Germany Without Immigration: ਗ੍ਰਹਿ ਸਕੱਤਰ ਵੱਲੋਂ ਸੱਦੀ ਮੀਟਿੰਗ ਮੁਲਤਵੀ

Germany Without Immigration: ਗ੍ਰਹਿ ਸਕੱਤਰ ਵੱਲੋਂ ਸੱਦੀ ਮੀਟਿੰਗ ਮੁਲਤਵੀ

ਨਵੀਂ ਦਿੱਲੀ : ਦਿੱਲੀ ਹਵਾਈ ਅੱਡੇ ’ਤੇ ਬਿਨਾਂ ਇਮੀਗਰੇਸ਼ਨ ਕਲੀਅਰ ਕੀਤੇ ਜਰਮਨੀ ਜਾਣ ਦਾ ਮਾਮਲਾ ਭਖ ਗਿਆ ਹੈ। ਇਸ ਮਾਮਲੇ ਸਬੰਧੀ ਗ੍ਰਹਿ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਏਅਰ ਇੰਡੀਆ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਬੁਲਾਈ ਗਈ ਮੀਟਿੰਗ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਘਟਨਾ 4 ਸਤੰਬਰ ਨੂੰ ਉਸ ਵੇਲੇ ਵਾਪਰੀ ਸੀ ਜਦੋਂ ਤਿੰਨ ਯਾਤਰੀਆਂ ਨੇ ਅੰਮ੍ਰਿਤਸਰ ਤੋਂ ਦਿੱਲੀ ਦੀ ਫਲਾਈਟ ਲਈ ਸੀ ਅਤੇ ਬਾਅਦ ਵਿੱਚ ਦਿੱਲੀ ਤੋਂ ਮਿਊਨਿਖ ਲਈ ਲੁਫਥਾਂਸਾ ਦੀ ਫਲਾਈਟ ਫੜੀ ਸੀ ਪਰ ਇਸ ਦੌਰਾਨ ਉਹ ਦਿੱਲੀ ਹਵਾਈ ਅੱਡੇ ‘ਤੇ ਆਪਣੀ ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ਨਹੀਂ ਕਰ ਸਕੇ ਸਨ। ਇਸ ਪੂਰੇ ਮਾਮਲੇ ‘ਤੇ ਚਰਚਾ ਕਰਨ ਲਈ ਗ੍ਰਹਿ ਸਕੱਤਰ ਗੋਵਿੰਦ ਮੋਹਨ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਇੱਕ ਮੀਟਿੰਗ ਤੈਅ ਕੀਤੀ ਗਈ ਸੀ। ਸੂਤਰਾਂ ਨੇ ਦੱਸਿਆ ਕਿ ਇਹ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ, ਹਾਲਾਂਕਿ ਇਸ ਨੂੰ ਮੁਲਤਵੀ ਕੀਤੇ ਜਾਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸੂਤਰਾਂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਅਤੇ ਵਧੀਕ ਸਕੱਤਰ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ, ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ (ਯੂ.ਟੀ. ਅਤੇ ਵਿਦੇਸ਼ੀ ਮਾਮਲੇ), ਇਮੀਗ੍ਰੇਸ਼ਨ ਬਿਊਰੋ ਦੇ ਕਮਿਸ਼ਨਰ, ਏਅਰ ਇੰਡੀਆ ਦੇ ਸੀ.ਈ.ਓ. ਅਤੇ ਦਿੱਲੀ ਹਵਾਈ ਅੱਡੇ ਦੇ ਸੀ.ਈ.ਓ. ਦੇ ਸ਼ਾਮਲ ਹੋਣ ਦੀ ਉਮੀਦ ਸੀ। ਹਵਾਈ ਅੱਡੇ ਵਰਗੇ ਸੰਵੇਦਨਸ਼ੀਲ ਸਥਾਨ ‘ਤੇ ਸੁਰੱਖਿਆ ਅਤੇ ਪ੍ਰਕਿਰਿਆ ਦੀ ਅਜਿਹੀ ਵੱਡੀ ਲਾਪਰਵਾਹੀ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਅਤੇ ਸਰਕਾਰ ਵੱਲੋਂ ਗੰਭੀਰ ਕਦਮ ਚੁੱਕੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਤਿੰਨ ਇਤਾਲਵੀ ਨਾਗਰਿਕ ਸੁਰਜੀਤ ਸਿੰਘ, ਬਲਵਿੰਦਰ ਕੌਰ ਅਤੇ ਗੁਰਦੇਵ ਸਿੰਘ 3 ਅਤੇ 4 ਸਤੰਬਰ ਦੀ ਦਰਮਿਆਨੀ ਰਾਤ ਨੂੰ ਏਅਰ ਇੰਡੀਆ ਦੀ ਫਲਾਈਟ ਏਆਈ1115 ਰਾਹੀਂ ਅੰਮ੍ਰਿਤਸਰ ਤੋਂ ਦਿੱਲੀ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ 4 ਸਤੰਬਰ ਨੂੰ ਸਵੇਰੇ 1:45 ਵਜੇ ਮਿਊਨਿਖ ਲਈ ਲੁਫ਼ਥਾਂਸਾ ਦੀ ਫਲਾਈਟ ਐੱਲਐੱਚ763 ਫੜੀ, ਜਦੋਂ ਕਿ ਉਨ੍ਹਾਂ ਨੇ ਰਵਾਨਗੀ ਸਮੇਂ ਦੀ ਲਾਜ਼ਮੀ ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ਹੀ ਨਹੀਂ ਕੀਤੀ। ਮੰਤਰਾਲੇ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਏਅਰ ਇੰਡੀਆ ਨੂੰ ਸੱਤ ਦਿਨਾਂ ਦਾ ਸਮਾਂ ਦਿੱਤਾ ਹੈ ਕਿ ਉਹ ਸਪੱਸ਼ਟ ਕਰੇ ਕਿ ਪ੍ਰਵਾਨਿਤ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ (ਐੱਸ.ਓ.ਪੀ.) ਦੀ ਉਲੰਘਣਾ ਕਰਨ ਅਤੇ ਇਮੀਗ੍ਰੇਸ਼ਨ ਤੋਂ ਬਚਣ ਲਈ ਲੋੜੀਂਦੇ ਚੈੱਕ ਨਾ ਲਗਾਉਣ ਕਾਰਨ ਉਨ੍ਹਾਂ ਖ਼ਿਲਾਫ਼ ਕਾਰਵਾਈ ਕਿਉਂ ਨਾ ਕੀਤੀ ਜਾਵੇ।

ਮੰਤਰਾਲੇ ਦੇ ਨੋਟਿਸ ਅਨੁਸਾਰ ਤਿੰਨੋਂ ਯਾਤਰੀ ਏਆਈ1115 ਰਾਹੀਂ ਰਾਤ 12:50 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ ਸਨ। ਯਾਤਰੀਆਂ ਨੂੰ ਅੰਮ੍ਰਿਤਸਰ ਵਿਚ ਹੀ ਅੰਮ੍ਰਿਤਸਰ-ਦਿੱਲੀ ਸੈਕਟਰ ਦੇ ਨਾਲ-ਨਾਲ ਅੱਗੇ ਦੀ ਲੁਫ਼ਥਾਂਸਾ ਯਾਤਰਾ ਲਈ ਵੀ ਬੋਰਡਿੰਗ ਪਾਸ ਜਾਰੀ ਕਰ ਦਿੱਤੇ ਗਏ ਸਨ ਪਰ ਦਿੱਲੀ ਪਹੁੰਚਣ ’ਤੇ ਉਨ੍ਹਾਂ ਨੂੰ ਡੋਮੈਸਟਿਕ ਟਰਾਂਸਫਰ ਦੀ ਬਜਾਏ ਅੰਤਰਰਾਸ਼ਟਰੀ ਤੋਂ ਅੰਤਰਰਾਸ਼ਟਰੀ (ਆਈ-ਟੂ-ਆਈ) ਟਰਾਂਸਫਰ ਖੇਤਰ ਵਿੱਚ ਪਹੁੰਚਾ ਦਿੱਤਾ ਗਿਆ। ਇਸ ਗਲਤ ਰਸਤੇ ਕਾਰਨ ਉਹ ਇਮੀਗ੍ਰੇਸ਼ਨ ਦੀਆਂ ਰਸਮੀ ਕਾਰਵਾਈਆਂ ਪੂਰੀਆਂ ਕੀਤੇ ਬਿਨਾਂ ਹੀ ਆਪਣੇ ਮਿਊਨਿਖ ਵਾਲੇ ਜਹਾਜ਼ ਵੱਲ ਚਲੇ ਗਏ।

Share: