ਨਵੀਂ ਦਿੱਲੀ : ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਆਪਣੀ ਮਾਂ ਸੋਨੀਆ ਗਾਂਧੀ ਨੂੰ ਅਜਿਹੀ ਸ਼ਖ਼ਸੀਅਤ ਦੱਸਿਆ ਜਿਨ੍ਹਾਂ ਨੇ ਚਾਰ ਵਾਰ ਕੈਂਸਰ ਨੂੰ ਮਾਤ ਦਿੱਤੀ ਅਤੇ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਦਿਆਂ ਕਦੇ ਵੀ ਪਿੱਛੇ ਨਹੀਂ ਹਟੇ। ਸੋਨੀਆ ਗਾਂਧੀ ਦੀਆਂ ਯਾਦਾਂ ’ਤੇ ਆਧਾਰਿਤ ਪੁਸਤਕ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ਦੀ ਰਸਮੀ ਘੁੰਡ ਚੁਕਾਈ ਦੀ ਇਸ ਭਾਵੁਕ ਸ਼ਾਮ ਦੌਰਾਨ ਪਰਿਵਾਰ ਦੇ ਦੁਖਾਂਤਾਂ, ਰਿਸ਼ਤਿਆਂ ਅਤੇ ਸੰਘਰਸ਼ਾਂ ਦੇ ਨਿੱਜੀ ਪਹਿਲੂ ਸਾਹਮਣੇ ਆਏ। ਇੱਥੇ ਆਈ.ਟੀ.ਸੀ. ਮੌਰਿਆ ਵਿਖੇ ਕਰਵਾਏ ਇਸ ਸਮਾਗਮ, ਜਿਸ ਵਿੱਚ ‘ਇੰਡੀਆ’ ਗੱਠਜੋੜ ਦੇ ਕਈ ਆਗੂਆਂ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਸਮੇਤ ਹੋਰ ਮੁੱਖ ਮੰਤਰੀਆਂ ਨੇ ਸ਼ਿਰਕਤ ਕੀਤੀ, ਵਿੱਚ ਬੋਲਦਿਆਂ ਰਾਹੁਲ ਨੇ ਕਿਹਾ ਕਿ ਆਪਣੀ ਜ਼ਿੰਦਗੀ ਦੇ ਦੋ ਸਭ ਤੋਂ ਅਹਿਮ ਵਿਅਕਤੀਆਂ—ਸਾਬਕਾ ਪ੍ਰਧਾਨ ਮੰਤਰੀਆਂ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ—ਨੂੰ ਹੱਤਿਆਵਾਂ ਵਿੱਚ ਗੁਆਉਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਮਾਂ ਨੂੰ ਕਦੇ ਡਰਦੇ ਜਾਂ ਚੁਣੌਤੀ ਤੋਂ ਪਿੱਛੇ ਹਟਦੇ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਸੋਨੀਆ ਵੱਲੋਂ ਆਪਣੀ ਕਹਾਣੀ ਬਿਆਨ ਕਰਨ ‘ਤੇ ਉਨ੍ਹਾਂ ਦੇ ਪਿਤਾ ਨੂੰ ਬਹੁਤ ਮਾਣ ਹੁੰਦਾ। ਰਾਹੁਲ ਨੇ ਯਾਦ ਕੀਤਾ ਕਿ ਉਨ੍ਹਾਂ ਦੀ ਮਾਂ ਕਦੇ ਮਿਲਣਸਾਰ ਅਤੇ ਹੱਸਮੁੱਖ ਸਨ, ਪਰ 1984 ਵਿੱਚ ਇੰਦਰਾ ਗਾਂਧੀ ਅਤੇ 1991 ਵਿੱਚ ਰਾਜੀਵ ਗਾਂਧੀ ਦੀ ਹੱਤਿਆ ਨੇ ਉਨ੍ਹਾਂ ਨੂੰ ਬਦਲ ਦਿੱਤਾ ਅਤੇ ਉਹ ਆਪਣੇ ਆਪ ਵਿੱਚ ਸਿਮਟ ਗਏ। ਆਪਣੇ ਮਾਤਾ-ਪਿਤਾ ਦੀ ਅਨਿੱਖੜਵੀਂ ਸਾਂਝ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਪਰਿਵਾਰਕ ਖਾਣੇ ਦੌਰਾਨ ਸੋਨੀਆ ਅਕਸਰ ਰਾਜੀਵ ਦੀ ਗੋਦੀ ਵਿੱਚ ਬੈਠ ਜਾਂਦੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਤੇਜ਼ ਯਾਦਦਾਸ਼ਤ ਦੇ ਬਾਵਜੂਦ ਸੋਨੀਆ ਨੂੰ ਰਾਜੀਵ ਦੀ ਹੱਤਿਆ ਦੇ ਆਸ-ਪਾਸ ਦੀਆਂ ਘਟਨਾਵਾਂ ਘੱਟ ਹੀ ਯਾਦ ਸਨ, ਜਿਨ੍ਹਾਂ ਨੂੰ ਪ੍ਰਿਯੰਕਾ ਗਾਂਧੀ ਵਾਡਰਾ ਦੀ ਮਦਦ ਨਾਲ ਮੁੜ ਜੋੜਨਾ ਪਿਆ। ਪੁਸਤਕ ਲਿਖਣ ਦਾ ਕਾਰਨ ਦੱਸਦਿਆਂ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਬਾਰੇ ਸਾਲਾਂ ਤੋਂ ਘੜੀਆਂ ਜਾ ਰਹੀਆਂ ਮਨਘੜਤ ਕਹਾਣੀਆਂ ਕਾਰਨ ਉਨ੍ਹਾਂ ਆਪਣੀ ਅਸਲ ਕਹਾਣੀ ਪੇਸ਼ ਕਰਨ ਦਾ ਫ਼ੈਸਲਾ ਲਿਆ। ਉਨ੍ਹਾਂ ਦੱਸਿਆ ਕਿ ਰਾਹੁਲ, ਪ੍ਰਿਯੰਕਾ ਅਤੇ ਮੰਜੁਲਿਕਾ ਦੂਬੇ ਦੇ ਜ਼ੋਰ ਪਾਉਣ ‘ਤੇ ਹੀ ਉਹ ਲਿਖਣ ਲਈ ਸਹਿਮਤ ਹੋਏ ਸਨ।
Posted inNew Delhi
‘ਚਾਰ ਵਾਰ ਕੈਂਸਰ ਨੂੰ ਮਾਤ ਦਿੱਤੀ, ਕਦੇ ਡਰੀ ਨਹੀਂ’: ਪੁਸਤਕ ਰਿਲੀਜ਼ ਮੌਕੇ ਰਾਹੁਲ ਗਾਂਧੀ ਹੋਏ ਭਾਵੁਕ

