Kartarpur Sahib Corridor ਛੇਤੀ ਖੋਲ੍ਹਣ ਲਈ ਅੱਜ ਜ਼ੀਰੋ ਲਾਈਨ ’ਤੇ ਅਰਦਾਸ ਕਰਨਗੀਆਂ ਚੜ੍ਹਦੇ-ਲਹਿੰਦੇ ਪੰਜਾਬ ਦੀਆਂ ਸੰਗਤਾਂ

Kartarpur Sahib Corridor ਛੇਤੀ ਖੋਲ੍ਹਣ ਲਈ ਅੱਜ ਜ਼ੀਰੋ ਲਾਈਨ ’ਤੇ ਅਰਦਾਸ ਕਰਨਗੀਆਂ ਚੜ੍ਹਦੇ-ਲਹਿੰਦੇ ਪੰਜਾਬ ਦੀਆਂ ਸੰਗਤਾਂ

ਅੰਮ੍ਰਿਤਸਰ : ਅੱਜ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਿੱਖ ਸੰਗਤਾਂ ਵੱਲੋਂ ਦੋਵੇਂ ਪਾਸੇ ਸਰਹੱਦ ਨੇੜੇ ਖੜ੍ਹੇ ਹੋ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਵੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਜ਼ੀਰੋ ਲਾਈਨ ਤੱਕ ਅੱਜ 21 ਸਤੰਬਰ ਨੂੰ ਭਾਰਤੀ ਸਮੇਂ ਮੁਤਾਬਕ ਸ਼ਾਮ ਵੇਲੇ 5:30 ਵਜੇ ਨਗਰ ਕੀਰਤਨ ਦੇ ਰੂਪ ਵਿੱਚ ਸੰਗਤ ਲੈ ਕੇ ਆਉਣਗੇ। ਪਾਕਿਸਤਾਨ (ਲਹਿੰਦੇ ਪੰਜਾਬ) ਵਾਲੇ ਪਾਸਿਓਂ ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਇਹ ਨਗਰ ਕੀਰਤਨ ਸਜਾ ਰਹੀਆਂ ਹਨ। ਉਨ੍ਹਾਂ ਵੱਲੋਂ ਆਪਣੇ ਵਾਲੇ ਪਾਸੇ ਜ਼ੀਰੋ ਲਾਈਨ ਪੁੱਜਣ ਉੱਤੇ ਸੰਧਿਆ ਵੇਲੇ ਰਹਿਰਾਸ ਸਾਹਿਬ ਦੇ ਪਾਠ, ਗੁਰਬਾਣੀ ਕੀਰਤਨ ਅਤੇ ਆਰਤੀ ਉਪਰੰਤ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਜਾਵੇਗੀ ਕਿ ਦੋਵਾਂ ਪਾਸਿਆਂ ਦੀ ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਲਦ ਖੁੱਲ੍ਹੇ।

ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਿਖੇ ਜ਼ੀਰੋ ਲਾਈਨ ਉੱਤੇ ਪੁੱਜਣਗੇ। ਪਾਕਿਸਤਾਨ ਅਤੇ ਭਾਰਤ ਦੀਆਂ ਸਿੱਖ ਸੰਗਤਾਂ ਆਪੋ-ਆਪਣੇ ਪਾਸੇ ਸੰਧਿਆ ਵੇਲੇ ਰਹਿਰਾਸ ਸਾਹਿਬ ਦਾ ਪਾਠ, ਆਰਤੀ ਅਤੇ ਸ਼ਬਦ ਕੀਰਤਨ ਉਪਰੰਤ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਖੋਲ੍ਹਣ ਲਈ ਅਰਦਾਸ ਕਰਨਗੀਆਂ। ਜਥੇਦਾਰ ਨੇ ਡੇਰਾ ਬਾਬਾ ਨਾਨਕ ਅਤੇ ਬਾਰਡਰ ਦੇ ਇਲਾਕੇ ਦੀ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਅੱਜ ਸੰਧਿਆ ਵੇਲੇ 5:30 ਵਜੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਨੇੜੇ ਜ਼ੀਰੋ ਲਾਈਨ ਉੱਤੇ ਪੁੱਜ ਕੇ ਸਮਾਗਮ ਅਤੇ ਅਰਦਾਸ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਜ਼ਰੂਰ ਕਰਨ ਤਾਂ ਜੋ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਜਾ ਸਕੇ ਕਿ ਲਾਂਘਾ ਛੇਤੀ ਖੁੱਲ੍ਹੇ, ਤਾਂ ਜੋ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਪਹਿਲਾਂ ਦੀ ਤਰ੍ਹਾਂ ਦਰਸ਼ਨ-ਦੀਦਾਰ ਕਰ ਸਕੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਭਾਰਤੀ ਸਿੱਖ ਸੰਗਤ ਵੱਲੋਂ ਕਈ ਵਾਰ ਸਰਹੱਦ ’ਤੇ ਅਰਦਾਸ ਕੀਤੀ ਜਾ ਚੁੱਕੀ ਹੈ। ਇਹ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਵੀ ਸੰਗਤ ਵੱਲੋਂ ਕਈ ਵਾਰ ਸਰਹੱਦ ’ਤੇ ਖੜ੍ਹੇ ਹੋ ਕੇ ਅਰਦਾਸ ਕੀਤੀ ਗਈ ਸੀ।

Share: