ਭਾਈ ਰਤਨ ਸਿੰਘ ਭੰਗੂ ਨੇ ਸ੍ਰੀ ਗੁਰ ਪੰਥ ਪ੍ਰਕਾਸ਼ ਵਿੱਚ ਗੁਰੂ ਨਾਨਕ ਸਾਹਿਬ ਦੇ ਅਵਤਾਰ ਨੂੰ ਸੰਸਾਰ ਦੇ ਵੱਡੇ ਭਾਗ “ ਆਇ ਪ੍ਰਗਟਯੋ ਬਡ ਪੁਨ “ ਦੇ ਰੂਪ ਵਿੱਚ ਵੇਖਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਪਰਿਵਾਰ ਦਾ ਸਮਾਜ ਅੰਦਰ ਮਾਣ ਬਹੁਤ ਵੱਧ ਗਿਆ ਤੇ ਘਰ ਰਿੱਧੀਆਂ , ਸਿੱਧੀਆਂ , ਨੌ ਨਿੱਧਿਆਂ ਨਾਲ ਭਰਪੂਰ ਹੋ ਗਿਆ I ਭਾਈ ਜੀ ਨੇ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਅਰਥ ਨਿਹਕਲੰਕ ਕੀਤਾ ਭਾਵ ਕਿਸੇ ਵੀ ਦੋਖ ਤੋਂ ਰਹਿਤ ਕੀਤਾ I ਸੰਸਾਰ ਦਾ ਹਰ ਜੀਵ ਕਿਸੇ ਨ ਕਿਸੇ ਵਿਕਾਰ ਦੇ ਅਧੀਨ ਹੈ I ਮਨੁੱਖ ਤਾਂ ਪੰਜ ਦੋਖਾਂ ਕਾਮ , ਕ੍ਰੋਧ , ਲੋਭ , ਮੋਹ , ਹੰਕਾਰ ਦਾ ਮਾਰਿਆ ਹੋਇਆ ਹੈ I ਪਰਮਾਤਮਾ ਜਾਂ ਪਰਮਾਤਮਾ ਸਵਰੂਪ ਗੁਰੂ ਨਾਨਕ ਸਾਹਿਬ ਹੀ ਦੋਖ ਰਹਿਤ ਹਨ I ਗੁਰੂ ਨਾਨਕ ਸਾਹਿਬ ਦਾ ਪਰਿਵਾਰ ਹੀ ਨਹੀਂ ਪੂਰੇ ਸੰਸਾਰ , ਪੂਰੀ ਮਨੁੱਖਤਾ ਦਾ ਮਾਣ ਵੱਧਿਆ ਤੇ ਜੋ ਵੀ ਉਨ੍ਹਾਂ ਦੀ ਸ਼ਰਨ ਆਇਆ ਰਿੱਧੀਆਂ ਸਿੱਧੀਆਂ ਦਾ ਮਾਲਕ ਬਣ ਗਿਆ.
ਗੁਰੂ ਅਰਜਨ ਸਾਹਿਬ ਨੇ ਵਚਨ ਕੀਤੇ ਕਿ ਗੁਰੂ ਨਾਨਕ ਸਾਹਿਬ ਦੀ ਸ਼ਰਨ ‘ਚ ਆਉਣ ਵਾਲੇ ਜੀਵਨ ਮੁਕਤ ਹੋ ਗਏ ਤੇ ਸੁੱਖਾਂ ਨਾਲ ਭਰਪੂਰ ਹੋ ਗਏ I ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਗੁਰੂ ਨਾਨਕ ਸਾਹਿਬ ਨੂੰ ਸੁੱਖਾਂ ਦੇ ਦਾਤੇ ਤੇ ਸਰਵੱਤਰ ਸਹਾਈ ਦੇ ਰੂਪ ਵਿੱਚ ਵੇਖਿਆ I ਆਪ ਨੇ ਬਚਿਤ੍ਰ ਨਾਟਕ ਵਿੱਚ ਵਚਨ ਕੀਤੇ ਕਿ “ ਤਿਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਇ , ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਇ “ I ਗੁਰੂ ਅੰਗਦ ਸਾਹਿਬ ਸਾਰੀਆਂ ਸ਼ੰਕਾਵਾਂ ਤੋੜਦਿਆਂ ਕਿਹਾ “ ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ “ I ਜਿਸ ਨੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਉਸ ਨੂੰ ਕਿਸੇ ਹੋਰ ਟੇਕ ਦੀ ਲੋੜ ਹੀ ਨਹੀਂ ਰਹਿ ਜਾਂਦੀ I ਇਹ ਕੌਤਕ ਗੁਰੂ ਨਾਨਕ ਸਾਹਿਬ ਦੇ ਸੰਸਾਰਕ ਜੀਵਨ ਕਾਲ ਵਿੱਚ ਹੀ ਵਰਤਿਆ I ਗੁਰੂ ਨਾਨਕ ਸਾਹਿਬ ਦੀ ਸ਼ਰਣ ਜੋ ਵੀ ਆਇਆ , ਜਿਸ ਤੇ ਵੀ ਗੁਰੂ ਸਾਹਿਬ ਦੀ ਮਿਹਰ ਹੋਈ ਉਹ ਤਰ ਗਿਆ I ਅੱਜ ਗੁਰਸਿੱਖ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਮੰਨ ਰਿਹਾ ਹੈ ਪਰ ਫਿਰ ਵੀ ਦੁਖੀ ਹੈ ਤੇ ਡਰ ਰਿਹਾ ਹੈ I ਨਿਤ ਗੁਰਦੁਆਰੇ ਜਾਣ ਨਾਲ , ਨਿਤਨੇਮ ਕਰਨ ਨਾਲ ਵੀ ਉਸ ਨੂੰ ਸੁੱਖ ਨਹੀਂ ਪ੍ਰਾਪਤ ਹੋ ਰਹੇ I ਉਹ ਸੁਰੱਖਿਆ ਦੀ ਭਾਵਨਾ , ਅਚਿੰਤ ਦੀ ਅਵਸਥਾ ਤੋਂ ਵਾਂਝਾ ਹੈ I ਜੇ ਗੁਰਸਿੱਖ ਦੁੱਖਾਂ ਨਾਲ ਘਿਰਿਆ ਹੋਇਆ ਹੈ ਤੇ ਚਿੰਤਾ , ਭੈ ਵਿੱਚ ਜੀਵਨ ਬਤੀਤ ਕਰ ਰਿਹਾ ਹੈ ਤਾਂ ਇਹ ਪ੍ਰਮਾਣ ਹਨ ਕਿ ਉਹ ਵਾਹਿਗੁਰੂ ਦੀ ਸ਼ਰਣ ਤੋਂ ਦੂਰ ਹੈ I ਉਹ ਇਸ ਜੋਗ ਨਹੀਂ ਬਣ ਸੱਕਿਆ ਕਿ ਗੁਰੂ ਨਾਨਕ ਸਾਹਿਬ ਦੀ ਮਿਹਰ ਦਾ ਪਾਤਰ ਬਣ ਸਕੇ I
ਗੁਰੂ ਨਾਨਕ ਸਾਹਿਬ ਦੀ ਸ਼ਰਣ ਚਾਹੀਦੀ ਹੈ ਤਾਂ ਬਾਕੀ ਸਾਰੇ ਭਰੋਸੇ ਤੋੜਨੇ ਪੈਂਦੇ ਹਨ I ਭਾਈ ਮਰਦਾਨਾ ਜੀ ਨੇ ਮੰਨ ਲਇਆ ਸੀ ਕਿ ਉਨ੍ਹਾਂ ਕੋਲ ਕੋਈ ਬੁੱਧੀ ਨਹੀਂ , ਬਲ ਨਹੀ ਤੇ ਕੋਈ ਟੇਕ ਨਹੀਂ ਹੈ I ਉਨ੍ਹਾਂ ਆਪਣਾ ਜੀਵਨ ਪੂਰਨ ਤੌਰ ਤੇ ਗੁਰੂ ਨਾਨਕ ਸਾਹਿਬ ਨੂੰ ਸੌੰਪ ਦਿੱਤਾ ਸੀ I ਗੁਰੂ ਸਾਹਿਬ ਭਾਈ ਮਰਦਾਨਾ ਜੀ ਦਾ ਬਲ ਬਣੇ , ਗਿਆਨ ਬਣੇ ਤੇ ਭਰੋਸਾ ਬਣੇ I ਭਾਈ ਮਰਦਾਨਾ ਜੀ ਦੀ ਹਰ ਲੋੜ ਸਦਾ ਦੀ ਪੂਰੀ ਕੀਤੀ ਤੇ ਕਦੇ ਵੀ ਥਿੜਕਣ ਨਹੀਂ ਦਿੱਤਾ I ਆਪ ਬਾਂਹ ਫੜ ਕੇ ਰਾਹ ਤੇ ਪਾਉਂਦੇ ਤੇ ਚਲਾਉਂਦੇ ਰਹੇ I ਭਾਈ ਮਰਦਾਨਾ ਜੀ ਨੇ ਜਦੋਂ ਵੀ ਆਪਣੀਆਂ ਲੋੜਾਂ ਦੱਸੀਆਂ ਗੁਰੂ ਸਾਹਿਬ ਨੇ ਪੂਰਨ ਕੀਤੀਆਂ I ਜਦੋਂ ਵੀ ਸੰਕਟ ਆਏ ਗੁਰੂ ਸਾਹਿਬ ਰਖਿਅਕ ਬਣ ਕੇ ਖੜੇ ਹੋ ਗਏ I ਭਾਈ ਮਰਦਾਨਾ ਜੀ ਜਾਣਦੇ ਸਨ ਕਿ ਗੁਰੂ ਸਾਹਿਬ ਹੀ ਉੱਸ ਦੇ ਰਾਹ ਦਸੇਰੇ , ਪਾਲਕ ਤੇ ਤਾਰਣਹਾਰ ਹਨ I ਗੁਰੂ ਨਾਨਕ ਸਾਹਿਬ ਜਾਣਦੇ ਸਨ ਕਿ ਉਨ੍ਹਾਂ ਤੋਂ ਅਲਾਵਾ ਭਾਈ ਮਰਦਾਨਾ ਜੀ ਦੀ ਸਾਰ ਲੈਣ ਵਾਲਾ ਕੋਈ ਹੋਰ ਨਹੀਂ ਹੈ I ਗੁਰਸਿੱਖ ਜਦੋਂ ਭਾਈ ਮਰਦਾਨਾ ਜੀ ਬਣ ਕੇ ਗੁਰੂ ਨਾਨਕ ਸਾਹਿਬ ਕੋਲ ਜਾਂਦਾ ਹੈ ਤਾਂ ਗੁਰੂ ਨਾਨਕ ਸਾਹਿਬ ਲਈ ਉਹ ਭਾਈ ਮਰਦਾਨਾ ਜੀ ਬਣ ਜਾਂਦਾ ਹੈ I ਗੁਰੂ ਨਾਨਕ ਸਾਹਿਬ ਤਾਂ ਸਦਾ ਹੀ ਆਪਨੇ ਗੁਰਸਿੱਖ ਲਈ ਬੁੱਧਿ , ਬਲ ਤੇ ਤਕ ਬਣਨ ਲਈ ਤਿਆਰ ਰਹਿੰਦੇ ਹਨ ਪਰ ਗੁਰਸਿੱਖ ਹੀ ਭਾਈ ਮਰਦਾਨਾ ਜੀ ਨਹੀਂ ਬਣ ਪਾਉਂਦਾ I ਭਾਈ ਮਰਦਾਨਾ ਜੀ ਬਣਨਾ ਬਹੁਤ ਹੀ ਕਠਿਨ ਹੈ I ਭਾਈ ਗੁਰਦਾਸ ਜੀ ਨੇ ਕਿਹਾ ਕਿ “ ਗੁਰਸਿਖੀ ਬਾਰੀਕ ਹੈ ਸਿਲ ਚਟਣੁ ਫਿਕੀ , ਤ੍ਰਿਖੀ ਖੰਡੇ ਧਾਰ ਹੈ ਉਹੁ ਵਾਲਹੁ ਨਿਕੀ “ I ਦਰਅਸਲ ਮਨੁੱਖੀ ਜੀਵਨ ਹੀ ਅਲੂਣੀ ਸਿਲ ਚੱਟਨ ਜਿਹਾ ਹੈ I ਗੁਰੂ ਨਾਨਕ ਸਾਹਿਬ ਨੇ ਹਰ ਮਨੁੱਖ ਨੂੰ ਮੌਕਾ ਬਖਸ਼ਿਆ ਕਿ ਉਹ ਭਾਈ ਮਰਦਾਨਾ ਜੀ ਵਰਗਾ ਬਣ ਗੁਰੂ ਕਿਰਪਾ ਦਾ ਪਾਤਰ ਬਣ ਸਕੇ I ਕਰਤਾਰਪੁਰ ਸਾਹਿਬ ਅੰਦਰ ਆਪਨੇ ਪਵਿੱਤਰ ਬਾਣੀ ਜਪੁ ਜੀ ਸਾਹਿਬ ਦੀ ਮਰਿਆਦਾ ਕਾਇਮ ਕੀਤੀ I ਗੁਰਸਿੱਖ ਅੰਮ੍ਰਿਤ ਵੇਲੇ ਜਾਗ ਕੇ ਜਪੁ ਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ I ਇਹ ਉਨ੍ਹਾਂ ਦਾ ਨਿਤ ਦਾ ਨੇਮ ਸੀ I ਗੁਰ ਇਤਿਹਾਸ ਅਨੁਸਾਰ ਜਪੁ ਸਾਹਿਬ ਦੀ ਬਾਣੀ ਆਪਣੀ ਪਹਿਲਾਂ ਤੋਂ ਉਚਾਰੀ ਬਾਣੀ ਤੋਂ ਚੋਣਵੇ ਸ਼ਬਦ ਲੈ ਕੇ ਗੁਰੂ ਸਾਹਿਬ ਨੇ ਆਪ ਸਵਰੂਪ ਪ੍ਰਦਾਨ ਕੀਤਾ I ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਇੱਸੇ ਬਾਣੀ ਤੋਂ ਹੋਣਾ ਤੇ ਗੁਰਸਿੱਖ ਦੀ ਨਿਤਨੇਮ ਦੀਆਂ ਬਾਣੀਆਂ ‘ਚੋਂ ਪਹਿਲੀ ਬਾਣੀ ਦੇ ਰੂਪ ‘ਚ ਸ਼ਾਮਲ ਹੋਣਾ ਇਸ ਦੀ ਸ਼ਿਖਰ ਮਹੱਤਾ ਬਿਆਨ ਕਰਨ ਵਾਲਾ ਹੈ Iਜਪੁ ਸਾਹਿਬ ਦੀ ਬਾਣੀ ਨੂੰ ਮਨੁੱਖ ਦੇ ਜੀਵਨ ਸੰਕਲਪ ਦੇ ਰੂਪ ਵਿੱਚ ਵੇਖੀਆਂ ਗੁਰੂ ਨਾਨਕ ਸਾਹਿਬ ਦੀ ਸ਼ਰਣ ਪ੍ਰਾਪਤ ਕਰਨ ਦੀ ਰਾਹ ਸੌਖੀ ਹੋ ਜਾਂਦੀ ਹੈ I ਇਸ ਬਾਣੀ ਦਾ ਪਹਿਲਾ ਸੰਕਲਪ ਮਾਤਰ ਤੇ ਮਾਤਰ ਪਰਮਾਤਮਾ ਤੇ ਭਰੋਸਾ ਕਰਣਾ ਹੈ I ਬਾਣੀ ਦਾ ਆਰੰਭ ਹੀ ਉਸ ਸਮਰਥ ਸੱਤਾ ਤੋਂ ਹੁੰਦੀ ਹੈ ਜੋ ਆਦਿ ਤੋਂ ਸਚ ਹੈ , ਜੁਗਾਂ ਜੁਗਾਂ ਤੋਂ ਸਚ ਹੈ , ਵਰਤਮਾਨ ਦਾ ਸਚ ਹੈ ਤੇ ਸਦਾ ਕਾਇਮ ਰਹਿਣ ਵਾਲਾ ਸਚ ਹੈ I ਇਸ ਸਚ ਸ਼ਬਦ ਅੰਦਰ ਪਰਮਾਤਮਾ ਦੀ ਹੋਂਦ , ਸਮਰਥਾ ਤੇ ਗੁਣ ਤਿੰਨੋਂ ਹੀ ਸਮੋਏ ਹੋਏ ਹਨ I ਮਨੁੱਖ ਜਦੋਂ ਪਰਮਾਤਮਾ ਦੇ ਨਿਰਾਕਾਰ ਏਕਸ ਰੂਪ “ ੧ “ , ਉਸ ਦੀ ਸਮਰਥਾ “ ਕੀਤਾ ਪਸਾਉ ਏਕੋ ਕਵਾਉ “ ਤੇ ਉਸ ਦੇ ਗੁਣਾਂ “ ਦੇਦਾ ਦੇ ਲੈਦੇ ਥਕਿ ਪਾਹਿ “ ਦੇ ਤੱਤ ਨੂੰ ਬਿਲੋ ਕੇ ਕਢ੍ਹ ਲੈਂਦਾ ਹੈ ਤਾਂ ਹੀ ਉਸ ਦਾ ਪੂਰਨ ਭਰੋਸਾ ਪਰਮਾਤਮਾ ਤੇ ਬਣਦਾ ਹੈ I ਨਾਮ ਦਾ ਸਿਮਰਨ ਇਸੇ ਤੱਤ ਨੂੰ ਬਿਲੋਵਨਾ ਹੈ I ਜਪੁ ਜੀ ਸਾਹਿਬ ਦੀ ਬਾਣੀ ਦਾ ਨਿੱਤ ਪਾਠ ਉਸ ਤੱਤ ਦੀ ਪਛਾਣ ਕਰਣਾ ਤੇ ਉਸ ਨੂੰ ਬਿਲੋਵਨ ਦਾ ਸੰਕਲਪ ਦ੍ਰਿੜ੍ਹ ਕਰਣਾ ਹੈ I ਇਹ ਜੀਵਨ ਦਾ ਸਭ ਤੋਂ ਮਹਾਨ ਤੇ ਸਭ ਤੋਂ ਕਰੜਾ ਸੰਕਲਪ ਹੈ ਜੋ ਨਿਤ ਅਭਿਆਸ ਤੇ ਨਿਤ ਅਰਦਾਸ ਨਾਲ ਹੀ ਬਣਦਾ ਹੈ I ਇਹ ਜੀਵਨ ਦਾ ਮੁੱਖ ਸੰਕਲਪ ਹੈ ਇੱਸੇ ਲਈ ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ “ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ “ I ਦਿਨ ਆਰੰਭ ਹੁੰਦੀਆਂ ਹੀ ਆਮ ਮਨੁੱਖ ਅੰਦਰ ਧਨ , ਦੌਲਤ , ਮਾਣ , ਸੰਤਾਨ , ਕੁਲ ਦੀਆਂ ਚਿੰਤਾਵਾਂ ਜਾਗ੍ਰਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ I ਸੰਸਾਰਕ ਚਿੰਤਾਵਾਂ ਪਰਮਾਤਮਾ ਤੋਂ ਦੂਰ ਲਿਜਾਣ ਵਾਲੀਆਂ ਹਨ I ਇਨ੍ਹਾਂ ਤੋਂ ਮੁਕਤ ਹੋਣ ਲਾਈ ਗੁਰੂ ਨਾਨਕ ਸਾਹਿਬ ਦੀ ਬਾਣੀ ਹੀ ਤਾਕਤ ਬਣਦੀ ਹੈ “ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ , ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ , ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ , ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ “ I ਜਪੁ ਸਾਹਿਬ ਦੀ ਬਾਣੀ ਦੀਆਂ ਇਹ ਪੰਕਤੀਆਂ ਮਨ ਅੰਦਰ ਪਰਮਾਤਮਾ ਲਈ ਭਾਵਨਾ ਪੈਦਾ ਕਰਨ ਤੇ ਗੁਰੂ ਨਾਨਕ ਸਾਹਿਬ ਦੀ ਸ਼ਰਣ ਪ੍ਰਾਪਤ ਕਰਨ ਲਈ ਬਹੁਤ ਹੀ ਅਹਿਮ ਹਨ I ਕਿਸੇ ਨੂੰ ਦੌਲਤ ਮਿਲ ਰਹੀ ਹੋਵੇ , ਪਦਵੀ , ਮਾਣ ਮਿਲ ਰਿਹਾ ਹੋਵੇ ਉਸ ਤੋਂ ਉੱਪਰ ਉਹ ਪਰਮਾਤਮਾ ਦੀ ਭਗਤੀ ਨੂੰ ਥਾਂ ਦੇਵੇਗਾ ਜੇ ਮਨ ਅੰਦਰ “ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ “ ਦਾ ਭਾਵ ਪੱਕਾ ਹੋ ਗਿਆ ਹੈ I ਜਿਸ ਸੱਚ ਦੀ ਗੱਲ ਗੁਰੂ ਸਾਹਿਬ ਆਪਣੀ ਬਾਣੀ ਦੇ ਆਰੰਭ ਵਿੱਚ ਕਰ ਰਹੇ ਹਨ , ਇਹ ਉਸ ਦਾ ਹੀ ਅੰਗ ਹੈ I ਇਸ ਸਚ ਨੂੰ ਸਵੀਕਾਰ ਕੀਤੇ ਬਿਨਾ ਪਰਮਾਤਮਾ ਵਿੱਚ ਮਨ ਨਹੀਂ ਰਮਦਾ I ਇਸ ਨੂੰ ਧਾਰਣ ਕਰਣਾ ਹੀ ਅਲੂਣੀ ਸਿਲ ਚੱਟਣਾ ਹੈ I ਅੱਜ ਕੋਈ ਵਿਰਲਾ ਹੀ ਦੌਲਤ , ਤਾਕਤ , ਸੱਤਾ ਨੂੰ ਠੋਕਰ ਮਾਰ ਕੇ ਕਹੇਗਾ ਕਿ ਪਰਮਾਤਮਾ ਦੀ ਭਗਤੀ ਕਰਣੀ ਹੈ I ਮਨ ਕਾਮਨਾਵਾਂ ਵੱਸ ਚੁਫੇਰੇ ਨੱਸਦਾ ਭੱਜਦਾ ਰਹਿੰਦਾ ਹੈ I ਪਰਮਾਤਮਾ ਗਈ ਗੱਲ ਉੱਸ ਨੂੰ ਭਲੀ ਨਹੀਂ ਪ੍ਰਤੀਤ ਹੁੰਦੀ , ਸੰਸਾਰਕ ਰਸ ਜਿਆਦਾ ਲੁਭਾਵਨੇ ਲੱਗਦੇ ਹਨ I ਗੁਰੂ ਨਾਨਕ ਸਾਹਿਬ ਨੂੰ ਕਹਿਣਾ ਪਿਆ “ ਮੰਨੇ ਕੀ ਗਤਿ ਕਹੀ ਨ ਜਾਇ , ਜੇ ਕੋ ਕਹੈ ਪਿਛੈ ਪਛੁਤਾਇ “ I ਜਪੁ ਜੀ ਸਾਹਿਬ ਦੀ ਬਾਣੀ ਦਾ ਨਿਤ ਪਾਠ ਆਪਨੇ ਮਨ ਦੀ ਅਸਲੀਅਤ ਦੇ ਰੂਬਰੂ ਹੋਣਾ ਹੈ ਤਾਂ ਜੋ ਮਨ ਨੂੰ ਰਾਹੇ ਲਿਆਉਣ ਦੀ ਭਾਵਨਾ ਪੈਦਾ ਹੋ ਸਕੇ I ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਦੁੱਖਾਂ ਤੋਂ ਮੁਕਤੀ ਤੇ ਸੁੱਖਾਂ ਦੀ ਪ੍ਰਾਪਤੀ ਮਨ ਅੰਦਰ ਪਰਮਾਤਮਾ ਨੂੰ ਵਸਾਉਣ ਤੇ ਆਪਣਾ ਜੀਵਨ ਮਨੋਰਥ ਬਨਾਉਣ ਨਾਲ ਹੀ ਹੁੰਦੀ ਹੈ “ ਨਾ ਓਹਿ ਮਰਹਿ ਨ ਠਾਗੇ ਜਾਹਿ , ਜਿਨ ਕੈ ਰਾਮੁ ਵਸੈ ਮਨ ਮਾਹਿ “ I ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਮਨੁੱਖ ਦੀ ਸਭ ਤੋਂ ਵੱਡੀ ਅਗਿਆਨਤਾ ਜੀਵਨ ਦੇ ਮਕਸਦ ਨੂੰ ਲੈ ਕੇ ਹੈ I ਮਾਇਆ ਤੇ ਵਿਕਾਰਾਂ ਦੇ ਜਾਲ ਵਿੱਚ ਫਸੇ ਹੋਏ ਮਨੁੱਖ ਇਸ ਜਾਲ ਨੂੰ ਪਛਾਣੇ ਤੇ ਇਸ ਦੇ ਮੋਹ ਤੂੰ ਉਬਰਣ ਦੀ ਕਾਮਨਾ ਕਰੇ , ਇਹ ਸਚ ਧਾਰਣ ਕਰਨ ਦਾ ਹਿੱਸਾ ਹੈ I ਇਸ ਨਾਲ ਹੀ ਮਨੁੱਖ ਅੱਗੇ ਸਵਾਲ ਖੜਾ ਹੁੰਦਾ ਹੈ “ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ “ I ਇਹ ਪਰਮਾਤਮਾ ਦੀ ਰਾਹ ਤੇ ਚੱਲਣ ਲਈ ਮੁੱਢਲਾ ਸਵਾਲ ਹੈ ਜੋ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਤੋਂ ਕੀਤਾ ਤੇ ਇਸ ਪੰਕਤੀ ਵਿੱਚ ਹੀ ਜਵਾਬ ਵੀ ਸਮੋ ਦਿੱਤਾ ਕਿ ਮਾਇਆ ਵਿਕਾਰਾਂ ਦੀ ਕੰਧ ਤੋੜ ਕੇ ਸਚਿਆਰ ਹੋਣਾ ਹੀ ਮਨੁੱਖ ਦੇ ਜੀਵਨ ਦਾ ਮਨੋਰਥ ਤੇ ਸੰਕਲਪ ਹੈ I ਗੁਰੂ ਸਾਹਿਬ ਨੇ ਰਾਹ ਵਿਖਾਈ “ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰ , ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ “ I ਪਰਮਾਤਮਾ ਦੀ ਅਪਾਰ ਕਿਰਪਾ ਨਾਲ ਜੀਵ ਨੂੰ ਮਨੁੱਖੀ ਜਾਮਾ ਮਿਲਿਆ ਹੈ I ਇਸ ਜੀਵਨ ਲਈ ਪਰਮਾਤਮਾ ਦਾ ਵਾਰ ਵਾਰ ਸ਼ੁਕਰਾਨਾ ਕਰਣਾ ਚਾਹੀਦੇ I ਪਰਮਾਤਮਾ ਨੇ ਜਿਸ ਭਰੋਸੇ ਨਾਲ ਮਨੁੱਖੀ ਦੇਹ ਬਖਸ਼ੀ ਹੈ ਉਸ ਭਰੋਸੇ ਤੇ ਪੂਰਾ ਉਤਰਨ ਲਈ ਹਰ ਉੱਦਮ ਕਰਣਾ ਚਾਹੀਦੇ ਜੋ ਪਰਮਾਤਮਾ ਨੂੰ ਪਰਵਾਨ ਹੋਵੇ I ਸ਼ੁਭ ਕਰਮ ਕਰਦਿਆਂ ਹੀ ਪਰਮਾਤਮਾ ਦੀ ਮਿਹਰ ਹੁੰਦੀ ਹੈ ਤੇ ਆਵਾਗਮਨ ਦੇ ਫੇਰ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ I ਅੰਮ੍ਰਿਤ ਵੇਲੇ ਜਾਗ ਕੇ ਸਿਮਰਨ ਕਰਣਾ , ਨਿਤਨੇਮ ਕਰਨਾ , ਸਾਰਾ ਦਿਨ ਸ਼ੁਭ ਕਰਮ ਕਰਦਿਆਂ ਬਤੀਤ ਕਰਨਾ , ਪਰਮਾਤਮਾ ਅੱਗੇ ਮਿਹਰ ਲਈ ਬੇਨਤੀ ਹੈ I ਇਹੋ ਸੱਚੀ ਸੇਵਾ ਹੈ ਜੋ ਜੀਵਨ ਗੁਣਵਾਨ ਬਣਾਉਂਦੀ ਹੈ “ ਜਿਨਿ ਸੇਵਿਆ ਤਿਨਿ ਪਾਇਆ ਮਾਨੁ “ I ਗੁਰੂ ਨਾਨਕ ਸਾਹਿਬ ਨੇ ਜਪੁ ਸਾਹਿਬ ਵਿੱਚ ਵਚਨ ਕੀਤੇ ਕਿ ਵਾਹਿਗੁਰੂ ਦੇ ਹੁਕਮ ਅੰਦਰ ਜੀਵਨ ਬਤੀਤ ਕਰਦਿਆਂ ਸੁਮਤਿ ਪ੍ਰਾਪਤ ਹੁੰਦੀ ਹੈ ਤੇ ਗੁਣ ਦ੍ਰਿੜ੍ਹ ਹੋ ਜਾਂਦੇ ਹਨ “ ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ “ I ਵਾਹਿਗੁਰੂ ਸੱਚ ਵੇਖਣ ਦੀ ਸਮਰਥਾ – ਮਤਿ ਦਿੰਦਾ ਹੈ ਜਿਸ ਨਾਲ ਦ੍ਰਿਸ਼ਟੀਮਾਨ ਸੰਸਾਰ ਦੀ ਹਕੀਕਤ ਸਮਝ ਆਉਂਦੀ ਹੈ ਤੇ ਜੀਵਨ ਮੁਕਤੀ ਲਈ ਲੋੜੀਂਦੇ ਗੁਣਾਂ ਦੇ ਸਾਰ ਤੱਕ ਪੁੱਜਣ ਲਾਇਕ ਦ੍ਰਿਸ਼ਟੀ ਮਿਲਦੀ ਹੈ I ਜਿਸ ਨੇ ਸ੍ਰੇਸ਼ਟ ਗੁਣ ਧਾਰਨ ਕਰ ਆਪਨੇ ਆਚਾਰ ਵਿੱਚ ਢਾਲ ਲਏ ਉਹ ਜੀਵਨ ਮੁਕਤ ਹੋ ਗਿਆ “ ਮੰਨੈ ਪਾਵਹਿ ਮੋਖੁ ਦੁਆਰੁ “ I ਇਸ ਪਵਿੱਤਰ ਬਾਣੀ ਦਾ ਪਾਠ ਹੀ ਗੁਰਸਿੱਖ ਨੂੰ ਇਸ ਸਿੱਟੇ ਤੇ ਪੁਜਾਉਂਦਾ ਹੈ ਕਿ ਦਾਤਾ ਇੱਕੋ ਹੈ “ ਆਪੈ ਜਾਣੈ ਆਪੇ ਦੇਇ “ I ਸੰਸਾਰ ਅੰਦਰ ਬਹੁਤ ਸਾਰੇ ਲੋਗ ਭਿੰਨ ਭਿੰਨ ਢੰਗ ਨਾਲ ਭਗਤੀ ਕਰ ਰਹੇ ਹਨ I ਭਿੰਨ ਭਿੰਨ ਤਰੀਕੇ ਨਾਲ ਜੀਵਨ ਜਿਉ ਰਹੇ ਹਨ ਪਰ ਸਾਰੇ ਪਰਮਾਤਮਾ ਅੱਗੇ ਬੇਬਸ ਹਨ I ਅੰਤਰਜਾਮੀ ਪਰਮਾਤਮਾ ਹਰ ਕਿਸੇ ਦਾ ਲੇਖਾ ਜੋਖਾ ਆਪ ਕਰਦਾ ਹੈ I
ਜਪੁ ਜੀ ਸਾਹਿਬ ਦੀ ਬਾਣੀ ਭਰਮ ਤੋੜਨ ਵਾਲੀ , ਸੱਚ ਨਾਲ ਜੋੜਨ ਵਾਲੀ , ਜੀਵਨ ਅੰਦਰ ਗੁਣ ਧਾਰਨ ਕਰਨ ਲਈ ਪ੍ਰੇਰਨ ਵਾਲੀ ਤੇ ਪਰਮਾਤਮਾ ਦੇ ਹੁਕਮ ਅੰਦਰ ਰਹਿਣਾ ਸਿਖਾਉਣ ਵਾਲੀ ਹੈ I ਇਹ ਮਨ ਅੰਦਰ ਸੁਚੱਜੇ ਜੀਵਨ ਦਾ ਸੰਕਲਪ ਪੈਦਾ ਕਰਦੀ ਹੈ . ਗੁਰਸਿੱਖ ਨਿਤ ਦਿਨ ਦੀ ਸ਼ੁਰੂਆਤ ਇਸ ਸੰਕਲਪ ਨਾਲ ਕਰਦਾ ਹੈ ਤਾਂ ਉਸ ਦੇ ਭਟਕਨ ਦੀ ਸੰਭਾਵਨਾ ਘੱਟ ਹੁੰਦੀ ਜਾਂਦੀ ਹੈ . ਜੀਵਨ ਇੱਕ ਦਿਨ ‘ਚ ਨਹੀਂ ਬਦਲਦਾ I ਜਿਵੇਂ ਸੁਨਿਆਰਾ ਸੋਨੇ ਨੂੰ ਤਪਾ ਕੇ ਢਾਲ ਕੇ ਸੰਜਮ ਨਾਲ ਜੇਵਰ ਦਾ ਰੂਪ ਦਿੰਦਾ ਹੈ ਜੀਵਨ ਵੀ ਉਵੇਂ ਹੀ ਗੁਣਵਾਨ ਬਣਦਾ ਹੈ I ਜਪੁ ਜੀ ਸਾਹਿਬ ਦਾ ਨਿਤ ਪਾਠ ਜੀਵਨ ਨੂੰ ਸੁੰਦਰ ਜੇਵਰ ਬਣਾਉਣ ਦਾ ਅਭਿਆਸ ਹੈ I ਗੁਰੂ ਨਾਨਕ ਸਾਹਿਬ ਦਾ ਮਿਸ਼ਨ ਸਚਿਆਰ ਸਮਾਜ ਸਿਰਜਨਾ ਸੀ I ਆਪ ਨੇ ਜਪੁ ਜੀ ਸਾਹਿਬ ਦੀ ਬਾਣੀ ਬਖਸ਼ ਕੇ ਲੋਕਾਈ ਨੂੰ ਆਪ ਆਪਣਾ ਜੀਵਨ ਸਵਾਰਨ ਜੋਗ ਬਣਾਇਆ I ਗੁਰੂ ਸਾਹਿਬ ਦੇ ਇਸ ਮਹਾਨ ਪਰੋਪਕਾਰ ਲਈ ਸੰਸਾਰ ਸਦਾ ਰਿਣੀ ਰਹੇਗਾ I

