72nd National Film Awards ਲਈ ਮੰਚ ਤਿਆਰ: ਸੱਤ ਦਹਾਕਿਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਗੁਜਰਾਤ ’ਚ ਹੋਵੇਗਾ ਸਮਾਗਮ

72nd National Film Awards ਲਈ ਮੰਚ ਤਿਆਰ: ਸੱਤ ਦਹਾਕਿਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਗੁਜਰਾਤ ’ਚ ਹੋਵੇਗਾ ਸਮਾਗਮ

ਏਕਤਾ ਨਗਰ (ਗੁਜਰਾਤ) : ਦੇਸ਼ ਦੇ ਸਭ ਤੋਂ ਵੱਕਾਰੀ 72ਵੇਂ ਕੌਮੀਂ ਫਿਲਮ ਪੁਰਸਕਾਰ ਸਮਾਰੋਹ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਸੱਤ ਦਹਾਕਿਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਸਮਾਗਮ ਰਾਜਧਾਨੀ ਦਿੱਲੀ ਤੋਂ ਬਾਹਰ ਗੁਜਰਾਤ ਦੇ ਏਕਤਾ ਨਗਰ ਵਿਖੇ ‘ਸਟੈਚੂ ਆਫ਼ ਯੂਨਿਟੀ’ (Statue of Unity) ਦੇ ਕੰਪਲੈਕਸ ਵਿੱਚ ਕਰਵਾਇਆ ਜਾ ਰਹਾ ਹੈ। ਇਸ ਖ਼ਾਸ ਮੌਕੇ ਲਈ ਬੱਸ ਬੇਅ (Bus Bay) ਇਲਾਕੇ ਵਿੱਚ ਇੱਕ ਵਿਸ਼ੇਸ਼ ਐਲੂਮੀਨੀਅਮ ਦਾ ‘ਜਰਮਨ ਸਟਰਕਚਰਲ ਡੋਮ’ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਲਗਭਗ 1,000 ਦੇਸ਼-ਵਿਦੇਸ਼ੀ ਮਹਿਮਾਨਾਂ ਤੇ ਹਸਤੀਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ 75 ਮਿੰਟ ਦੇ ਸਮਾਗਮ ਦਾ ਆਯੋਜਨ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਗੁਜਰਾਤ ਸਰਕਾਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। 72ਵੇਂ ਕੌਮੀਂ ਫਿਲਮ ਪੁਰਸਕਾਰਾਂ ਤਹਿਤ ਫੀਚਰ, ਨੌਨ-ਫੀਚਰ ਅਤੇ ਹੋਰ ਸ਼੍ਰੇਣੀਆਂ ਦੇ ਕੁੱਲ 92 ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ‘ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਆਫ਼ ਇੰਡੀਆ’ (NFDC) ਵੱਲੋਂ 18 ਜੁਲਾਈ ਨੂੰ ਇਨ੍ਹਾਂ ਪੁਰਸਕਾਰਾਂ ਦੇ ਜੇਤੂਆਂ ਦੇ ਨਾਂਵਾਂ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਮੁੱਖ ਸਨਮਾਨਾਂ ਵਿੱਚ ਫਿਲਮ ‘ਆਰਟੀਕਲ 370’ ਨੂੰ ‘ਬੈਸਟ ਫੀਚਰ ਫਿਲਮ’ ਚੁਣਿਆ ਗਿਆ ਹੈ। ਅਦਾਕਾਰ ਕਾਰਤਿਕ ਆਰਿਅਨ (ਫਿਲਮ ਚੰਦੂ ਚੈਂਪੀਅਨ) ਅਤੇ ਮਲਿਆਲਮ ਅਦਾਕਾਰ ਮਮੂਟੀ (ਫਿਲਮ ਭਰਮਯੁਗਮ) ਨੂੰ ਸਾਂਝੇ ਤੌਰ ਤੇ ਸਰਵੋਤਮ ਅਦਾਕਾਰ (Best Actor) ਦੇ ਪੁਰਸਕਾਰ ਨਾਲ ਨਵਾਜ਼ਿਆ ਜਾਵੇਗਾ। ਜਦਕਿ ਯਾਮੀ ਗੌਤਮ ਨੂੰ ਫਿਲਮ ‘ਆਰਟੀਕਲ 370’ ਲਈ ‘ਸਰਵੋਤਮ ਅਦਾਕਾਰਾ’ (Best Actress) ਦਾ ਐਵਾਰਡ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਮਸ਼ਹੂਰ ਡਾਇਰੈਕਟਰ ਆਨੰਦ ਐੱਲ. ਰਾਏ ਨੂੰ ਸਰਦਾਰ ਪਟੇਲ ਦੇ ਬੁੱਤ ’ਤੇ ਅਧਾਰਿਤ ਡੌਕੂਮੈਂਟਰੀ ਸਟੈਚੂ ਆਫ਼ ਯੂਨਿਟੀ- ਏਕਤਾ ਕਾ ਪ੍ਰਤੀਕ ਲਈ ਨੌਨ-ਫੀਚਰ ਸ਼੍ਰੇਣੀ ਵਿੱਚ ਸਨਮਾਨਿਤ ਕੀਤਾ ਜਾਵੇਗਾ।

ਸਾਲ 1954 ਵਿੱਚ ਸ਼ੁਰੂ ਹੋਏ ਕੌਮੀਂ ਫਿਲਮ ਪੁਰਸਕਾਰ ਭਾਰਤੀ ਸਿਨੇਮਾ ਦੇ ਸਭ ਤੋਂ ਉੱਚੇ ਅਧਿਕਾਰਤ ਸਨਮਾਨ ਹਨ, ਜੋ ਦੇਸ਼ ਦੇ ਰਾਸ਼ਟਰਪਤੀ ਵੱਲੋਂ ਪ੍ਰਦਾਨ ਕੀਤੇ ਜਾਂਦੇ ਹਨ। ਇਹ ਪੁਰਸਕਾਰ ਸਮਾਰੋਹ ਹਮੇਸ਼ਾ ਨਵੀਂ ਦਿੱਲੀ ਨਾਲ ਜੁੜਿਆ ਰਿਹਾ ਹੈ। ਇਸ ਤੋਂ ਪਹਿਲਾਂ ਇਤਿਹਾਸ ਵਿੱਚ ਸਿਰਫ਼ ਇੱਕ ਵਾਰ 21 ਨਵੰਬਰ 1970 ਨੂੰ 17ਵੇਂ ਕੌਮੀਂ ਫਿਲਮ ਪੁਰਸਕਾਰ ਸਮਾਰੋਹ ਦਾ ਆਯੋਜਨ ਦਿੱਲੀ ਤੋਂ ਬਾਹਰ ਮਦਰਾਸ (ਹੁਣ ਚੇਨੱਈ) ਵਿੱਚ ਕੀਤਾ ਗਿਆ ਸੀ।

ਨਰਮਦਾ ਨਦੀ ਦੇ ਕੰਡੇ ਕੇਵੜੀਆ ਨੇੜੇ ਸਥਿਤ 182 ਮੀਟਰ ਉੱਚਾ ਸਟੈਚੂ ਆਫ਼ ਯੂਨਿਟੀ ਵਿਸ਼ਵ ਦਾ ਸਭ ਤੋਂ ਉੱਚਾ ਬੁੱਤ ਹੈ, ਜਿਸ ਦਾ ਉਦਘਾਟਨ 2018 ਵਿੱਚ ਹੋਇਆ ਸੀ। ਏਕਤਾ ਨਗਰ ਦੀ ਚੋਣ ਨਾਲ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਅਧਿਕਾਰਤ ਸਨਮਾਨ ਅਤੇ ਦੇਸ਼ ਦੀ ਸਰਦਾਰ ਪਟੇਲ ਨੂੰ ਸਮਰਪਿਤ ਮਹਾਨ ਵਿਰਾਸਤ ਦਾ ਇੱਕ ਇਤਿਹਾਸਕ ਮੇਲ ਵੇਖਣ ਨੂੰ ਮਿਲੇਗਾ।

Share: