ਪੰਜਾਬ ਸਰਕਾਰ ਵੱਲੋਂ ਸੂਬੇ ਦੇ ਤਕਨੀਕੀ ਸਿੱਖਿਆ ਖੇਤਰ ਨੂੰ ਵਿਸ਼ਵ ਪੱਧਰੀ ਅਤੇ ਸਮੇਂ ਦਾ ਹਾਣੀ ਬਣਾਉਣ ਵੱਲ ਇੱਕ ਅਗਾਂਹਵਧੂ ਕਦਮ ਚੁੱਕਿਆ ਗਿਆ ਹੈ। ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਸੂਬੇ ਦੇ ਪੰਜ ਪ੍ਰਮੁੱਖ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਅਤਿ-ਆਧੁਨਿਕ ਇਨੋਵੇਸ਼ਨ ਲੈਬਜ਼ ਸਥਾਪਤ ਕੀਤੀਆਂ ਗਈਆਂ ਹਨ, ਜਿਨ੍ਹਾਂ ਨਾਲ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿੱਖਿਆ ਅਤੇ ਉਦਯੋਗ ਦੀਆਂ ਲੋੜਾਂ ਅਨੁਸਾਰ ਹੁਨਰ ਵਿਕਾਸ ਦੇ ਬੇਮਿਸਾਲ ਮੌਕੇ ਮਿਲਣਗੇ। ਇਸ ਮਹੱਤਵਪੂਰਨ ਪਹਿਲਕਦਮੀ ਤਹਿਤ ਖ਼ੂਨੀ ਮਾਜਰਾ, ਬਠਿੰਡਾ, ਫ਼ਿਰੋਜ਼ਪੁਰ, ਬਡਬਰ ਅਤੇ ਤਲਵਾੜਾ ਦੇ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਇਹ ਲੈਬਜ਼ ਤਿਆਰ ਕੀਤੀਆਂ ਗਈਆਂ ਹਨ। 1.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਗਈਆਂ ਇਹ ਇਨੋਵੇਸ਼ਨ ਲੈਬਜ਼ ਵਿਦਿਆਰਥੀਆਂ ਲਈ ‘ਪ੍ਰੈਕਟੀਕਲ ਮੇਕਰ ਸਪੇਸਜ਼’ ਵਜੋਂ ਕੰਮ ਕਰਨਗੀਆਂ। ਇੱਥੇ ਨੌਜਵਾਨਾਂ ਨੂੰ ਆਧੁਨਿਕ ਮਸ਼ੀਨਰੀ ਅਤੇ ਤਕਨਾਲੋਜੀ ਤੱਕ ਸਿੱਧੀ ਪਹੁੰਚ ਮਿਲੇਗੀ, ਜਿਸ ਨਾਲ ਉਹ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਰਹਿਣ ਦੀ ਬਜਾਏ ਖ਼ੁਦ ਪ੍ਰਯੋਗ ਕਰਕੇ ਪ੍ਰੋਟੋਟਾਈਪ ਤਿਆਰ ਕਰ ਸਕਣਗੇ ਅਤੇ ਆਪਣੀ ਨਿਵੇਕਲੀ ਕਲਪਨਾ ਨੂੰ ਅਮਲੀ ਜਾਮਾ ਪਹਿਨਾ ਸਕਣਗੇ।
ਇਸ ਸਬੰਧੀ ਸੂਬਾ ਪੱਧਰੀ ਉਦਘਾਟਨ ਸਮਾਗਮ ਸਰਕਾਰੀ ਪੌਲੀਟੈਕਨਿਕ ਕਾਲਜ, ਖ਼ੂਨੀ ਮਾਜਰਾ ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਹੋਇਆ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਦਘਾਟਨ ਮੌਕੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਦੀ ਹਾਜ਼ਰੀ ਵਿੱਚ ਕਿਹਾ ਕਿ ਪੌਲੀਟੈਕਨਿਕ ਕਾਲਜਾਂ ਦੇ ਵਿਦਿਆਰਥੀ ਪੰਜਾਬ ਦੀ ਭਵਿੱਖੀ ਤਕਨੀਕੀ ਵਰਕਫੋਰਸ ਹਨ। ਉਨ੍ਹਾਂ ਅਨੁਸਾਰ ਇਹ ਪ੍ਰੋਜੈਕਟ ਪੰਜਾਬ ਸਰਕਾਰ, ਵਿਭਾ ਇੰਡੀਆ ਅਤੇ ਮੇਕਰ ਭਵਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਨੇਪਰੇ ਚੜ੍ਹਿਆ ਹੈ, ਜੋ ਸਰਕਾਰੀ ਅਤੇ ਉਦਯੋਗਿਕ ਭਾਈਵਾਲੀ ਦੀ ਇੱਕ ਸ਼ਾਨਦਾਰ ਮਿਸਾਲ ਹੈ। ਸਿੱਖਿਆ ਮੰਤਰੀ ਮੁਤਾਬਿਕ ਇਸ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੰਸਥਾਵਾਂ ਸਿਰਫ਼ ਰਵਾਇਤੀ ਕਲਾਸਰੂਮ ਸਿੱਖਿਆ ਤੱਕ ਹੀ ਸੀਮਿਤ ਨਾ ਰਹਿਣ। ਵਿਦਿਆਰਥੀਆਂ ਨੂੰ ਪ੍ਰਯੋਗ ਕਰਨ ਅਤੇ ਨਵੀਆਂ ਤਕਨੀਕਾਂ ਸਿਰਜਣ ਦੇ ਪੂਰੇ ਮੌਕੇ ਮਿਲਣੇ ਚਾਹੀਦੇ ਹਨ।
ਇਨ੍ਹਾਂ ਲੈਬਜ਼ ਜ਼ਰੀਏ ਵਿਦਿਆਰਥੀਆਂ ਨੂੰ ਤਕਨਾਲੋਜੀ ਆਧਾਰਿਤ ਪ੍ਰੋਜੈਕਟਾਂ ਅਤੇ ਪ੍ਰੋਟੋਟਾਈਪਿੰਗ ਚੁਣੌਤੀਆਂ ਵਿੱਚ ਭਾਗ ਲੈਣ ਲਈ ਢੁੱਕਵਾਂ ਮੰਚ ਮਿਲੇਗਾ। ਇਸ ਮੌਕੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਵੀ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸੂਬਾਈ ਸਰਕਾਰ ਦੀ ਇਸ ਦੂਰਅੰਦੇਸ਼ ਪਹੁੰਚ ਨਾਲ ਪੰਜਾਬ ਦੇ ਨੌਜਵਾਨ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਮੁਕਾਬਲਾ ਕਰਨ ਦੇ ਸਮਰੱਥ ਬਣਨਗੇ। ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਇਸ ਦੂਰਅੰਦੇਸ਼ ਸੋਚ ਦਾ ਮੁੱਖ ਉਦੇਸ਼ ਤਕਨੀਕੀ ਸਿੱਖਿਆ ਨੂੰ ਮਜ਼ਬੂਤ ਕਰਨਾ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਉਦਯੋਗਿਕ ਚੁਣੌਤੀਆਂ ਲਈ ਪੂਰੀ ਤਰ੍ਹਾਂ ਤਿਆਰ ਕਰਨਾ ਹੈ।
ਇਹ ਲੈਬਜ਼ ਨੌਜਵਾਨਾਂ ਵਿੱਚ ਖੋਜਾਤਮਕ ਸੋਚ, ਸਮੱਸਿਆ ਦਾ ਹੱਲ ਕੱਢਣ ਦੀ ਸਮਰੱਥਾ ਅਤੇ ਵਿਹਾਰਕ ਤਕਨੀਕੀ ਮੁਹਾਰਤ ਨੂੰ ਉਤਸ਼ਾਹਿਤ ਕਰਨਗੀਆਂ। ਸਰਕਾਰ ਦੇ ਇਨ੍ਹਾਂ ਨਿਰੰਤਰ ਅਤੇ ਸਾਰਥਿਕ ਯਤਨਾਂ ਸਦਕਾ ਸੂਬੇ ਦੀਆਂ ਤਕਨੀਕੀ ਸੰਸਥਾਵਾਂ ਵਿੱਚ ਸਿੱਖਿਆ ਦਾ ਮਿਆਰ ਲਗਾਤਾਰ ਉੱਚਾ ਹੋ ਰਿਹਾ ਹੈ, ਜੋ ਕਿ ਪੰਜਾਬ ਨੂੰ ਤਕਨੀਕੀ ਨਵੀਨਤਾ ਅਤੇ ਉਦਯੋਗਿਕ ਤਰੱਕੀ ਦਾ ਮੋਹਰੀ ਸੂਬਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।

