ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਮਿਲਣ ਚੇਨੱਈ ਤੋਂ ਦਿੱਲੀ ਆਏ ਨੌਜਵਾਨ ਦੀ ਕੁੱਟਮਾਰ ਕਾਰਨ ਮੌਤ

ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਮਿਲਣ ਚੇਨੱਈ ਤੋਂ ਦਿੱਲੀ ਆਏ ਨੌਜਵਾਨ ਦੀ ਕੁੱਟਮਾਰ ਕਾਰਨ ਮੌਤ

ਨਵੀਂ ਦਿੱਲੀ: ਪੁਲੀਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਮਿਲਣ ਲਈ ਚੇਨੱਈ ਤੋਂ ਦਿੱਲੀ ਆਏ ਇੱਕ ਵਿਅਕਤੀ ਦੀ ਪੂਰਬੀ ਦਿੱਲੀ ਦੇ ਮਧੂ ਵਿਹਾਰ ਸਥਿਤ ਲੜਕੀ ਦੇ ਘਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ‘ਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਵੱਲੋਂ ਕੀਤੀ ਗਈ ਕੁੱਟਮਾਰ ਤੋਂ ਬਾਅਦ ਕਥਿਤ ਤੌਰ ‘ਤੇ ਮੌਤ ਹੋ ਗਈ। ਇਹ ਘਟਨਾ 7 ਨਵੰਬਰ ਨੂੰ ਵਾਪਰੀ ਜਦੋਂ ਚੇਨੱਈ ਦੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਨ ਵਾਲਾ ਇਹ ਵਿਅਕਤੀ ਕਥਿਤ ਤੌਰ ‘ਤੇ ਲੜਕੀ ਦੇ ਘਰ ਵਿੱਚ ਦਾਖ਼ਲ ਹੋ ਗਿਆ, ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨਾਲ ਝਗੜਾ ਹੋ ਗਿਆ, ਜਿਨ੍ਹਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਪੁਲੀਸ ਨੇ ਇਸ ਮੌਤ ਦੇ ਸਬੰਧ ਵਿੱਚ ਲੜਕੀ ਦੇ ਪਿਤਾ ਅਤੇ ਇੱਕ ਗੁਆਂਢੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਹੋਰ ਸ਼ੱਕੀ ਵਿਅਕਤੀਆਂ ਦਾ ਪਤਾ ਲਗਾਉਣ ਲਈ ਯਤਨ ਜਾਰੀ ਹਨ।

ਜਾਂਚ ਅਨੁਸਾਰ, ਇਹ ਵਿਅਕਤੀ ਸੋਸ਼ਲ ਮੀਡੀਆ ਰਾਹੀਂ ਲੜਕੀ ਦੇ ਸੰਪਰਕ ਵਿੱਚ ਆਇਆ ਸੀ ਅਤੇ ਨਿਯਮਤ ਤੌਰ ‘ਤੇ ਉਸ ਦੀਆਂ ਵੀਡੀਓਜ਼ ਨੂੰ ਪਸੰਦ (ਲਾਈਕ) ਕਰਦਾ ਸੀ। ਉਸ ਦੇ ਮਨ ਵਿੱਚ ਕਥਿਤ ਤੌਰ ‘ਤੇ ਲੜਕੀ ਪ੍ਰਤੀ ਇੱਕਤਰਫ਼ਾ ਭਾਵਨਾਵਾਂ ਪੈਦਾ ਹੋ ਗਈਆਂ ਸਨ ਅਤੇ ਉਹ ਉਸ ਨੂੰ ਮਿਲਣ ਲਈ ਚੇਨੱਈ ਤੋਂ ਇੰਨੀ ਦੂਰ ਸਫ਼ਰ ਕਰਕੇ ਦਿੱਲੀ ਆਇਆ ਸੀ। ਲੜਕੀ ਦੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ 29 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ।

ਇੱਕ ਪੁਲੀਸ ਸੂਤਰ ਨੇ ਦੱਸਿਆ, “7 ਨਵੰਬਰ ਨੂੰ ਉਹ ਘਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਤੋਂ ਬਾਅਦ ਝਗੜਾ ਸ਼ੁਰੂ ਹੋ ਗਿਆ। ਲੜਕੀ ਦੇ ਪਿਤਾ ਅਤੇ ਕੁਝ ਗੁਆਂਢੀਆਂ ਨੇ ਉਸ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਨੂੰ ਗੰਭੀਰ ਅੰਦਰੂਨੀ ਅਤੇ ਬਾਹਰੀ ਸੱਟਾਂ ਲੱਗੀਆਂ।”

ਸੂਤਰ ਨੇ ਅੱਗੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਨੂੰ ਪਹਿਲਾਂ ਲਾਲ ਬਹਾਦਰ ਸ਼ਾਸਤਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਰੈਫਰ ਕਰ ਦਿੱਤਾ। ਜਦੋਂ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਇਆ ਤਾਂ ਉਸ ਨੂੰ ਬਾਅਦ ਵਿੱਚ ਇੱਕ ਹੋਰ ਹਸਪਤਾਲ ਤਬਦੀਲ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਉਸ ਦੀ ਮੌਤ ਤੋਂ ਬਾਅਦ, ਮਧੂ ਵਿਹਾਰ ਪੁਲੀਸ ਨੇ ਗ਼ੈਰ-ਇਰਾਦਤਨ ਕਤਲ ਨਾਲ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਲੜਕੀ ਦੇ ਪਿਤਾ ਅਤੇ ਇੱਕ ਗੁਆਂਢੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲੀਸ ਨੇ ਦੱਸਿਆ ਕਿ ਜਾਂਚ ਦੌਰਾਨ ਲੜਕੀ ਦੇ ਭਰਾ ਅਤੇ ਹੋਰ ਗੁਆਂਢੀਆਂ ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਬਾਕੀ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਅਤੇ ਹਮਲੇ ਵਿੱਚ ਉਨ੍ਹਾਂ ਦੀ ਵਿਅਕਤੀਗਤ ਭੂਮਿਕਾ ਤੈਅ ਕਰਨ ਲਈ ਟੀਮਾਂ ਵੱਲੋਂ ਘਟਨਾ ਸਥਾਨ ਅਤੇ ਇਸ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

Share: