ਭਾਰਤੀ ਸਿਨੇਮਾ ਦੀ ਸ਼ਾਨ ਬਣੇ ਪਾਕਿਸਤਾਨੀ ਅਦਾਕਾਰ

ਭਾਰਤੀ ਸਿਨੇਮਾ ਦੀ ਸ਼ਾਨ ਬਣੇ ਪਾਕਿਸਤਾਨੀ ਅਦਾਕਾਰ

ਇਹ ਕੋਈ ਅਤਿਕਥਨੀ ਨਹੀਂ ਹੈ ਕਿ ਭਾਰਤ ਤੇ ਪਾਕਿਤਸਾਨ ਬੇਸ਼ੱਕ ਦੋ ਅੱਡਰੇ ਮੁਲਕ ਬਣਾ ਦਿੱਤੇ ਗਏ ਹਨ। ਦੂਜੇ ਪਾਸੇ ਭਾਰਤੀ ਸਿਨੇਮਾ ਵਿੱਚ ਅੱਜ ਵੀ ਪਾਕਿਸਤਾਨੀ ਅਦਾਕਾਰਾਂ, ਗਾਇਕਾਂ ਤੇ ਸੰਗੀਤਕਾਰਾਂ ਦੀ ਆਮਦ, ਸ਼ਮੂਲੀਅਤ ਅਤੇ ਮਕਬੂਲੀਅਤ ਨੇ ਦੋਵਾਂ ਮੁਲਕਾਂ ਦੇ ਕਲਾ ਪ੍ਰੇਮੀਆਂ ਨੂੰ ਇੱਕ ਸੁੱਚੇ ਬੰਧਨ ਵਿੱਚ ਬੰਨ੍ਹ ਕੇ ਰੱਖਿਆ ਹੈ ਤੇ ਇਹ ਸਾਬਤ ਕਰ ਦਿੱਤਾ ਹੈ ਕਿ ਕਿਸੇ ਵੀ ਕਲਾ ਜਾਂ ਕਲਾਕਾਰ ਦਾ ਨਾ ਕੋਈ ਧਰਮ ਹੁੰਦਾ ਹੈ ਤੇ ਨਾ ਹੀ ਕੋਈ ਸਰਹੱਦ ਉਸ ਦੀ ਕਲਾ ਦੀ ਖ਼ੁਸ਼ਬੂ ਨੂੰ ਰੋਕ ਸਕਦੀ ਹੈ। ਕੌਮਾਂਤਰੀ ਪੱਧਰ ’ਤੇ ਗਿਣਾਤਮਕ ਅਤੇ ਗੁਣਾਤਮਕ ਪੱਖੋਂ ਬੁਲੰਦੀਆਂ ਨੂੰ ਛੂਹਣ ਵਾਲੇ ਭਾਰਤੀ ਸਿਨੇਮਾ ਵਿੱਚ ਪਾਕਿਸਤਾਨੀ ਫ਼ਨਕਾਰਾਂ ਨੇ ਵੀ ਆਪੋ-ਆਪਣੇ ਫ਼ਨ ਦਾ ਬਾਖ਼ੂਬੀ ਮੁਜ਼ਾਹਰਾ ਕੀਤਾ ਹੈ ਤੇ ਭਾਰਤੀ ਸਿਨੇਮਾ ਦੇ ਮਿਆਰ ਨੂੰ ਹੋਰ ਉੱਚਾ ਕੀਤਾ ਹੈ।

ਜਿੱਥੇ ਭਾਰਤੀ ਫਿਲਮ ਸੰਗੀਤ ਵਿੱਚ ਨੁਸਰਤ ਫ਼ਤਿਹ ਅਲੀ ਖਾਨ, ਰਾਹਤ ਫ਼ਤਿਹ ਅਲੀ ਖਾਨ, ਅਦਨਾਨ ਸਾਮੀ, ਆਤਿਫ਼ ਅਸਲਮ ਆਦਿ ਸਮੇਤ ਕਈ ਹੋਰ ਸੰਗੀਤਕ ਮਾਹਿਰਾਂ ਨੇ ਸੁਰੀਲੇ ਗੀਤਾਂ ਦੀ ਛਹਿਬਰ ਲਾਈ ਹੈ, ਉੱਥੇ ਹੀ ਜ਼ੇਬਾ ਬਖ਼ਤਿਆਰ, ਫਵਾਦ ਖਾਨ, ਮੋਹਸਿਨ ਖਾਨ, ਜਾਵੇਦ ਸ਼ੇਖ਼, ਸੋਮੀ ਅਲੀ, ਰੀਨਾ ਰਾਏ, ਮੀਰਾ, ਮਾਹਿਰਾ ਖਾਨ, ਵੀਨਾ ਮਲਿਕ, ਇਮਰਾਨ ਅੱਬਾਸ, ਅਲੀ ਜ਼ਫ਼ਰ, ਸਜਲ ਅਲੀ, ਸਬਾ ਕਮਰ, ਨਾਸਿਰ ਚਿਨਓਟੀ, ਅਕਰਮ ਉਦਾਸ, ਇਫ਼ਤਖ਼ਾਰ ਠਾਕੁਰ, ਜ਼ਾਫ਼ਰੀ ਖ਼ਾਨ, ਸੁਹੇਲ ਅਹਿਮਦ, ਮਹਿਨੂਰ ਬਲੋਚ ਅਤੇ ਜ਼ਾਰਾ ਸ਼ੇਖ਼ ਸਣੇ ਅਨੇਕਾਂ ਹੋਰ ਅਦਾਕਾਰਾਂ ਨੇ ਆਪਣੀ ਬਾਕਮਾਲ ਅਦਾਕਾਰੀ ਸਦਕਾ ਭਾਰਤੀ ਸਿਨੇ ਪ੍ਰੇਮੀਆਂ ਦੇ ਦਿਲ ਜਿੱਤੇ ਹਨ।

ਜ਼ੇਬਾ ਬਖ਼ਤਿਆਰ : ਬੌਲੀਵੁੱਡ ਦਾ ‘ਸ਼ੋਅਮੈਨ’ ਆਖੇ ਜਾਂਦੇ ਰਾਜ ਕਪੂਰ ਨੇ ਆਪਣੀ ਆਖ਼ਰੀ ਫਿਲਮ ‘ਹਿਨਾ’ ਦੀ ਕਹਾਣੀ, ਪਟਕਥਾ, ਗੀਤ-ਸੰਗੀਤ ਆਦਿ ’ਤੇ ਬਹੁਤ ਮਿਹਨਤ ਕੀਤੀ ਸੀ। ਇਸ ਫਿਲਮ ਦੇ ਗੀਤ ਰਿਕਾਰਡ ਕਰਵਾਉਣ ਉਪਰੰਤ ਅਤੇ ਫਿਲਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਦਾ ਦੇਹਾਂਤ ਹੋ ਗਿਆ ਸੀ ਤੇ ਉਸ ਦੇ ਇਸ ਆਖ਼ਰੀ ਸੁਫ਼ਨੇ ਨੂੰ ਪੂਰਾ ਕਰਨ ਦਾ ਜ਼ਿੰਮਾ ਉਸ ਦੇ ਵੱਡੇ ਪੁੱਤਰ ਰਣਧੀਰ ਕਪੂਰ ਨੇ ਚੁੱਕਿਆ ਸੀ। ਇਸ ਫਿਲਮ ਵਿੱਚ ਰਿਸ਼ੀ ਕਪੂਰ ਨੂੰ ਬਤੌਰ ਨਾਇਕ ਲਿਆ ਗਿਆ ਸੀ ਤੇ ਉਸ ਦੀ ਨਾਇਕਾ ਵਜੋਂ ਪਾਕਿਸਤਾਨ ਦੀ ਉਸ ਵੇਲੇ ਦੀ ਉੱਘੀ ਅਦਾਕਾਰਾ ਜ਼ੇਬਾ ਬਖ਼ਤਿਆਰ ਨੂੰ ਸਾਈਨ ਕੀਤਾ ਗਿਆ ਸੀ। ਸੰਨ 1988 ਵਿੱਚ ਪਾਕਿਤਸਾਨੀ ਟੈਲੀਵਿਜ਼ਨ ’ਤੇ ਪ੍ਰਸਾਰਿਤ ਹੋਇਆ ਜ਼ੇਬਾ ਬਖ਼ਤਿਆਰ ਦਾ ਨਾਟਕ ‘ਅਨਾਰਕਲੀ’ ਬੇਹੱਦ ਮਕਬੂਲ ਹੋਇਆ ਸੀ ਤੇ ਸੰਨ 1991 ਵਿੱਚ ਉਸ ਨੂੰ ‘ਹਿਨਾ’ ਦੀ ਨਾਇਕਾ ਵਜੋਂ ਚੁਣ ਲਿਆ ਗਿਆ ਸੀ। ਜ਼ੇਬਾ ਦੀ ਜਾਨਦਾਰ ਤੇ ਸ਼ਾਨਦਾਰ ਅਦਾਕਾਰੀ ਨੇ ਫਿਲਮ ਨੂੰ ਕਾਮਯਾਬੀ ਦੀਆਂ ਬੁਲੰਦੀਆਂ ਪ੍ਰਦਾਨ ਕੀਤੀਆਂ ਸਨ ਤੇ ਇਸ ਫਿਲਮ ਤੋਂ ਬਾਅਦ ਉਸ ਨੇ ਸੰਜੇ ਦੱਤ ਨਾਲ ‘ਜੈ ਵਿਕਰਾਂਤਾ’ ਅਤੇ ਰਿਸ਼ੀ ਕਪੂਰ ਨਾਲ ‘ਮੁਹੱਬਤ ਕੀ ਆਰਜ਼ੂ’ ਆਦਿ ਫਿਲਮਾਂ ਤੋਂ ਇਲਾਵਾ ‘ਸਟੰਟਮੈਨ’ ਅਤੇ ‘ਮੁਕੱਦਮਾ’ ਆਦਿ ਜਿਹੀਆਂ ਸਫਲ ਫਿਲਮਾਂ ਵੀ ਕੀਤੀਆਂ ਸਨ।

ਜਾਵੇਦ ਸ਼ੇਖ਼ : ਪਾਕਿਸਤਾਨ ਦੇ ਮਸ਼ਹੂਰ ਅਦਾਕਾਰ ਜਾਵੇਦ ਸ਼ੇਖ਼ ਨੇ ਸੰਨ 1974 ਵਿੱਚ ਪਾਕਿਸਤਾਨੀ ਫਿਲਮ ‘ਧਮਾਕਾ’ ਨਾਲ ਆਪਣਾ ਫਿਲਮੀ ਕਰੀਅਰ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਅਨੇਕਾਂ ਸੁਪਰਹਿੱਟ ਫਿਲਮਾਂ ਦੇਣ ਉਪਰੰਤ ਜਾਵੇਦ ਨੇ ਬੌਲੀਵੁੱਡ ਵਿੱਚ ਵੀ ਆਪਣੀ ਦਮਦਾਰ ਅਦਾਕਾਰੀ ਦੇ ਜਲਵੇ ਵਿਖਾਉਣ ਦਾ ਫ਼ੈਸਲਾ ਕੀਤਾ ਤੇ 2005 ਵਿੱਚ ਬਣੀ ਥ੍ਰਿਲਰ-ਐਕਸ਼ਨ ਫਿਲਮ ‘ਦਸ’ ਵਿੱਚ ਸੰਜੇ ਦੱਤ, ਸੁਨੀਲ ਸ਼ੈਟੀ, ਪੰਕਜ ਕਪੂਰ ਅਤੇ ਸ਼ਿਲਪਾ ਸ਼ੈਟੀ ਜਿਹੇ ਵੱਡੇ ਅਦਾਕਾਰਾਂ ਨਾਲ ਪ੍ਰਮੁੱਖ ਭੂਮਿਕਾ ਅਦਾ ਕਰਕੇ ਆਪਣੀ ਧਾਕ ਬੌਲੀਵੁੱਡ ਵਿੱਚ ਵੀ ਜਮਾ ਦਿੱਤੀ ਸੀ। ਉਸੇ ਹੀ ਸਾਲ ਇੱਕ ਹੋਰ ਸਫਲ ਫਿਲਮ ‘ਸ਼ਿਕਾਰ’ ਦੇਣ ਤੋਂ ਬਾਅਦ ਜਾਵੇਦ ਨੇ ‘ਜਾਨੇਮਨ’, ‘ਅਪਨੇ’, ‘ਨਮਸਤੇ ਲੰਡਨ’, ‘ਓਮ ਸ਼ਾਂਤੀ ਓਮ’, ‘ਮਾਈ ਨੇਮ ਇਜ਼ ਐਂਥਨੀ ਗੌਂਸਾਲਵਿਸ’, ‘ਯੁਵਰਾਜ’, ‘ਰੋਡ ਟੂ ਸੰਗਮ’, ‘ਹਮ ਤੁਮ ਔਰ ਘੋਸਟ’, ‘ਕਜਰਾਰੇ’,‘ਆਨਰ ਕਿਲਿੰਗ’, ‘ਜ਼ੀਰੋ’, ‘ਤਮਾਸ਼ਾ’ ਅਤੇ ‘ਹੈਪੀ ਭਾਗ ਜਾਏਗੀ’ ਆਦਿ ਜਿਹੀਆਂ ਵੱਖ-ਵੱਖ ਵਿਸ਼ਿਆਂ ’ਤੇ ਆਧਾਰਿਤ ਦਿਲਚਸਪ ਫਿਲਮਾਂ ਬੌਲੀਵੁੱਡ ਪ੍ਰੇਮੀਆਂ ਦੀ ਝੋਲੀ ਪਾਈਆਂ ਹਨ।

ਫਵਾਦ ਖਾਨ : 43 ਸਾਲਾ ਫਵਾਦ ਖਾਨ ਇੱਕ ਅਦਾਕਾਰ ਹੋਣ ਦੇ ਨਾਲ-ਨਾਲ ਨਿਰਮਾਤਾ, ਗੀਤਕਾਰ, ਗਾਇਕ ਅਤੇ ਪਟਕਥਾ ਲੇਖਕ ਵੀ ਹੈ। ਉਸ ਦਾ ਪੂਰਾ ਨਾਂ ਫਵਾਦ ਅਫ਼ਜ਼ਲ ਖਾਨ ਹੈ। ਉਸ ਨੇ 2007 ਵਿੱਚ ਪਾਕਿਸਤਾਨ ਅੰਦਰ ਉਰਦੂ ਫਿਲਮ ‘ਖ਼ੁਦਾ ਕੇ ਲੀਏ’ ਰਾਹੀਂ ਆਪਣਾ ਫਿਲਮੀ ਸਫ਼ਰ ਸ਼ੁਰੂ ਕੀਤਾ ਸੀ ਤੇ ਠੀਕ ਸੱਤ ਸਾਲ ਬਾਅਦ ਉਸ ਨੇ 2014 ਵਿੱਚ ਬਣੀ ਹਿੰਦੀ ਫਿਲਮ ‘ਖ਼ੂਬਸੂਰਤ’ ਰਾਹੀਂ ਬੌਲੀਵੁੱਡ ਵਿੱਚ ਆਪਣੀ ਐਂਟਰੀ ਦਰਜ ਕੀਤੀ ਸੀ। ਸੋਨਮ ਕਪੂਰ ਨਾਲ ਇਹ ਕਾਮਯਾਬ ਫਿਲਮ ਦੇਣ ਤੋਂ ਬਾਅਦ ਉਸ ਨੇ 2016 ਵਿੱਚ ‘ਐ ਦਿਲ ਹੈ ਮੁਸ਼ਕਿਲ’ ਅਤੇ 2017 ਵਿੱਚ ‘ਕਪੂਰ ਐਂਡ ਸੰਨਜ਼’ ਨਾਮਕ ਫਿਲਮਾਂ ਵਿੱਚ ਵੀ ਅਦਾਕਾਰੀ ਦੇ ਜੌਹਰ ਬਾਖ਼ੂਬੀ ਵਿਖਾਏ। ਉਸ ਦੀ ਕਾਬਲੀਅਤ ਦਾ ਪਤਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਬੌਲੀਵੁੱਡ ਲਈ ਆਪਣੀ ਪਹਿਲੀ ਹੀ ਫਿਲਮ ਵਾਸਤੇ ਉਸ ਨੂੰ ਫਿਲਮਫੇਅਰ ਸਰਬੋਤਮ ਨਵਾਂ ਚਿਹਰਾ ਅਤੇ ਸਟਾਰ ਗਿਲਡ -ਸਰਬੋਤਮ ਅਦਾਕਾਰ ਐਵਾਰਡ ਹਾਸਿਲ ਹੋ ਗਿਆ ਸੀ। ਉਂਜ ਇਸ ਤੋਂ ਪਹਿਲਾਂ 2015 ਵਿੱਚ ਉਸ ਨੂੰ ਵਿਸ਼ਵ ਪ੍ਰਸਿੱਧ ‘ਵੌਗ’ ਮੈਗਜ਼ੀਨ ਵੱਲੋਂ ‘ਸਭ ਤੋਂ ਖ਼ੂਬਸੂਰਤ ਮਰਦ ਪੁਰਸਕਾਰ’ ਨਾਲ ਨਿਵਾਜਿਆ ਜਾ ਚੁੱਕਾ ਸੀ। ਫਵਾਦ ਬਾਰੇ ਸਭ ਤੋਂ ਦਿਲਚਸਪ ਤੱਥ ਇਹ ਹੈ ਕਿ ਉਸ ਨੂੰ ਹੁਣ ਤੱਕ ਵੱਖ-ਵੱਖ ਪੁਰਸਕਾਰਾਂ ਲਈ 23 ਵਾਰ ਨਾਮਜ਼ਦ ਕੀਤਾ ਜਾ ਚੁੱਕਾ ਹੈ ਜਿਸ ਵਿੱਚੋਂ 18 ਵਾਰ ਉਹ ਪੁਰਸਕਾਰ ਜਿੱਤਣ ਵਿਚ ਸਫਲ ਵੀ ਰਿਹਾ ਹੈ।

ਮਾਹਿਰਾ ਖਾਨ : ਬੌਲੀਵੁੱਡ ਦੇ ‘ਕਿੰਗ ਖਾਨ’ ਕਹੇ ਜਾਂਦੇ ਅਦਾਕਾਰ ਸ਼ਾਹਰੁਖ਼ ਖਾਨ ਨਾਲ ਬਤੌਰ ਹੀਰੋਇਨ ਕੰਮ ਕਰਨ ਲਈ ਕਈ ਭਾਰਤੀ ਹੀਰੋਇਨਾਂ ਲਾਈਨ ਲਗਾ ਕੇ ਖੜ੍ਹੀਆਂ ਰਹਿੰਦੀਆਂ ਹਨ ਤੇ ਸ਼ਾਹਰੁਖ਼ ਨਾਲ ਕਿਸੇ ਪਕਿਸਤਾਨੀ ਅਦਾਕਾਰਾ ਦਾ ਬਤੌਰ ਹੀਰੋਇਨ ਪਹਿਲੀ ਹੀ ਫਿਲਮ ਕਰ ਲੈਣਾ ਬੜੇ ਫ਼ਖ਼ਰ ਦੀ ਗੱਲ ਹੈ। ਖ਼ੂਬਸੂਰਤ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਦੇ ਹਿੱਸੇ ਇਹ ਸ਼ਰਫ਼ ਆਇਆ ਹੈ ਕਿ ਉਸ ਨੂੰ ਬੌਲੀਵੁੱਡ ਵਿੱਚ ਆਪਣੀ ਪਹਿਲੀ ਹੀ ਫਿਲਮ ‘ਰਈਸ’ ਨਾਲ ਐਨੀ ਸ਼ਾਨਦਾਰ ਐਂਟਰੀ ਮਿਲੀ ਕਿ ਇਹ ਫਿਲਮ ਉਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੋ ਨਿੱਬੜੀ ਸੀ। 21 ਦਸੰਬਰ, 1984 ਨੂੰ ਕਰਾਚੀ ਵਿਖੇ ਜਨਮੀ ਮਾਹਿਰਾ ਖਾਨ ਪਾਕਿਸਤਾਨ ਵਿਖੇ ਸੱਤ ਵਾਰ ‘ਲਕਸ ਸਟਾਈਲ ਐਵਾਰਡ’ ਜਿੱਤ ਚੁੱਕੀ ਹੈ ਤੇ ਪਾਕਿਸਤਾਨ ਦੇ ਫਿਲਮ ਅਤੇ ਟੀ.ਵੀ. ਜਗਤ ਦੀਆਂ ਸਭ ਤੋਂ ਵੱਧ ਫੀਸ ਲੈਣ ਵਾਲੀਆਂ ਅਦਾਕਾਰਾਂ ਵਿੱਚੋਂ ਇੱਕ ਹੈ। ਉਸ ਨੂੰ ਸਾਲ 2019 ਵਿੱਚ ਯੂਨੀਸੈੱਫ ਵੱਲੋਂ ਅਫ਼ਗ਼ਾਨ ਸ਼ਰਣਾਰਥੀਆਂ ਲਈ ਨਿਯੁਕਤ ਕੀਤੀ ਗਈ ‘ਗੁੱਡਵਿਲ ਐਂਬੈਸਡਰ’ ਹੋਣ ਦਾ ਮਾਣ ਵੀ ਹੈ।

ਮੀਰਾ : 1977 ਦੀ ਪੈਦਾਇਸ਼ ਵਾਲੀ ਮੀਰਾ ਪਾਕਿਤਸਾਨ ਦੀ ਮਸ਼ਹੂਰ ਅਦਾਕਾਰਾ ਅਤੇ ਟੀ.ਵੀ. ਐਂਕਰ ਰਹੀ ਹੈ। ਉਸ ਨੇ ਬੌਲੀਵੁੱਡ ਵਿੱਚ 2005 ਵਿੱਚ ਕਦਮ ਰੱਖਿਆ ਸੀ ਤੇ ਉਸ ਸਾਲ ‘ਕਸਕ’ ਅਤੇ ‘ਨਜ਼ਰ’ ਨਾਮਕ ਦੋ ਫਿਲਮਾਂ ਵਿੱਚ ਬੇਬਾਕ ਕਿਰਦਾਰ ਅਦਾ ਕਰਕੇ ਤਹਿਲਕਾ ਮਚਾ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ‘ਪਾਂਚ ਘੰਟੇ ਪਾਂਚ ਕਰੋੜ’, ‘ਭੜਾਸ’, ‘ਡੋਂਟ ਨੋ ਯੂ-2’, ‘ਬੰਪਰ ਡਰਾਅ’ ਅਤੇ ‘ਸ਼ੈਤਾਨ’ ਆਦਿ ਹਿੰਦੀ ਫਿਲਮਾਂ ਵੀ ਕੀਤੀਆਂ ਸਨ ਤੇ ਪ੍ਰਸ਼ੰਸਕਾਂ ਦਾ ਆਪਣਾ ਇੱਕ ਵੱਖਰਾ ਵਰਗ ਖੜ੍ਹਾ ਕਰ ਲਿਆ ਸੀ।

ਅਲੀ ਜ਼ਫ਼ਰ: ਅਲੀ ਜ਼ਫ਼ਰ ਇੱਕ ਬਹੁ-ਵਿਧਾਵੀ ਫ਼ਨਕਾਰ ਹੈ। 1980 ਵਿੱਚ ਜਨਮਿਆ ਅਲੀ ਜ਼ਫ਼ਰ ਇੱਕ ਮਾਡਲ, ਗੀਤਕਾਰ, ਗਾਇਕ, ਪੇਂਟਰ, ਪਟਕਥਾ ਲੇਖਕ, ਨਿਰਮਾਤਾ ਅਤੇ ਬਹੁਤ ਹੀ ਸ਼ਾਨਦਾਰ ਅਦਾਕਾਰ ਹੈ। 2010 ਵਿੱਚ ਬੌਲੀਵੁੱਡ ਫਿਲਮ ‘ਤੇਰੇ ਬਿਨ ਲਾਦੇਨ’ ਵਿੱਚ ਜ਼ਬਰਦਸਤ ਅਦਾਕਾਰੀ ਵਿਖਾ ਕੇ ਉਸ ਨੇ ਉਸ ਸਾਲ ਦਾ ਫਿਲਮਫੇਅਰ ਸਰਬੋਤਮ ਨਵੀਨ ਪੁਰਸ਼ ਅਦਾਕਾਰ ਐਵਾਰਡ ਆਪਣੇ ਨਾਂ ਕਰ ਲਿਆ ਸੀ। ਇਸ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਾ ਵੇਖਦਿਆਂ ਉਸ ਨੇ ਹੁਣ ਤੱਕ ‘ਲਵ ਕਾ ਦਿ ਐਂਡ’, ‘ਮੇਰੇ ਬ੍ਰਦਰ ਕੀ ਦੁਲਹਨ’, ‘ਲੰਡਨ ਪੈਰਿਸ ਨਿਊਯਾਰਕ’, ‘ਚਸ਼ਮੇ ਬੱਦੂਰ’, ‘ਟੋਟਲ ਸਿਆਪਾ’, ‘ਕਿਲ ਦਿਲ’, ‘ਤੇਰੇ ਬਿਨ ਲਾਦੇਨ ਡੈੱਡ ਔਰ ਅਲਾਈਵ’ ਅਤੇ ‘ਡਿਅਰ ਜ਼ਿੰਦਗੀ’ ਆਦਿ ਜਿਹੀਆਂ ਇੱਕ ਦਰਜਨ ਤੋਂ ਵੱਧ ਹਿੰਦੀ ਫਿਲਮਾਂ ਬੌਲੀਵੱਡ ਦੀ ਝੋਲੀ ਪਾਈਆਂ ਹਨ। ਬਤੌਰ ਗਾਇਕ ਉਸ ਨੇ ‘ਲੰਡਨ ਪੈਰਿਸ ਨਿਊਯਾਰਕ’, ‘ਟੋਟਲ ਸਿਆਪਾ’ ਅਤੇ ‘ਡਿਅਰ ਜ਼ਿੰਦਗੀ’ ਫਿਲਮਾਂ ਦੇ ਟਾਈਟਲ ਗੀਤ ਵੀ ਗਾਏ ਹਨ। ਪੈਪਸੀ, ਡਾਬਰ, ਕਲੋਜ਼ ਅੱਪ, ਲਿਪਟਨ, ਨੈਸਲੇ ਆਦਿ ਸਮੇਤ ਦੋ ਦਰਜਨ ਦੇ ਕਰੀਬ ਕੌਮੀ ਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਉਤਪਾਦਾਂ ਦੇ ਇਸ਼ਤਿਹਾਰਾਂ ਵਿੱਚ ਕੰਮ ਕਰਨ ਦਾ ਸ਼ਰਫ਼ ਵੀ ਉਹ ਹਾਸਿਲ ਕਰ ਚੁੱਕਾ ਹੈ।

ਸਜਲ ਅਲੀ : ਪਾਕਿਸਤਾਨ ਦੀ ਸਰਕਾਰ ਵੱਲੋਂ ‘ਤਮਗਾ-ਏ-ਇਮਤਿਆਜ਼’ ਜਿਹੇ ਕੌਮੀ ਸਨਮਾਨ ਨਾਲ ਸਨਮਾਨਿਤ 30 ਸਾਲਾ ਸਜਲ ਅਲੀ ਬੇਹੱਦ ਖ਼ੂਬਸੂਰਤ ਅਦਾਕਾਰਾ ਹੈ ਜਿਸ ਨੇ ਆਪਣਾ ਅਦਾਕਾਰੀ ਦਾ ਕਰੀਅਰ ਪਾਕਿਸਤਾਨ ਦੇ ਮਸ਼ਹੂਰ ਚੈਨਲ ਜੀਓ ਟੀ.ਵੀ. ਦੇ ਲੜੀਵਾਰ ‘ਨਾਦਾਨੀਆਂ’ ਰਾਹੀਂ 2009 ਵਿੱਚ ਸ਼ੁਰੂ ਕੀਤਾ ਸੀ। ਉਸ ਨੂੰ ਮਾਣ ਹੈ ਕਿ ਬੌਲੀਵੁੱਡ ਵਿੱਚ ਉਸ ਨੂੰ 2017 ਵਿੱਚ ਭਾਰਤ ਦੀ ਨਾਮਵਰ ਅਭਿਨੇਤਰੀ ਸ੍ਰੀ ਦੇਵੀ ਨਾਲ ਫਿਲਮ ‘ਮੌਮ’ ਵਿੱਚ ਮੁੱਖ ਭੂਮਿਕਾ ਅਦਾ ਕਰਨ ਦਾ ਮੌਕਾ ਹਾਸਿਲ ਹੋਇਆ। ਇਸ ਤੋਂ ਬਾਅਦ ਉਸ ਨੇ ‘ਜ਼ੀ-5’ ਲਈ ‘ਧੂਪ ਕੀ ਦੀਵਾਰ’ ਅਤੇ ‘ਦਿ ਪਿੰਕ ਸ਼ਰਟ’ ਨਾਮਕ ਵੈੱਬ ਸੀਰੀਜ਼ ਵੀ ਕੀਤੀਆਂ ਹਨ। ਪਾਕਿਸਤਾਨੀ ਫਿਲਮਾਂ ਦੀ ਸਭ ਤੋਂ ਵੱਧ ਪੈਸੇ ਲੈਣ ਵਾਲੀ ਹੀਰੋਇਨ ਹੋਣ ਦੇ ਨਾਲ-ਨਾਲ ਉਹ ਸੋਸ਼ਲ ਮੀਡੀਆ ’ਤੇ ਇਸ ਕਦਰ ਮਸ਼ਹੂਰ ਹੈ ਕਿ ਇੰਸਟਾਗ੍ਰਾਮ ’ਤੇ ਉਸ ਦੇ ਇੱਕ ਕਰੋੜ ਤੋਂ ਵੀ ਵੱਧ ਪ੍ਰਸ਼ੰਸਕ ਹਨ।

ਸਬਾ ਕਮਰ : 5 ਅਪਰੈਲ, 1984 ਨੂੰ ਜਨਮੀ ਇਹ ਪਾਕਿਸਤਾਨੀ ਅਦਾਕਾਰਾ ਆਪਣੇ ਮੁਲਕ ਵਿੱਚ ‘ਤਮਗ਼ਾ-ਏ-ਇਮਤਿਆਜ਼’, ‘ਲਕਸ ਸਟਾਈਲ ਐਵਾਰਡ’ ਅਤੇ ‘ਪ੍ਰਾਈਡ ਆਫ਼ ਪਰਫਾਰਮੈਂਸ ਐਵਾਰਡ’ ਜਿਹੇ ਵੱਡੇ ਇਨਾਮ ਤੇ ਸਨਮਾਨ ਹਾਸਿਲ ਕਰ ਚੁੱਕੀ ਹੈ। 2015 ਵਿੱਚ ਬਹੁ-ਚਰਚਿਤ ਰਹੀ ਪਾਕਿਤਸਾਨੀ ਫਿਲਮ ‘ਮੰਟੋ’ ਰਾਹੀਂ ਅਦਾਕਾਰੀ ਸ਼ੁਰੂ ਕਰਨ ਵਾਲੀ ਸਬਾ ਕਮਰ ਨੇ 2017 ਵਿੱਚ ਬਣੀ ਹਿੰਦੀ ਫਿਲਮ ‘ਹਿੰਦੀ ਮੀਡੀਅਮ’ ਰਾਹੀਂ ਬੌਲੀਵੁੱਡ ਦੇ ਨਾਮਵਰ ਅਦਾਕਾਰ ਇਰਫ਼ਾਨ ਖਾਨ ਨਾਲ ਆਪਣੇ ਫਿਲਮੀ ਕਰੀਅਰ ਦਾ ਆਗ਼ਾਜ਼ ਕੀਤਾ ਸੀ। ਇਸ ਉਪਰੰਤ ਉਸ ਨੇ ‘ਮਿਸਿਜ਼ ਐਂਡ ਮਿਸਟਰ ਸ਼ਮੀਮ’ ਨਾਮਕ ਵੈੱਬ ਸੀਰੀਜ਼ ਵੀ ਕੀਤੀ ਹੈ ਤੇ ਇਸ ਬੇਹੱਦ ਪ੍ਰਤਿਭਾਸ਼ਾਲੀ ਫ਼ਨਕਾਰਾ ਬਾਰੇ ਹੈਰਾਨੀਜਨਕ ਤੱਥ ਇਹ ਹੈ ਕਿ ਹੁਣ ਤੱਕ ਇਸ ਨੂੰ 59 ਵਾਰ ਵੱਖ-ਵੱਖ ਕਲਾ-ਪੁਰਸਕਾਰਾਂ ਲਈ ਨਾਮਜ਼ਦ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿੱਚੋਂ 21 ਵਾਰ ਉਹ ਸਬੰਧਿਤ ਕਲਾ ਪੁਰਸਕਾਰ ਜਿੱਤਣ ਵਿੱਚ ਸਫਲ ਵੀ ਰਹੀ ਹੈ।

ਸੋਮੀ ਅਲੀ : ਕੋਈ ਜ਼ਮਾਨਾ ਸੀ ਜਦੋਂ ਅਦਾਕਾਰ ਸਲਮਾਨ ਖਾਨ ਅਤੇ ਪਾਕਿਸਤਾਨੀ ਅਦਾਕਾਰਾ ਸੋਮੀ ਅਲੀ ਦਰਮਿਆਨ ਮੁਹੱਬਤ ਦੇ ਕਿੱਸੇ ਪੂਰੇ ਬੌਲੀਵੁੱਡ ਵਿੱਚ ਚਰਚਾ ਵਿੱਚ ਸਨ। ਇਸ ਜੋੜੀ ਦੇ ਪ੍ਰੇਮ ਸਬੰਧ 1993 ਤੋਂ 1999 ਤੱਕ ਰਹੇ ਸਨ ਤੇ ਵਿਆਹ ਕਰਵਾ ਲੈਣ ਦੀਆਂ ਅਫ਼ਵਾਹਾਂ ਵੀ ਉੱਡੀਆਂ ਸਨ, ਪਰ ਹਕੀਕਤ ਇਹ ਹੈ ਕਿ ਅੱਜ ਤੱਕ ਨਾ ਤਾਂ ਸਲਮਾਨ ਖਾਨ ਨੇ ਸ਼ਾਦੀ ਕਰਵਾਈ ਹੈ ਤੇ ਨਾ ਹੀ ਸੋਮੀ ਅਲੀ ਨੇ। 1976 ਵਿੱਚ ਪਾਕਿਸਤਾਨ ਵਿਖੇ ਜਨਮੀ ਸੋਮੀ ਅਲੀ ਨੇ 1993 ਵਿੱਚ ਬੌਲੀਵੁੱਡ ਦੀ ਫਿਲਮ ‘ਕ੍ਰਿਸ਼ਨ ਅਵਤਾਰ’ ਕਰਨ ਤੋਂ ਬਾਅਦ ਅਗਲੇ ਛੇ ਸਾਲ ਵਿੱਚ ‘ਅੰਤ’, ‘ਯਾਰ ਗੱਦਾਰ’, ‘ਤੀਸਰਾ ਕੌਣ’, ‘ਆਓ ਪਿਆਰ ਕਰੇਂ’, ‘ਅੰਦੋਲਨ’, ‘ਮਾਫ਼ੀਆ’ ਅਤੇ ‘ਚੁੱਪ’ ਆਦਿ ਫਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਦੇ ਜਲਵੇ ਵਿਖਾਏ ਸਨ। ਅਮਰੀਕਾ ਦੀ ਫਿਲਮ ਅਕੈਡਮੀ ਤੋਂ ਅਦਾਕਾਰੀ ਦੀ ਸਿਖਲਾਈ ਪ੍ਰਾਪਤ ਸੋਮੀ ਅਲੀ ਵਾਪਸ ਅਮਰੀਕਾ ਹੀ ਚਲੀ ਗਈ ਸੀ ਤੇ ਹੁਣ ਵੀ ਉੱਥੇ ਹੀ ਰਹਿ ਰਹੀ ਇਹ ਫ਼ਨਕਾਰਾ ਅੱਜਕੱਲ੍ਹ ‘ਨੋ ਮੋਰ ਟੀਅਰਜ਼’ ਨਾਮਕ ਇੱਕ ਸਮਾਜ ਸੇਵੀ ਸੰਗਠਨ ਚਲਾ ਰਹੀ ਹੈ।

ਵੀਨਾ ਮਲਿਕ : ਵੀਨਾ ਮਲਿਕ ਦੇ ਨਾਂ ਨਾਲ ਸੰਸਾਰ ਭਰ ਵਿੱਚ ਜਾਣੀ ਜਾਂਦੀ ਅਦਾਕਾਰਾ ਦਾ ਅਸਲ ਨਾਂ ਜ਼ਾਹਿਦਾ ਮਲਿਕ ਹੈ ਤੇ ਇਸ ਨੇ 2000 ਵਿੱਚ ਪਾਕਿਸਤਾਨੀ ਫਿਲਮ ‘ਤੇਰੇ ਪਿਆਰ ਮੇਂ’ ਰਾਹੀਂ ਅਦਾਕਾਰੀ ਸ਼ੁਰੂ ਕੀਤੀ ਸੀ। ਉਂਜ ਇਸ ਤੋਂ ਪਹਿਲਾਂ ਇਹ ਟੀ.ਵੀ. ’ਤੇ ਬਤੌਰ ਮੇਜ਼ਬਾਨ ਸ਼ੋਅ ਹੋਸਟ ਕਰਿਆ ਕਰਦੀ ਸੀ। ਪਾਕਿਤਸਾਨੀ ਟੀ.ਵੀ. ’ਤੇ ਉਸ ਦੇ ਦੋ ਵੱਡੇ ਸ਼ੋਅ ‘ਪ੍ਰਾਈਮ ਗਪਸ਼ੱਪ’ ਅਤੇ ‘ਹਮ ਸਬ ਉਮੀਦ ਸੇ ਹੈਂ’ ਬੇਹੱਦ ਮਕਬੂਲ ਰਹੇ ਸਨ। ਵੀਨਾ ਮਲਿਕ ਨੇ 2003 ਵਿੱਚ ਬਣੀ ਪੰਜਾਬੀ ਫਿਲਮ ‘ਪਿੰਡ ਦੀ ਕੁੜੀ’ ਨਾਲ ਭਾਰਤੀ ਸਿਨੇਮਾ ਜਗਤ ਵਿੱਚ ਪ੍ਰਵੇਸ਼ ਕੀਤਾ ਸੀ। ਬੌਲੀਵੁੱਡ ਵਿੱਚ ਇਸ ਦੀ ਐਂਟਰੀ 2012 ਵਿੱਚ ਬਤੌਰ ਆਈਟਮ ਗਰਲ ਹੋਈ ਸੀ ਜਦੋਂ ਇਸ ਨੇ ਫਿਲਮ ‘ਗਲੀ ਗਲੀ ਮੇਂ ਚੋਰ ਹੈ’ ਅਤੇ ‘ਤੇਰੇ ਨਾਲ ਲਵ ਹੋ ਗਿਆ’ ਲਈ ਕ੍ਰਮਵਾਰ ‘ਚੰਨੋ’ ਅਤੇ ‘ਫੈਨ ਹੋ ਗਈ’ ਆਈਟਮ ਗੀਤਾਂ ’ਤੇ ਅਭਿਨੈ ਕੀਤਾ ਸੀ। ਬਤੌਰ ਹੀਰੋਇਨ ਇਸ ਨੇ ਪਹਿਲੀ ਫਿਲਮ 2013 ਵਿੱਚ ‘ਜ਼ਿੰਦਗੀ 50-50’ ਕੀਤੀ ਸੀ ਜੋ ਕਿ ਇੱਕ ਸਮਾਜਿਕ ਵਿਸ਼ੇ ’ਤੇ ਆਧਾਰਿਤ ਭਾਵਪੂਰਤ ਫਿਲਮ ਸੀ। ਇਸ ਤੋਂ ਵੀਨਾ ਮਲਿਕ ਨੇ ‘ਜੱਟਸ ਇਨ ਗੋਲਮਾਲ’ ਅਤੇ ‘ਮੁੰਬਈ 125 ਕਿਲੋਮੀਟਰ’ ਨਾਮਕ ਹਿੰਦੀ ਫਿਲਮਾਂ ਤੋਂ ਇਲਾਵਾ ‘ਡਰਟੀ ਪਿਕਚਰ: ਸਿਲਕ ਸਕੱਥ’ ਨਾਮਕ ਕੰਨ੍ਹੜ ਭਾਸ਼ਾਈ ਫਿਲਮ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਸੀ। ਭਾਰਤੀ ਗਾਇਕ ਸੁਖਦੀਪ ਗਰੇਵਾਲ ਦੇ ਗੀਤ ‘ਏ.ਸੀ. ਚਲਾ ਗਰਮੀ ਬੜੀ ਹੈ’ ਲਈ ਵੀ ਵੀਨਾ ਨੇ ਆਪਣੇ ਹੁਸਨ ਦੇ ਜਲਵੇ ਬਿਖੇਰੇ ਸਨ। 2013 ਵਿੱਚ ਅਸਦ ਬਸ਼ੀਰ ਖਾਨ ਨਾਲ ਵਿਆਹ ਕਰਵਾਉਣ ਉਪਰੰਤ ਦੋ ਬੱਚਿਆਂ ਦੀ ਮਾਂ ਬਣ ਗਈ ਵੀਨਾ ਨੇ 2018 ਵਿੱਚ ਆਪਣੇ ਪਤੀ ਤੋਂ ਤਲਾਕ ਲੈ ਲਿਆ ਸੀ ਤੇ ਹੁਣ ਇਕੱਲੀ ਰਹਿੰਦੀ ਹੈ।

ਇਮਰਾਨ ਅੱਬਾਸ : ਸਈਦ ਇਮਰਾਨ ਅੱਬਾਸ ਨਕਵੀ ਉਰਫ਼ ਇਮਰਾਨ ਅੱਬਾਸ ਦੀ ਪੈਦਾਇਸ਼ ਇਸਲਾਮਾਬਾਦ, ਪਾਕਿਸਤਾਨ ਦੀ ਹੈ। ਇਮਰਾਨ ਇੱਕ ਮਾਡਲ, ਅਦਾਕਾਰ ਤੇ ਸੁਰੀਲਾ ਗਾਇਕ ਹੈ। ਉਸ ਨੇ ਪਾਕਿਸਤਾਨ ਵਿਖੇ 2003 ਵਿੱਚ ਰਿਲੀਜ਼ ਹੋਈ ਫਿਲਮ ‘ਉਮਰਾਓ ਜਾਨ ਅਦਾ’ ਰਾਹੀਂ ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖਿਆ ਸੀ। ਬੌਲੀਵੁੱਡ ਵਿੱਚ ਉਸ ਨੂੰ ਲਿਆਉਣ ਦਾ ਸਿਹਰਾ ਨਾਮਵਰ ਫਿਲਮਸਾਜ਼ ਵਿਕਰਮ ਭੱਟ ਨੂੰ ਜਾਂਦਾ ਹੈ ਜਿਸ ਨੇ ਆਪਣੀ ਹਾਰਰ ਤੇ ਸਸਪੈਂਸ ਥ੍ਰਿਲਰ ਕਹੀ ਜਾਂਦੀ ਫਿਲਮ ‘ਕ੍ਰੀਚਰ-3 ਡੀ’ ਲਈ ਇਮਰਾਨ ਨੂੰ ਭਾਰਤੀ ਅਦਾਕਾਰਾ ਬਿਪਾਸ਼ਾ ਬਾਸੂ ਨਾਲ ਵੱਡੇ ਪਰਦੇ ’ਤੇ ਪੇਸ਼ ਕੀਤਾ ਸੀ। ਇਮਰਾਨ ਦੀ ਬਾਮਕਾਲ ਅਦਾਕਾਰੀ ਦੀ ਹਰ ਕਿਸੇ ਨੇ ਭਰਪੂਰ ਸ਼ਲਾਘਾ ਕੀਤੀ ਸੀ। ਇਮਰਾਨ ਨੂੰ ਉੱਘੇ ਫਿਲਮਸਾਜ਼ ਮੁਜ਼ੱਫ਼ਰ ਅਲੀ ਦੀ ਇਤਿਹਾਸਕ ਵਿਸ਼ੇ ’ਤੇ ਆਧਾਰਿਤ ਫਿਲਮ ‘ਜਾਂ ਨਿਸਾਰ’ ਵਿੱਚ ਕੰਮ ਕਰਨ ਦਾ ਸ਼ਰਫ਼ ਵੀ ਹਾਸਿਲ ਹੈ।

ਮਾਵਰਾ ਹੋਕੇਨ : ਕਿਸੇ ਵਿਦੇਸ਼ੀ ਨਾਂ ਦਾ ਭੁਲੇਖਾ ਪਾਉਂਦੀ ਪਾਕਿਤਸਾਨੀ ਅਦਾਕਾਰਾ ਮਾਵਰਾ ਹੋਕੇਨ ਦਾ ਜਨਮ 28 ਸਤੰਬਰ, 1992 ਨੂੰ ਕਰਾਚੀ ਵਿਖੇ ਹੋਇਆ ਸੀ। 5 ਫੁੱਟ ਅਤੇ 9 ਇੰਚ ਕੱਦ ਵਾਲੀ ਇਸ ਅਦਾਕਾਰਾ ਨੇ 2011 ਵਿੱਚ ਕੇਵਲ 19 ਵਰ੍ਹਿਆਂ ਦੀ ਉਮਰ ਵਿੱਚ ਪਾਕਿਸਤਾਨੀ ਟੀ.ਵੀ. ਲੜੀਵਾਰ ‘ਖਿਚੜੀ ਸਾਲਸਾ’ ਰਾਹੀਂ ਅਦਾਕਾਰੀ ਸ਼ੁਰੂ ਕੀਤੀ ਸੀ। ਬੌਲੀਵੁੱਡ ਵਿੱਚ 2016 ਵਿੱਚ ਬਣੀ ਫਿਲਮ ‘ਸਨਮ ਤੇਰੀ ਕਸਮ’ ਰਾਹੀਂ ਪੈਰ ਰੱਖਦਿਆਂ ਹੀ ਆਪਣੇ ਜ਼ਬਰਦਸਤ ਅਭਿਨੈ ਰਾਹੀਂ ਉਸ ਨੇ ਸਮੂਹ ਸਿਨੇ ਪ੍ਰੇਮੀਆਂ ਦੇ ਦਿਲ ਜਿੱਤ ਲਏ ਸਨ। ਉਂਜ ਪਾਕਿਸਤਾਨੀ ਫਿਲਮ ਜਗਤ ਵਿੱਚ ਉਸ ਨੇ 2018 ਵਿੱਚ ਬਣੀ ਫਿਲਮ ‘ਜਵਾਨੀ ਫਿਰ ਨਹੀਂ ਆਨੀ’ ਰਾਹੀਂ ਆਪਣੀ ਆਮਦ ਦਰਜ ਕੀਤੀ ਸੀ। ਦਿਲਚਸਪ ਗੱਲ ਹੈ ਕਿ ਭਾਰਤੀ ਫਿਲਮ ‘ਫੈਂਟਮ’ ਜੋ ਕਿ ਪਾਕਿਸਤਾਨੀ ਸਰਕਾਰ ਵੱਲੋਂ ਪਾਕਿਸਤਾਨ ਅੰਦਰ ਪਾਬੰਦੀਸ਼ੁਦਾ ਐਲਾਨ ਦਿੱਤੀ ਗਈ ਸੀ, ਦੇ ਹੱਕ ਵਿੱਚ ਇੱਕ ਟਵੀਟ ਕਰ ਦੇਣ ਕਰਕੇ ਮਵਾਰਾ ਨੂੰ ਪਾਕਿਸਤਾਨ ਅੰਦਰ ਭਾਰੀ ਵਿਰੋਧ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।

ਮੋਹਸਿਨ ਖਾਨ : ਪਾਕਿਸਤਾਨ ਦੀ ਕੌਮੀ ਕ੍ਰਿਕਟ ਟੀਮ ਦੇ ਖਿਡਾਰੀ ਤੋਂ ਅਦਾਕਾਰ ਬਣੇ ਮੋਹਸਿਨ ਖਾਨ ਨੇ ਬੌਲੀਵੁੱਡ ਦੀ ਚਰਚਿਤ ਅਭਿਨੇਤਰੀ ਰੀਨਾ ਰਾਏ ਨਾਲ ਵਿਆਹ ਕਰਵਾ ਕੇ ਭਾਰਤ ਤੇ ਪਾਕਿਸਤਾਨ ਅੰਦਰ ਭਾਰੀ ਚਰਚਾ ਖੱਟੀ ਸੀ। ਅਦਾਕਾਰੀ ਵਿੱਚ ਮੋਹਸਿਨ ਨੂੰ ਬੌਲੀਵੁੱਡ ਦੇ ਦਿੱਗਜ ਨਿਰਦੇਸ਼ਕ ਜੇ.ਪੀ.ਦੱਤਾ ਨੇ 1989 ਵਿੱਚ ਬਣੀ ਆਪਣੀ ਮਲਟੀਸਟਾਰ ਫਿਲਮ ‘ਬਟਵਾਰਾ’ ਰਾਹੀਂ ਬਰੇਕ ਦਿੱਤਾ ਸੀ, ਪਰ ਮੋਹਸਿਨ ਨੂੰ ਬੌਲੀਵੁੱਡ ਵਿੱਚ ਪਛਾਣ ਉਦੋਂ ਮਿਲੀ ਸੀ ਜਦੋਂ ਫਿਲਮਸਾਜ਼ ਮਹੇਸ਼ ਭੱਟ ਦੀ ਫਿਲਮ ‘ਸਾਥੀ’ 1991 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਅਦਾਕਾਰ ਆਦਿਤਯ ਪੰਚੋਲੀ ਅਤੇ ਮੋਹਸਿਨ ਖਾਨ ਦੀ ਜੋੜੀ ਦੇ ਲਾਮਿਸਾਲ ਅਭਿਨੈ ਨੇ ਸਮੂਹ ਦਰਸ਼ਕਾਂ ਦੇ ਦਿਲ ਜਿੱਤ ਲਏ ਸਨ। ਇਸ ਉਪਰੰਤ ਮੋਹਸਿਨ ਨੇ ਬੌਲੀਵੁੱਡ ਦੀਆਂ ‘ਮਹਾਨਤਾ’, ‘ਘੂੰਘਟ’, ‘ਬੇਟਾ’, ‘ਮੈਡਮ ਐਕਸ’, ‘ਇੰਸਪੈਕਟਰ ਵਿਜੇ’, ‘ਜੰਨਤ’, ‘ਲਾਡ ਸਾਬ੍ਹ’, ‘ਤਿਆਗੀ’, ‘ਪ੍ਰਤਿਕਾਰ’, ‘ਗੁਨਾਹਗਾਰ ਕੌਨ’ ਅਤੇ ‘ਫ਼ਤਿਹ’ ਆਦਿ ਜਿਹੀਆਂ ਸਫਲ ਫਿਲਮਾਂ ਵੀ ਕੀਤੀਆਂ ਸਨ।

ਅਨੀਤਾ ਅਯੂਬ : ਅੰਗਰੇਜ਼ੀ ਵਿਸ਼ੇ ਵਿੱਚ ਪੋਸਟਗ੍ਰੈਜੂਏਟ ਅਨੀਤਾ ਅਯੂਬ ਦਾ ਜਨਮ ਕਰਾਚੀ ਵਿਖੇ 1970 ਵਿੱਚ ਹੋਇਆ ਸੀ। ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਰੱਖਣ ਵਾਲੀ ਅਨੀਤਾ ਨੇ ਉਚੇਚੇ ਤੌਰ ’ਤੇ ਮੁੰਬਈ ਆ ਕੇ ਰੌਸ਼ਨ ਤਨੇਜਾ ਐਕਟਿੰਗ ਸਕੂਲ ਵਿੱਚ ਦਾਖਲਾ ਲਿਆ ਸੀ ਤੇ ਅਦਾਕਾਰੀ ਦੇ ਗੁਰ ਸਿੱਖੇ ਸਨ। 1993 ਵਿੱਚ ਮਹਾਨ ਅਦਾਕਾਰ ਅਤੇ ਫਿਲਮਸਾਜ਼ ਦੇਵ ਅਨੰਦ ਨੇ ਅਨੀਤਾ ਨੂੰ ਆਪਣੀ ਫਿਲਮ ‘ਪਿਆਰ ਕਾ ਤਰਾਨਾ’ ਵਿੱਚ ਬਤੌਰ ਹੀਰੋਇਨ ਲਿਆ ਸੀ ਤੇ ਉਸ ਦੀ ਅਦਾਕਾਰੀ ਤੋਂ ਇਸ ਕਦਰ ਪ੍ਰਭਾਵਿਤ ਹੋਏ ਸਨ ਕਿ ਉਨ੍ਹਾਂ ਨੇ ਆਪਣੀ ਅਗਲੀ ਫਿਲਮ ‘ਗੈਂਗਸਟਰ’ ਲਈ ਵੀ ਉਸ ਨੂੰ ਹੀ ਸਾਈਨ ਕੀਤਾ ਸੀ। ਜ਼ਿਕਰਯੋਗ ਹੈ ਕਿ ਅਨੀਤਾ ਅਯੂਬ ਇਸ ਤੋਂ ਪਹਿਲਾਂ 1989 ਵਿੱਚ ਮਨੀਲਾ ਵਿਖੇ ਕਰਵਾਏ ਗਏ ‘ਮਿਸ ਏਸ਼ੀਆ ਪੈਸੇਫਿਕ’ ਮੁਕਾਬਲੇ ਵਿੱਚ ਪਾਕਿਸਤਾਨ ਦੀ ਪ੍ਰਤੀਨਿਧਤਾ ਕਰ ਚੁੱਕੀ ਸੀ। 1995 ਵਿੱਚ ਗੁਜਰਾਤੀ ਵਪਾਰੀ ਸੌਮਿਲ ਪਟੇਲ ਨਾਲ ਵਿਆਹ ਕਰਨ ਉਪਰੰਤ ਉਹ ਫਿਲਮਾਂ ਨੂੰ ਅਲਵਿਦਾ ਆਖ ਗਈ ਸੀ ਤੇ ਇੱਕ ਪੁੱਤਰ ਨੂੰ ਜਨਮ ਦੇਣ ਪਿੱਛੋਂ ਉਸ ਦਾ ਸੌਮਿਲ ਨਾਲ ਤਲਾਕ ਹੋ ਗਿਆ ਸੀ ਤੇ ਫਿਰ ਉਹ ਨਿਊਯਾਰਕ ਚਲੀ ਗਈ ਸੀ। ਬਾਅਦ ਵਿੱਚ ਪਤਾ ਲੱਗਾ ਸੀ ਕਿ ਉਸ ਨੇ ਇੱਕ ਪਾਕਿਸਤਾਨੀ ਕਾਰੋਬਾਰੀ ਸੁਬਕ ਮਜੀਦ ਨਾਲ ਦੂਜਾ ਵਿਆਹ ਕਰਵਾ ਲਿਆ ਸੀ।

ਜ਼ਾਰਾ ਸ਼ੇਖ਼ : ਅਣਖ ਖ਼ਾਤਿਰ ਕੀਤੇ ਜਾਣ ਵਾਲੇ ਕਤਲਾਂ ਨੂੰ ਕੇਂਦਰ ਵਿੱਚ ਰੱਖ ਕੇ ਫਿਲਮਸਾਜ਼ ਅਵਤਾਰ ਭੋਗਲ ਵੱਲੋਂ ਲਿਖੀ ਤੇ ਨਿਰਦੇਸ਼ਿਤ ਕੀਤੀ ਬਹੁਚਰਚਿਤ ਫਿਲਮ ‘ਆਨਰ ਕਿਲਿੰਗ’ ਰਾਹੀਂ ਬੌਲੀਵੁੱਡ ਵਿੱਚ ਆਪਣਾ ਸਫ਼ਰ ਸ਼ੁਰੂ ਕਰਨ ਵਾਲੀ ਜ਼ਾਰਾ ਸ਼ੇਖ਼ ਨੇ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਲਗਪਗ ਦਸ ਸਾਲ ਤੱਕ ਬਤੌਰ ਮਾਡਲ, ਮਾਡਲਿੰਗ ਦੀ ਦੁਨੀਆ ਵਿੱਚ ਚੋਖਾ ਨਾਮਣਾ ਖੱਟਿਆ ਸੀ ਤੇ ਪਾਕਿਸਤਾਨ ਅੰਦਰ ਫਿਲਮ ‘ਤੇਰੇ ਪਿਆਰ ਮੇਂ’ ਰਾਹੀਂ ਆਪਣੀ ਜ਼ਬਰਦਸਤ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਸੀ।

ਹੁਮਾਯੂੰ ਸਈਦ : 27 ਜੁਲਾਈ, 1971 ਨੂੰ ਕਰਾਚੀ ਵਿਖੇ ਪੈਦਾ ਹੋਣ ਵਾਲੇ ਛੇ ਫੁੱਟ ਲੰਮੇ ਅਦਾਕਾਰ ਹੁਮਾਯੂੰ ਸਈਦ ਨੇ 1999 ਵਿੱਚ ਫਿਲਮ ‘ਇੰਤਹਾ’ ਰਾਹੀਂ ਪਾਕਿਸਤਾਨੀ ਸਿਨੇਮਾ ਵਿੱਚ ਤੇ 2009 ਵਿੱਚ ਬਣੀ ਹਿੰਦੀ ਫਿਲਮ ‘ਜਸ਼ਨ’ ਰਾਹੀਂ ਬੌਲੀਵੁੱਡ ਵਿੱਚ ਕਦਮਪੋਸ਼ੀ ਕੀਤੀ ਸੀ। ਉਸ ਦੀ ਫਿਲਮ ‘ਜਸ਼ਨ’ ਵਿੱਚ ਉਸ ਦੇ ਸਾਥੀ ਕਲਾਕਾਰਾਂ ਵਿੱਚ ਅਦਾਕਾਰ ਸ਼ੇਖ਼ਰ ਸੁਮਨ ਦੇ ਪੁੱਤਰ ਅਧਿਐਨ ਸੁਮਨ ਅਤੇ ਅਦਾਕਾਰਾ ਅੰਜਨਾ ਸੁਖਾਨੀ ਦੀਆਂ ਵੀ ਮੁੱਖ ਭੂਮਿਕਾਵਾਂ ਸਨ। ਨਿਰਮਾਤਾ ਮੁਕੇਸ਼ ਭੱਟ ਦੀ ਇਸ ਫਿਲਮ ਦਾ ਨਿਰਦੇਸ਼ਨ ਰਕਸ਼ਾ ਮਿਸਤਰੀ ਅਤੇ ਹਸਨੈਨ ਹੈਦਰਾਬਾਦ ਵਾਲਾ ਨੇ ਦਿੱਤਾ ਸੀ।

ਹੁਮੈਮਾ ਮਲਿਕ : 37 ਸਾਲਾ ਪਾਕਿਸਤਾਨੀ ਅਦਾਕਾਰਾ ਹੁਮੈਮਾ ਮਲਿਕ ਇੱਕ ਨਾਮਵਰ ਮਾਡਲ ਵੀ ਰਹਿ ਚੁੱਕੀ ਹੈ। ਉਸ ਨੇ 2011 ਵਿੱਚ ਪਾਕਿਸਤਾਨੀ ਫਿਲਮ ‘ਬੋਲ’ ਰਾਹੀਂ ਅਦਾਕਾਰੀ ਦੇ ਖੇਤਰ ਵਿੱਚ ਕਦਮ ਧਰਿਆ ਸੀ ਤੇ ਬੌਲੀਵੁੱਡ ਵਿੱਚ ਪ੍ਰਵੇਸ਼ ਦਾ ਮੌਕਾ ਉਸ ਨੂੰ 2014 ਵਿੱਚ ਬਣੀ ਫਿਲਮ ‘ਰਾਜਾ ਨਟਵਰ ਲਾਲ’ ਰਾਹੀਂ ਮਿਲਿਆ ਸੀ। ਉਂਜ ਪਾਕਿਸਤਾਨ ਵਿੱਚ ਉਸ ਦੀਆਂ ‘ਇਸ਼ਕ ਖ਼ੁਦਾ’, ‘ਅਰਥ’, ‘ਦਿ ਲੈਜੈਂਡ ਆਫ ਮੌਲਾ ਜੱਟ’ ਨਾਮਕ ਫਿਲਮਾਂ ਬੇਹੱਦ ਸਫਲ ਰਹੀਆਂ ਹਨ।

ਮਿਕਾਲ ਜ਼ੁਲਫ਼ਿਕਾਰ : 1981 ਵਿੱਚ ਲੰਡਨ ਵਿਖੇ ਜਨਮੇ ਬਰਤਾਨਵੀ-ਪਾਕਿਤਸਾਨੀ ਫ਼ਨਕਾਰ ਮਿਕਾਲ ਜ਼ੁਲਫ਼ਿਕਾਰ ਦੀ ਇਹ ਖ਼ੁਸ਼ਕਿਸਮਤੀ ਰਹੀ ਹੈ ਕਿ ਉਸ ਨੂੰ ਬੌਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਨਾਲ ਫਿਲਮ ‘ਬੇਬੀ’ ਵਿੱਚ ਕੰਮ ਕਰਨ ਦਾ ਸ਼ਰਫ਼ ਹਾਸਿਲ ਹੋਇਆ ਹੈ। ਇਹ ਐਕਸ਼ਨ ਤੇ ਰੁਮਾਂਚ ਭਰਪੂਰ ਫਿਲਮ ਬਾਕਸ-ਆਫ਼ਿਸ ’ਤੇ ਧਮਾਲਾਂ ਪਾਉਣ ਵਿੱਚ ਸਫਲ ਰਹੀ ਸੀ। ਇਸ ਫਿਲਮ ਤੋਂ ਇਲਾਵਾ ਮਿਕਾਲ ਨੇ ‘ਗਾਡਫਾਦਰ’, ‘ਸ਼ੂਟ ਆਨ ਸਾਈਟ’ ਅਤੇ ‘ਯੂ ਆਰ ਮਾਈ ਜਾਨ’ ਨਾਮਕ ਬੌਲੀਵੁੱਡ ਫਿਲਮਾਂ ਵੀ ਕੀਤੀਆਂ ਹਨ।

ਉਕਤ ਪਾਕਿਤਸਾਨੀ ਫ਼ਨਕਾਰਾਂ ਤੋਂ ਇਲਾਵਾ ਨਾਸਿਰ ਚਿਨਓਟੀ, ਅਕਰਮ ਉਦਾਸ, ਇਫ਼ਤਿਖ਼ਾਰ ਠਾਕੁਰ ਅਤੇ ਨਸੀਮ ਵਿੱਕੀ ਜਿਹੇ ਉੱਚ-ਕੋਟੀ ਦੇ ਅਦਾਕਾਰਾਂ ਨੇ ਭਾਰਤੀ ਪੰਜਾਬ ਦੀਆਂ ਕਈ ਪੰਜਾਬੀ ਫਿਲਮਾਂ ਵਿੱਚ ਆਪਣੀ ਸ਼ਾਨਦਾਰ ਤੇ ਜਾਨਦਾਰ ਅਦਾਕਾਰੀ ਵਿਖਾ ਕੇ ਉਨ੍ਹਾਂ ਫਿਲਮਾਂ ਨੂੰ ਸੁਪਰਹਿੱਟ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ‘ਚੱਲ ਮੇਰਾ ਪੁੱਤ’, ‘ਚੱਲ ਮੇਰਾ ਪੁੱਤ-2’, ‘ਪਾਣੀ ’ਚ ਮਧਾਣੀ’, ‘ਕੈਰੀ ਆਨ ਜੱਟਾ-3’, ‘ਆਜਾ ਮੈਕਸੀਕੋ ਚੱਲੀਏ’, ‘ਹਨੀਮੂਨ’, ‘ਅੰਨ੍ਹੀ ਦਿਆ ਮਜ਼ਾਕ ਏ’, ‘ਮੌਜਾਂ ਹੀ ਮੌਜਾਂ’ ਆਦਿ ਪੰਜਾਬੀ ਫਿਲਮਾਂ ਦੀ ਕਾਮਯਾਬੀ ਵਿੱਚ ਪਾਕਿਤਸਾਨੀ ਫ਼ਨਕਾਰਾਂ ਦਾ ਵੀ ਵੱਡਾ ਹੱਥ ਹੈ। ਅੱਲ੍ਹਾ ਕਰੇ ਭਾਰਤੀ ਤੇ ਪਾਕਿਸਤਾਨੀ ਫ਼ਨਕਾਰਾਂ ਦੀ ਇਸ ਸਾਂਝ ਦੀਆਂ ਗੰਢਾਂ ਹੋਰ ਪੀਡੀਆਂ ਹੋ ਜਾਣ ਤੇ ਮੁਹੱਬਤ ਅਤੇ ਦੋਸਤੀ ਦਾ ਇਹ ਬੰਧਨ ਅਟੁੱਟ ਹੋ ਜਾਵੇ।

Share: