ਟਿਹਰੀ ਗੜ੍ਹਵਾਲ (ਉੱਤਰਾਖੰਡ) : ਮੰਗਲਵਾਰ ਤੜਕੇ ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ ਵਿੱਚ ਇੱਕ ਯਾਤਰੀ ਬੱਸ 100 ਮੀਟਰ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 4.30 ਵਜੇ ਉਸ ਸਮੇਂ ਵਾਪਰਿਆ ਜਦੋਂ ਗੁਲਰ ਬਾਜ਼ਾਰ ਨੇੜੇ ਬੱਸ ਬੇਕਾਬੂ ਹੋ ਕੇ ਗੁਲਰ ਪੁਲ ਦੇ ਹੇਠਾਂ ਖੱਡ ਵਿੱਚ ਜਾ ਡਿੱਗੀ। ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਹਾਦਸੇ ਸਮੇਂ ਬੱਸ ਹਰਿਦੁਆਰ ਤੋਂ ਚਮੋਲੀ ਜਾ ਰਹੀ ਸੀ। ਹਾਦਸੇ ਵਾਲੀ ਥਾਂ ’ਤੇ ਬਚਾਅ ਕਾਰਜ ਜਾਰੀ ਹਨ। ਪੁਲੀਸ ਅਨੁਸਾਰ ਹਾਦਸੇ ਸਮੇਂ ਬੱਸ ਵਿੱਚ ਕਰੀਬ 30-35 ਸਵਾਰੀਆਂ ਸਫ਼ਰ ਕਰ ਰਹੀਆਂ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬਿਆਸੀ ਅਤੇ ਢਾਲਵਾਲਾ ਚੌਕੀਆਂ ਤੋਂ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.) ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕੀਤੇ।
ਹੁਣ ਤੱਕ ਕਰੀਬ 20 ਜ਼ਖ਼ਮੀ ਸਵਾਰੀਆਂ ਨੂੰ ਐਂਬੂਲੈਂਸਾਂ ਰਾਹੀਂ ਹਸਪਤਾਲਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ। ਇਸ ਹਾਦਸੇ ਵਿੱਚ ਅੱਠ ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਟਿਹਰੀ ਦੀ ਜ਼ਿਲ੍ਹਾ ਮੈਜਿਸਟਰੇਟ ਨੀਤਿਕਾ ਖੰਡੇਲਵਾਲ ਅਤੇ ਸੀਨੀਅਰ ਪੁਲੀਸ ਕਪਤਾਨ (ਐੱਸ.ਐੱਸ.ਪੀ.) ਸ਼ਵੇਤਾ ਚੌਬੇ ਵੀ ਹਾਦਸੇ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ। ਫਿਲਹਾਲ ਬਚਾਅ ਕਾਰਜ ਜਾਰੀ ਹਨ।
ਇਸ ਦੌਰਾਨ ਇੱਕ ਹੋਰ ਵੱਖਰੀ ਘਟਨਾ ਵਿੱਚ ਸੋਮਵਾਰ ਦੇਰ ਰਾਤ ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਬਾਂਸਵਾੜਾ-ਮੋਹਨਖਾਲ ਮੋਟਰ ਮਾਰਗ ’ਤੇ ਇੱਕ ਵਾਹਨ ਡੂੰਘੀ ਖੱਡ ਵਿੱਚ ਡਿੱਗਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਬੋਲੇਰੋ ਗੱਡੀ ਪੋਖਰੀ ਖੇਤਰ ਤੋਂ ਰਾਸੀ ਵੱਲ ਜਾ ਰਹੀ ਸੀ ਕਿ ਭਟਵਾੜੀ-ਕੰਡਾਰਾ ਨੇੜੇ ਡਰਾਈਵਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਗੱਡੀ ਡੂੰਘੀ ਖੱਡ ਵਿੱਚ ਜਾ ਡਿੱਗੀ।
ਪੁਲੀਸ ਨੂੰ ਸੋਮਵਾਰ ਰਾਤ ਕਰੀਬ 10 ਵਜੇ ‘ਡਾਇਲ 112’ ਰਾਹੀਂ ਹਾਦਸੇ ਦੀ ਸੂਚਨਾ ਮਿਲੀ ਸੀ। ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ ਕਰੀਬ ਨੌਂ ਤੋਂ ਦਸ ਸਵਾਰੀਆਂ ਸਨ।
ਸੂਚਨਾ ਮਿਲਣ ਤੋਂ ਬਾਅਦ ਅਗਸਤਿਆਮੁਨੀ ਥਾਣੇ ਦੀ ਪੁਲੀਸ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.), ਡਿਸਟ੍ਰਿਕਟ ਡਿਜ਼ਾਸਟਰ ਰਿਸਪਾਂਸ ਫੋਰਸ (ਡੀ.ਡੀ.ਆਰ.ਐੱਫ.) ਅਤੇ 108 ਐਂਬੂਲੈਂਸ ਸੇਵਾਵਾਂ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਸਰਕਲ ਅਫ਼ਸਰ (ਸੀ.ਓ.) ਰੁਦਰਪ੍ਰਯਾਗ ਦੀ ਅਗਵਾਈ ਹੇਠ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਰਾਤ ਭਰ ਚੱਲੇ ਬਚਾਅ ਕਾਰਜ ਦੌਰਾਨ ਖੱਡ ਵਿੱਚ ਫਸੇ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ।

