ਜਲੰਧਰ ਵਿੱਚ ਚਾਰ ਸਾਲ ਦੇ ਬੱਚੇ ਨੂੰ ਅਗਵਾ ਕਰਨ ਵਾਲਾ ਮੁਲਜ਼ਮ ਪੁਲੀਸ ਨੇ ਦਬੋਚਿਆ

ਜਲੰਧਰ ਵਿੱਚ ਚਾਰ ਸਾਲ ਦੇ ਬੱਚੇ ਨੂੰ ਅਗਵਾ ਕਰਨ ਵਾਲਾ ਮੁਲਜ਼ਮ ਪੁਲੀਸ ਨੇ ਦਬੋਚਿਆ

ਜਲੰਧਰ (ਮਨੀਸ਼ ਰਿਹਾਨ) :  ਜਲੰਧਰ ਵਿੱਚ ਚਾਰ ਸਾਲ ਦੇ ਬੱਚੇ ਨੂੰ ਅਗਵਾ ਕਰਕੇ ਇੱਕ ਲੱਖ ਰੁਪਏ ਵਿੱਚ ਵੇਚਣ ਦਾ ਸੌਦਾ ਕਰਨ ਵਾਲੇ ਮੁਲਜ਼ਮ ਨੂੰ ਜਲੰਧਰ ਪੁਲੀਸ ਨੇ ਦਬੋਚ ਲਿਆ ਹੈ। ਉਸ ਦੀ ਪਛਾਣ ਆਦਮਪੁਰ ਦੇ ਰਹਿਣ ਵਾਲੇ ਰਜਤ ਰੱਤੂ ਉਰਫ਼ ਰੋਕੀ ਵਜੋਂ ਹੋਈ ਹੈ ਅਤੇ ਉਹ ਪੇਸ਼ੇ ਵਜੋਂ ਡਰਾਈਵਰ ਹੈ।

ਇਸ ਸਬੰਧੀ ਪੁਲੀਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਚਾਰ ਸਾਲ ਦੇ ਬੱਚੇ ਨੂੰ ਅਗਵਾ ਕਰਨ ਦੀ ਵਾਰਦਾਤ ਨੂੰ ਹੱਲ ਕਰਦਿਆਂ ਪੁਲੀਸ ਦੀ ਟੀਮ ਨੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਨੇ ਜਾਂਚ ਦੌਰਾਨ ਦੱਸਿਆ ਕਿ ਉਸ ਨੇ ਬੱਚੇ ਨੂੰ ਇੱਕ ਲੱਖ ਰੁਪਏ ਵਿੱਚ ਵੇਚਣਾ ਸੀ ਅਤੇ ਇਸ ਲਈ 20 ਹ਼ਜ਼ਾਰ ਰੁਪਏ ਪੇਸ਼ਗੀ ਵਜੋਂ ਲਏ ਸਨ।

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਸ ਨੇ ਇਹ ਵਾਰਦਾਤ ਪਹਿਲੀ ਵਾਰ ਕੀਤੀ ਸੀ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਨੇ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਉਸ ਦੇ ਕੱਪੜੇ ਬਦਲਵਾਏ ਸਨ ਅਤੇ ਉਸ ਦੀ ਪਛਾਣ ਲੁਕਾਉਣ ਲਈ ਹਰ ਸੰਭਵ ਯਤਨ ਕੀਤੇ ਸਨ। ਪੁਲੀਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਕਾਰਵਾਈ ਕਰਦਿਆਂ ਬੱਚੇ ਦੇ ਕੱਪੜੇ ਵੀ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਬਸਤੀ ਬਾਵਾ ਖੇਲ ਦੇ ਪੰਨੂ ਵਿਹਾਰ ਇਲਾਕੇ ਵਿੱਚੋਂ ਚਾਰ ਸਾਲ ਦੇ ਬੱਚੇ ਕੇਸ਼ਵ ਨੂੰ ਰਜਤ ਉਰਫ਼ ਰੋਕੀ ਆਪਣੇ ਸਾਥੀ ਪ੍ਰਿੰਸ ਦੀ ਮਦਦ ਨਾਲ ਅਗਵਾ ਕਰਕੇ ਆਪਣੀ ਸਕੂਟਰੀ ‘ਤੇ ਬਿਠਾ ਕੇ ਲੈ ਗਿਆ ਸੀ। ਜਲੰਧਰ ਪੁਲੀਸ ਵੱਲੋਂ ਕੀਤੀ ਨਾਕਾਬੰਦੀ ਮੌਕੇ ਫੜੇ ਜਾਣ ਦੇ ਡਰ ਤੋਂ ਅਗਵਾਕਾਰ ਬੱਚੇ ਨੂੰ ਬੱਸ ਅੱਡੇ ਨੇੜੇ ਛੱਡ ਕੇ ਫ਼ਰਾਰ ਹੋ ਗਏ ਸਨ। ਪੁਲੀਸ ਨੇ ਬੱਚੇ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਸੀ।
Share: