲੈਬਨਾਨ ’ਚੋਂ ਕਿਸੇ ਨੇ ਵੀ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਲੈਬਨਾਨੀ ਦਹਿਸ਼ਤੀ ਸਮੂਹ ਹਿਜ਼ਬੁੱਲਾ ਨੇ ਗੱਲਬਾਤ ਦਾ ਵਿਰੋਧ ਕੀਤਾ ਹੈ, ਪਰ ਉਹ ਪਿਛਲੇ ਹਫ਼ਤੇ ਐਲਾਨੀ 10 ਦਿਨਾ ਜੰਗਬੰਦੀ ਦੀ ਪਾਲਣਾ ਕਰ ਰਿਹਾ ਹੈ।

Share: