ਲੁਧਿਆਣਾ : ਮੰਡੀ ਅਹਿਮਦਗੜ੍ਹ ਦੇ 20 ਸਾਲਾ ਆਟੋ ਰਿਕਸ਼ਾ ਚਾਲਕ ਸ਼ਹਿਬਾਜ਼ ਨੇ ਰਿਸ਼ਤੇਦਾਰਾਂ ਦੀ ਨਾਰਾਜ਼ਗੀ ਦੀ ਪਰਵਾਹ ਕੀਤੇ ਬਿਨਾਂ ਆਪਣੇ ਘਰ ਭਗਵਾਨ ਗਣੇਸ਼ ਦੀ ਮੂਰਤੀ ਸਥਾਪਤ ਕਰਕੇ ਆਪਸੀ ਭਾਈਚਾਰੇ ਦੀ ਇੱਕ ਮਿਸਾਲ ਕਾਇਮ ਕੀਤੀ ਹੈ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਉਸ ਦੇ ਮਾਪਿਆਂ ਨੇ ਹਿੰਦੂ ਦੇਵਤੇ ਦੀ ਪੂਜਾ ਕਰਨ ਦੀ ਇਜਾਜ਼ਤ ਦਿੱਤੀ ਹੈ, ਤਾਂ ਸ਼ਹਿਬਾਜ਼ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਧਰਮ ਸਾਨੂੰ ਪਿਆਰ ਸਿਖਾਉਂਦਾ ਹੈ, ਨਫ਼ਰਤ ਨਹੀਂ। ‘ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਸ਼ਹਿਬਾਜ਼ ਨੇ ਦੱਸਿਆ, “ਮੇਰੇ ਮਾਤਾ-ਪਿਤਾ ਨੂੰ ਘਰ ਵਿੱਚ ਭਗਵਾਨ ਗਣੇਸ਼ ਦੀ ਮੂਰਤੀ ਰੱਖਣ ’ਤੇ ਕੋਈ ਇਤਰਾਜ਼ ਨਹੀਂ ਹੈ, ਪਰ ਹਾਂ, ਦੂਜੇ ਧਰਮ ਦੇ ਦੇਵਤਿਆਂ ਦੀ ਪੂਜਾ ਕਰਨ ’ਤੇ ਰਿਸ਼ਤੇਦਾਰ ਜ਼ਰੂਰ ਵਿਰੋਧ ਕਰਦੇ ਹਨ। ਮੈਂ ਅਗਲੇ 10 ਦਿਨਾਂ ਲਈ ਭਗਵਾਨ ਗਣੇਸ਼ ਨੂੰ ਆਪਣੇ ਘਰ ਰੱਖਾਂਗਾ ਅਤੇ 25 ਸਤੰਬਰ ਨੂੰ ਪੂਰੇ ਰੀਤੀ-ਰਿਵਾਜਾਂ ਨਾਲ ਮੂਰਤੀ ਦਾ ਵਿਸਰਜਨ ਕਰਾਂਗਾ।” ਉਸ ਨੇ ਦੱਸਿਆ ਕਿ ਉਹ ਮੰਡੀ ਅਹਿਮਦਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹੁੰਦੀਆਂ ਰਾਮਲੀਲਾਵਾਂ ਵਿੱਚ ਵੀ ਹਿੱਸਾ ਲੈਂਦਾ ਰਿਹਾ ਹੈ। ਉਸ ਨੇ ਕਿਹਾ, “ਮੈਂ ਰਾਮਲੀਲਾ ਵਿੱਚ ਸੀਤਾ ਦਾ ਰੋਲ ਅਤੇ ਹੋਰ ਕਈ ਕਿਰਦਾਰ ਨਿਭਾਏ ਹਨ ਅਤੇ ਮੈਨੂੰ ਇਹ ਰੋਲ ਨਿਭਾਉਣਾ ਬਹੁਤ ਪਸੰਦ ਹੈ।” ਇਸ ਤੋਂ ਪਹਿਲਾਂ ਵੀ ਸ਼ਹਿਬਾਜ਼ ਨੇ ਆਪਣੇ ਘਰ ‘ਲੱਡੂ ਗੋਪਾਲ’ (ਸ਼੍ਰੀ ਕ੍ਰਿਸ਼ਨ) ਦੀ ਮੂਰਤੀ ਰੱਖੀ ਹੋਈ ਸੀ ਅਤੇ ਉਹ ਰੋਜ਼ਾਨਾ ਉਨ੍ਹਾਂ ਦੀ ਪੂਜਾ ਕਰਦਾ ਸੀ। ਲਗਭਗ ਪੰਜ ਸਾਲਾਂ ਬਾਅਦ ਜਦੋਂ ਮੂਰਤੀ ਖੰਡਿਤ ਹੋ ਗਈ, ਤਾਂ ਉਸ ਨੇ ਇਸ ਨੂੰ ਮੰਦਰ ਵਿੱਚ ਛੱਡ ਦਿੱਤਾ। ਉਸ ਦਾ ਕਹਿਣਾ ਹੈ ਕਿ ਹਿੰਦੂ ਦੇਵਤਿਆਂ ਦੀ ਪੂਜਾ ਕਰਨ ਦਾ ਮਤਲਬ ਇਹ ਨਹੀਂ ਕਿ ਉਹ ਇਸਲਾਮ ਵਿੱਚ ਵਿਸ਼ਵਾਸ ਨਹੀਂ ਰੱਖਦਾ। ਉਹ ਇਸਲਾਮੀ ਦਿਸਾ-ਨਿਰਦੇਸ਼ਾਂ ਅਨੁਸਾਰ ਰੋਜ਼ਾਨਾ ਨਮਾਜ਼ ਅਦਾ ਕਰਦਾ ਹੈ ਅਤੇ ਆਪਣੇ ਧਾਰਮਿਕ ਨਿਯਮਾਂ ਦਾ ਪੂਰੀ ਸ਼ਰਧਾ ਨਾਲ ਪਾਲਣ ਕਰਦਾ ਹੈ। ਸ਼ਹਿਬਾਜ਼ ਨੇ ਕਿਹਾ ਕਿ ਕੋਈ ਵੀ ਧਰਮ ਵੰਡੀਆਂ ਪਾਉਣਾ ਨਹੀਂ ਸਿਖਾਉਂਦਾ, ਇਹ ਸਭ ਸਾਡੇ ਮਨਾਂ ਦਾ ਭਰਮ ਹੈ। ਧਾਰਮਿਕ ਬੰਧਨਾਂ ਨੂੰ ਤੋੜਦਿਆਂ ਉਹ ਕਸਬੇ ਵਿੱਚ ਅਜਿਹਾ ਕਰਨ ਵਾਲਾ ਮੁਸਲਿਮ ਭਾਈਚਾਰੇ ਦਾ ਪਹਿਲਾ ਵਿਅਕਤੀ ਬਣ ਗਿਆ ਹੈ। ਉਸ ਨੇ ਕਿਹਾ, “ਜਦੋਂ ਮੈਂ ਪਹਿਲੀ ਵਾਰ ਗਣੇਸ਼ ਉਤਸਵ ਦੌਰਾਨ ਪੂਜਾ ਕੀਤੀ ਸੀ ਤਾਂ ਮੇਰੇ ਰਿਸ਼ਤੇਦਾਰ ਲਾਲ-ਪੀਲੇ ਹੋ ਗਏ ਸਨ। ਹਾਲਾਂਕਿ, ਮੈਂ ਆਪਣੇ ਫੈਸਲੇ ’ਤੇ ਦ੍ਰਿੜ੍ਹ ਰਿਹਾ ਅਤੇ ਬਿਨਾਂ ਕਿਸੇ ਅੰਜਾਮ ਦੇ ਡਰ ਤੋਂ ਇਸ ’ਤੇ ਪਹਿਰਾ ਦਿੱਤਾ। ਮੇਰੇ ਮਾਤਾ-ਪਿਤਾ ਨੇ ਮੇਰੇ ਫੈਸਲੇ ਦਾ ਸਮਰਥਨ ਕੀਤਾ। ਪੂਜਾ ਦੌਰਾਨ ਮੇਰੇ ਕਈ ਹਿੰਦੂ ਦੋਸਤ ਵੀ ਮੇਰੇ ਨਾਲ ਸ਼ਾਮਲ ਹੁੰਦੇ ਹਨ। ਮੇਰਾ ਮੰਨਣਾ ਹੈ ਕਿ ਮੇਰੀ ਆਸਥਾ ਅਤੇ ਅੱਲਾਹ ਦਾ ਆਸ਼ੀਰਵਾਦ ਮੈਨੂੰ ਬਿਨਾਂ ਕਿਸੇ ਰੁਕਾਵਟ ਦੇ ਹਿੰਦੂ ਤਿਉਹਾਰ ਮਨਾਉਣ ਦੀ ਸ਼ਕਤੀ ਦਿੰਦਾ ਹੈ।”
Posted inLudhiana
‘ਕੋਈ ਵੀ ਧਰਮ ਨਫ਼ਰਤ ਨਹੀਂ ਸਿਖਾਉਂਦਾ..’,ਧਰਮਾਂ ਦੀਆਂ ਸਰਹੱਦਾਂ ਤੋੜ ਕੇ ਮੁਸਲਿਮ ਨੌਜਵਾਨ Shehbaz ਨੇ ਘਰ ’ਚ ਸਥਾਪਤ ਕੀਤੀ ਭਗਵਾਨ ਗਣੇਸ਼ ਦੀ ਮੂਰਤੀ

