Kulgam Encounter ਦੂਜੇ ਦਿਨ ਵੀ ਜਾਰੀ; ਲਸ਼ਕਰ-ਏ-ਤਇਬਾ ਕਮਾਂਡਰ ਦੀ ਭਾਲ ’ਚ ਜੁਟੇ ਸੁਰੱਖਿਆ ਬਲ

Kulgam Encounter ਦੂਜੇ ਦਿਨ ਵੀ ਜਾਰੀ; ਲਸ਼ਕਰ-ਏ-ਤਇਬਾ ਕਮਾਂਡਰ ਦੀ ਭਾਲ ’ਚ ਜੁਟੇ ਸੁਰੱਖਿਆ ਬਲ

ਸ੍ਰੀਨਗਰ : ਦੱਖਣੀ ਕਸ਼ਮੀਰ ਦੇ ਕੁਲਗਾਮ ਵਿੱਚ ਚੱਲ ਰਿਹਾ ਮੁਕਾਬਲਾ ਮੰਗਲਵਾਰ ਨੂੰ ਦੂਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ ਅਤੇ ਸੁਰੱਖਿਆ ਬਲ ਲਸ਼ਕਰ-ਏ-ਤਇਬਾ (LeT) ਦੇ ਕਮਾਂਡਰ ਮੁਹੰਮਦ ਲਤੀਫ਼ ਭੱਟ ਨੂੰ ਫੜਨ/ਮਾਰ ਮੁਕਾਉਣ ਲਈ ਪੂਰਾ ਧਿਆਨ ਕੇਂਦਰਿਤ ਕਰ ਰਹੇ ਹਨ। ਸੋਮਵਾਰ ਨੂੰ ਕੁਲਗਾਮ ਦੇ ਲਾਰੂ ਵਿਖੇ ਹੋਏ ਮੁਕਾਬਲੇ ਵਿੱਚ ਇੱਕ ਅਤਿਵਾਦੀ ਮਾਰਿਆ ਗਿਆ ਸੀ, ਜਿਸ ਨੂੰ ਲੋੜੀਂਦੇ ਲਸ਼ਕਰ-ਏ-ਤਇਬਾ ਕਮਾਂਡਰ ਮੁਹੰਮਦ ਲਤੀਫ਼ ਭੱਟ ਦਾ ਕਰੀਬੀ ਸਾਥੀ ਦੱਸਿਆ ਜਾ ਰਿਹਾ ਹੈ। ਇਹ ਮੁਕਾਬਲਾ ਇਲਾਕੇ ਵਿੱਚ ਹੋਏ ਇੱਕ ਅਤਿਵਾਦੀ ਹਮਲੇ, ਜਿਸ ਵਿੱਚ ਸੀ.ਆਰ.ਪੀ.ਐੱਫ. (CRPF) ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ ਸਨ, ਤੋਂ ਕੁਝ ਦਿਨਾਂ ਬਾਅਦ ਸ਼ੁਰੂ ਹੋਇਆ ਹੈ।

ਜੰਮੂ-ਕਸ਼ਮੀਰ ਪੁਲੀਸ ਵੱਲੋਂ ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਦਿੱਤੀ ਗਈ ਹੈ ਕਿ ਲਤੀਫ਼ ਅਜੇ ਵੀ ਕੁਲਗਾਮ ਮੁਕਾਬਲੇ ਵਿੱਚ ਘਿਰਿਆ ਹੋਇਆ ਹੈ ਜਾਂ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਹੈ ਅਤੇ ਮੁਕਾਬਲੇ ਵਾਲੀ ਥਾਂ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਤਲਾਸ਼ੀ ਮੁਹਿੰਮ ਵਧਾ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਘੇਰਾਬੰਦੀ ਬਰਕਰਾਰ ਹੈ ਅਤੇ ਕੁਲਗਾਮ ਦੇ ਲਾਰੂ ਵਿੱਚ ਅਪਰੇਸ਼ਨ ਜਾਰੀ ਹੈ। ਇਹ ਮੁਕਾਬਲਾ ਦੱਖਣੀ ਕਸ਼ਮੀਰ ਭਰ ਵਿੱਚ ਸੁਰੱਖਿਆ ਬਲਾਂ ਵੱਲੋਂ ਹਮਲਾਵਰਾਂ ਨੂੰ ਫੜਨ ਲਈ ਤੇਜ਼ ਕੀਤੀਆਂ ਗਈਆਂ ਮੁਹਿੰਮਾਂ ਦੌਰਾਨ ਹੋ ਰਿਹਾ ਹੈ, ਜਿਨ੍ਹਾਂ ਵਿੱਚ ਭੱਟ ਵੀ ਸ਼ਾਮਲ ਹੈ। ਪੁਲੀਸ ਨੂੰ ਸ਼ੱਕ ਹੈ ਕਿ ਪਿਛਲੇ ਹਫ਼ਤੇ ਹੋਏ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਭੱਟ ਹੀ ਸੀ। ਇਸ ਖੇਤਰ ਵਿੱਚ ਪਹਿਲਾਂ ਹੋਏ ਕਈ ਹਮਲਿਆਂ ਨਾਲ ਵੀ ਉਸ ਦੇ ਤਾਰ ਜੁੜੇ ਹੋਏ ਹਨ। ਭੱਟ ਦੀ ਮੌਜੂਦਗੀ ਬਾਰੇ ਖ਼ੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਐਤਵਾਰ ਰਾਤ ਨੂੰ ਕੁਲਗਾਮ ਵਿੱਚ ਵੱਡੇ ਪੱਧਰ ’ਤੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (CASO) ਸ਼ੁਰੂ ਕੀਤੀ ਸੀ। ਸੀ.ਆਰ.ਪੀ.ਐੱਫ. ਦੇ ਵਿਸ਼ੇਸ਼ ਡਾਇਰੈਕਟਰ ਜਨਰਲ (ਜੰਮੂ-ਕਸ਼ਮੀਰ ਜ਼ੋਨ) ਸੰਦੀਪ ਖਿਰਵਾਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਸੁਰੱਖਿਆ ਬਲਾਂ ਨੂੰ ਜਾਂਚ ਵਿੱਚ “ਕੁਝ ਸੁਰਾਗ ਮਿਲੇ ਹਨ” ਅਤੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਹਨ।

Share: