ਨਵੀਂ ਦਿੱਲੀ : ਆਈਆਈਟੀ (IIT) ਬੰਬਈ ਦੇ ਵਿਦਿਆਰਥੀ ਸਾਹਿਲ ਦੀ ਹੋਈ ਦੁਖਦਾਈ ਮੌਤ ਤੋਂ ਬਾਅਦ ਕੈਂਪਸ ਦੇ ਵਿਦਿਆਰਥੀ ਨੁਮਾਇੰਦਿਆਂ ਨੇ ਸੰਸਥਾਗਤ ਸੁਧਾਰਾਂ ਅਤੇ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਮੋਰਚਾ ਖੋਲ੍ਹ ਦਿੱਤਾ ਹੈ। ਵਿਦਿਆਰਥੀਆਂ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਦਾ ਮਕਸਦ ਅਕਾਦਮਿਕ ਬੇਨਿਯਮੀਆਂ ਜਾਂ ਨਕਲ ਨੂੰ ਸਹੀ ਠਹਿਰਾਉਣਾ ਨਹੀਂ ਹੈ, ਸਗੋਂ ਕੈਂਪਸ ਦੀਆਂ ਢਾਂਚਾਗਤ ਖਾਮੀਆਂ ਨੂੰ ਸੁਧਾਰਨਾ ਹੈ, ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਵਿਦਿਆਰਥੀ ਨੂੰ ਅਜਿਹੇ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ। ਜਾਰੀ ਕੀਤੇ ਗਏ ਇੱਕ ਅਧਿਕਾਰਤ ਬਿਆਨ ਵਿੱਚ ਵਿਦਿਆਰਥੀ ਨੁਮਾਇੰਦਿਆਂ ਨੇ ਕਿਹਾ, “ਅਸੀਂ ਕਿਸੇ ਵੀ ਕਿਸਮ ਦੀ ਨਕਲ ਜਾਂ ਅਕਾਦਮਿਕ ਬੇਨਿਯਮੀ ਦਾ ਸਮਰਥਨ ਨਹੀਂ ਕਰਦੇ। ਪਰ ਸਾਡੇ ਸਾਥੀ ਸਾਹਿਲ ਦੀ ਮੌਤ ਇੱਕ ਡੂੰਘਾ ਦੁਖਾਂਤ ਹੈ, ਜਿਸ ਨੇ ਸਾਨੂੰ ਸੰਸਥਾ ਦੇ ਅੰਦਰੂਨੀ ਸਿਸਟਮ ਅਤੇ ਪ੍ਰਕਿਰਿਆਵਾਂ ’ਤੇ ਸਵਾਲ ਖੜ੍ਹੇ ਕਰਨ ਲਈ ਮਜਬੂਰ ਕੀਤਾ ਹੈ।” ਵਿਦਿਆਰਥੀਆਂ ਨੇ ਕਿਹਾ ਕਿ ਪ੍ਰਦਰਸ਼ਨ ਦਾ ਮੁੱਖ ਉਦੇਸ਼ ਲੰਮੇ ਸਮੇਂ ਤੋਂ ਚੱਲ ਰਹੀਆਂ ਸੰਸਥਾਗਤ ਕਮੀਆਂ ਪ੍ਰਤੀ ਚਿੰਤਾ ਪ੍ਰਗਟਾਉਣਾ ਸੀ। ਉਨ੍ਹਾਂ ਵੱਲੋਂ ਇੱਕ ਮੰਗ ਪੱਤਰ ਤਿਆਰ ਕਰਕੇ ਆਈਆਈਟੀ ਡਾਇਰੈਕਟਰ ਨੂੰ ਸੌਂਪਿਆ ਗਿਆ, ਜਿਸ ’ਤੇ ਡਾਇਰੈਕਟਰ ਨੇ ਸਹਿਮਤੀ ਜਤਾਉਂਦਿਆਂ ਹਸਤਾਖ਼ਰ ਕੀਤੇ ਅਤੇ ਤੈਅ ਸਮੇਂ ਅੰਦਰ ਸੁਧਾਰ ਲਿਆਉਣ ਦਾ ਭਰੋਸਾ ਦਿੱਤਾ। ਵਿਦਿਆਰਥੀਆਂ ਨੇ ਡਾਇਰੈਕਟਰ ਅਤੇ ਪ੍ਰਸ਼ਾਸਨ ਨਾਲ ਹੋਈ ‘ਓਪਨ ਹਾਊਸ’ ਮੀਟਿੰਗ ਦਾ ਵੀ ਸਵਾਗਤ ਕੀਤਾ, ਜਿੱਥੇ ਉਹ ਆਪਣੀਆਂ ਚਿੰਤਾਵਾਂ ਸਿੱਧੇ ਤੌਰ ’ਤੇ ਰੱਖ ਸਕੇ।
ਪ੍ਰੋਫੈਸਰ ਸੂਰਿਆਨਾਰਾਇਣ ਡੂਲਾ ਦੀ ਭੂਮਿਕਾ ਬਾਰੇ ਵਿਦਿਆਰਥੀਆਂ ਨੇ ਸਪੱਸ਼ਟ ਕੀਤਾ ਕਿ ਉਹ ਜਾਂਚ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾ ਰਹੇ, ਪਰ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਪ੍ਰੋਫੈਸਰ ਡੂਲਾ ਨੂੰ ਡੀਨ ਆਫ਼ ਐਡਮਿਨਿਸਟਰੇਟਿਵ ਅਫੇਅਰਜ਼ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, ਸਾਡੀ ਮੰਗ ਸਿਰਫ਼ ਇਹ ਹੈ ਕਿ ਜਾਂਚ ਦੌਰਾਨ ਉਨ੍ਹਾਂ ਨੂੰ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਤੋਂ ਮੁਕਤ ਰੱਖਿਆ ਜਾਵੇ ਤਾਂ ਜੋ ਜਾਂਚ ਪੂਰੀ ਤਰ੍ਹਾਂ ਸੁਤੰਤਰ ਰਹੇ ਅਤੇ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਾ ਹੋਵੇ।
ਇਸ ਤੋਂ ਇਲਾਵਾ, ਵਿਦਿਆਰਥੀ ਨੁਮਾਇੰਦਿਆਂ ਨੇ ਇਸ ਮੁੱਦੇ ਨੂੰ ਬਾਹਰੀ ਸਿਆਸੀ ਹਿੱਤਾਂ ਜਾਂ ਜਥੇਬੰਦੀਆਂ ਤੋਂ ਦੂਰ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ਇਹ ਮਾਮਲਾ ਆਈਆਈਟੀ ਬੰਬਈਭਾਈਚਾਰੇ ਦੇ ਅੰਦਰ ਦਾ ਹੈ। ਅਸੀਂ ਜਵਾਬਦੇਹੀ, ਪਾਰਦਰਸ਼ਤਾ ਅਤੇ ਸੰਸਥਾਗਤ ਸੁਧਾਰਾਂ ਦੀ ਮੰਗ ਲਈ ਇੱਕਜੁੱਟ ਹਾਂ ਅਤੇ ਕੈਂਪਸ ਨੂੰ ਹੋਰ ਸੁਰੱਖਿਅਤ ਤੇ ਸਹਾਇਕ ਬਣਾਉਣ ਲਈ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਾਂਗੇ।

