ਮਾਛੀਵਾੜਾ : ਕੁਹਾੜਾ ਮਾਰਗ ’ਤੇ ਪਿੰਡ ਅਢਿਆਣਾ ਬੱਸ ਅੱਡੇ ਕੋਲ ਸੜਕ ਕਿਨਾਰੇ ਡਿੱਗੇ ਰਾਹਗੀਰ ਦੀ ਮਦਦ ਲਈ ਖੜ੍ਹੇ ਵਿਅਕਤੀਆਂ ’ਤੇ ਇੱਕ ਵਿੱਦਿਅਕ ਅਦਾਰੇ ਦੀ ਬੱਸ ਚੜ੍ਹ ਗਈ। ਇਸ ਹਾਦਸੇ ਵਿੱਚ ਪ੍ਰਦੀਪ ਨਾਂ ਦਾ ਵਿਅਕਤੀ ਜ਼ਖ਼ਮੀ ਹੋ ਗਿਆ, ਜਦਕਿ ਉਸ ਦੇ ਹੋਰ ਸਾਥੀਆਂ ਨੇ ਮੌਕੇ ਤੋਂ ਭੱਜ ਕੇ ਜਾਨ ਬਚਾਈ। ਜਾਣਕਾਰੀ ਅਨੁਸਾਰ ਪ੍ਰਦੀਪ ਇਸ ਮਾਰਗ ਤੋਂ ਲੰਘ ਰਿਹਾ ਸੀ। ਜਦੋਂ ਉਸ ਨੇ ਸੜਕ ਕਿਨਾਰੇ ਇੱਕ ਨੌਜਵਾਨ ਨੂੰ ਡਿੱਗਿਆ ਵੇਖਿਆ ਤਾਂ ਉਹ ਆਪਣਾ ਮੋਟਰਸਾਈਕਲ ਰੋਕ ਕੇ ਜ਼ਖ਼ਮੀ ਦੀ ਮਦਦ ਕਰਨ ਲੱਗ ਪਿਆ। ਉਸ ਦੀ ਮਦਦ ਲਈ ਕੁਝ ਹੋਰ ਰਾਹਗੀਰ ਵੀ ਰੁਕ ਗਏ। ਅਜੇ ਉਹ ਸਾਰੇ ਜ਼ਖ਼ਮੀ ਨੌਜਵਾਨ ਦੀ ਮਦਦ ਕਰ ਹੀ ਰਹੇ ਸਨ ਕਿ ਪਿੱਛੋਂ ਆ ਰਹੀ ਇੱਕ ਵਿਦਿਅਕ ਅਦਾਰੇ ਦੀ ਬੱਸ ਨੇ ਉਨ੍ਹਾਂ ਨੂੰ ਲਪੇਟ ਵਿੱਚ ਲੈ ਲਿਆ। ਹਾਦਸੇ ਵਿੱਚ ਪ੍ਰਦੀਪ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਘਟਨਾ ਤੋਂ ਬਾਅਦ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਬੱਸ ਡਰਾਈਵਰ ਨੂੰ ਲੋਕਾਂ ਨੇ ਕਾਬੂ ਕਰ ਲਿਆ ਅਤੇ ਪੁਲੀਸ ਦੇ ਹਵਾਲੇ ਕਰ ਦਿੱਤਾ। ਸੂਚਨਾ ਮਿਲਦਿਆਂ ਹੀ ਥਾਣਾ ਪੁਲੀਸ ਘਟਨਾ ਸਥਾਨ ’ਤੇ ਪਹੁੰਚ ਗਈ। ਥਾਣਾ ਮੁਖੀ ਨੇ ਦੱਸਿਆ ਕਿ ਬੱਸ ਡਰਾਈਵਰ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Posted inLudhiana
ਰਾਹਗੀਰ ਦੀ ਮਦਦ ਕਰ ਰਹੇ ਲੋਕਾਂ ’ਤੇ ਬੱਸ ਚੜ੍ਹੀ

