ਜਲੰਧਰ (ਮਨੀਸ਼ ਰਿਹਾਨ) : “ਕਿਸੇ ਦਾ ਇੱਕ ਮਰਦਾ, ਕਿਸੇ ਦੇ ਦੋ ਮਰਦੇ, ਗ਼ਲਤੀ ਸਰਕਾਰ ਦੀ ਹੈ, ਹਰਜਾਨੇ ਲੋਕ ਭਰਦੇ, ਨਹੀਂ ਚੱਲਣਾ ਹੁਣ ਬਹੁਤਾ ਚਿਰ ਝਾੜੂ ਵਾਲਿਆਂ ਦਾ ਕਾਰਾ, ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ।” ਇਹ ਬੋਲ ਭਾਜਪਾ ਦੇ ਨਵੇਂ ਨਸ਼ਾ-ਵਿਰੋਧੀ ਗੀਤ ਦੇ ਹਨ, ਜੋ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ‘ਆਪ’ ਸਰਕਾਰ ‘ਤੇ ਨਿਸ਼ਾਨਾ ਸੇਧ ਰਹੇ ਹੈ। ਦਰਅਸਲ ਆਗਾਮੀ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਨਸ਼ਿਆਂ ਨੂੰ ਭਾਜਪਾ ਵੱਲੋਂ ਅਹਿਮ ਚੋਣ ਮੁੱਦਾ ਬਣਾਏ ਜਾਣ ਦੇ ਮੱਦੇਨਜ਼ਰ, ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਨਸ਼ਾ-ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਭਾਜਪਾ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਵੀ ਮਾਈਕ ਸੰਭਾਲਦਿਆਂ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ‘ਤੇ ਗੀਤ ਗਾਇਆ ਹੈ।
‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ, ਪਾਰਟੀ ਨੇ ਨਸ਼ਿਆਂ ਦੇ ਮੁੱਦੇ ‘ਤੇ ‘ਆਪ’ ਸਰਕਾਰ ਨੂੰ ਘੇਰਨ ਲਈ ਕਈ ਗੀਤ, ਵੀਡੀਓਜ਼ ਅਤੇ ਰੀਲਜ਼ ਜਾਰੀ ਕੀਤੇ ਹਨ। ਇਨ੍ਹਾਂ ਵਿੱਚੋਂ ਦੋ ਵੀਡੀਓਜ਼ ‘ਚ “ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ” ਅਤੇ “ਛੇਵਾਂ ਦਰਿਆ” ਗੀਤ ਸ਼ਾਮਲ ਹਨ। ਜਿੱਥੇ ਪਹਿਲਾ ਗੀਤ ਭਾਜਪਾ ਦਾ ਰਸਮੀ ਨਸ਼ਾ-ਵਿਰੋਧੀ ਮੁਹਿੰਮ ਗੀਤ ਹੈ, ਜਿਸ ਨੂੰ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਸ਼ੁਰੂਆਤ ਮੌਕੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਵੀ ਜਾਰੀ ਕੀਤਾ ਗਿਆ ਸੀ, ਉੱਥੇ ਹੀ ਦੂਜਾ ਗੀਤ ਭਾਜਪਾ ਦੇ ਸੰਸਦ ਮੈਂਬਰ ਵਿਕਰਮਜੀਤ ਸਾਹਨੀ ਵੱਲੋਂ ਤਿਆਰ ਅਤੇ ਗਾਇਆ ਗਿਆ ਹੈ। ‘ਛੇਵਾਂ ਦਰਿਆ’ ਗੀਤ ਸਾਹਨੀ ਵੱਲੋਂ ਸੰਗੀਤਕਾਰ/ਲੇਖਕ ਜਗਮੀਤ ਬੱਲ ਦੇ ਸਹਿਯੋਗ ਨਾਲ ਲਿਖਿਆ ਗਿਆ ਹੈ।ਦੂਜੇ ਪਾਸੇ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਵਿਕਰਮਜੀਤ ਸਾਹਨੀ ਉੱਤੇ ਨਿਸ਼ਾਨਾ ਸੇਧਦਿਆਂ ਕਿਹਾ, “‘ਆਪ’ ਛੱਡਣ ਦੇ ਮਹਿਜ਼ ਤਿੰਨ ਮਹੀਨਿਆਂ ਦੇ ਅੰਦਰ ਹੀ ਸੰਸਦ ਮੈਂਬਰ ਸਾਹਨੀ ਨੂੰ ਅਚਾਨਕ ਨਸ਼ਿਆਂ ਦੀ ਸਮੱਸਿਆ ਦਿਖਾਈ ਦੇਣ ਲੱਗ ਪਈ ਹੈ ਅਤੇ ਉਨ੍ਹਾਂ ਨੇ ਇਸ ‘ਤੇ ਗੀਤ ਰਿਲੀਜ਼ ਕਰਨੇ ਸ਼ੁਰੂ ਕਰ ਦਿੱਤੇ ਹਨ। ਕੀ ਇਹ ਮੁੱਦਾ ਪਹਿਲਾਂ ਨਹੀਂ ਸੀ, ਸਿਰਫ਼ ਤਿੰਨ ਮਹੀਨਿਆਂ ਵਿੱਚ ਹੀ ਪੈਦਾ ਹੋਇਆ ਹੈ? ਇਹ ਭਾਜਪਾ ਵੱਲੋਂ ਲਿਆਂਦਾ ਗਿਆ ਇੱਕ ਅਚਾਨਕ ਬਦਲਾਅ ਹੈ। ਭਾਜਪਾ ਸਿਰਫ਼ ਗੀਤ ਬਣਾਉਣੇ ਹੀ ਜਾਣਦੀ ਹੈ ਪਰ ਅਸੀਂ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਹਾਂ।” ਬਾਲੀ ਨੇ ਕਿਹਾ, ”ਅਸੀਂ ਵੀਡੀਓਜ਼ ਇਸ ਲਈ ਨਹੀਂ ਬਣਾ ਰਹੇ ਕਿਉਂਕਿ ਸਾਡੇ ਕੋਲ ਕਰਨ ਲਈ ਕੰਮ ਹੈ। ਕਿਸੇ ਵੀ ਸਰਕਾਰ ਵੱਲੋਂ ਪਹਿਲਾਂ ਕਦੇ ਵੀ ਇੰਨੇ ਵੱਡੇ ਪੱਧਰ ‘ਤੇ ਕੋਈ ਸੰਗਠਿਤ ਨਸ਼ਾ ਮੁਕਤੀ ਮੁਹਿੰਮ ਨਹੀਂ ਚਲਾਈ ਗਈ, ਜਿਵੇਂ ਕਿ ‘ਆਪ’ ਵੱਲੋਂ ਚਲਾਈ ਗਈ ਹੈ। ਰੋਜ਼ਾਨਾ ਸਖ਼ਤ ਨਿਗਰਾਨੀ ਕੀਤੀ ਜਾਂਦੀ ਹੈ, ਰਿਪੋਰਟਾਂ ਭੇਜੀਆਂ ਜਾਂਦੀਆਂ ਹਨ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਇਨ੍ਹਾਂ ‘ਤੇ ਗੰਭੀਰ ਕਾਰਵਾਈ ਕੀਤੀ ਜਾਂਦੀ ਹੈ।ਭਾਜਪਾ ਦੇ ਸੰਸਦ ਮੈਂਬਰ ਵਿਕਰਮਜੀਤ ਸਾਹਨੀ, (ਜੋ ਪਹਿਲਾਂ ਵੀ ਕਈ ਸਿੱਖ ਧਾਰਮਿਕ ਅਤੇ ਸੂਫ਼ੀ ਗੀਤ ਗਾ ਚੁੱਕੇ ਹਨ) ਨੇ ਕਿਹਾ, “ਮੈਨੂੰ ਸੂਫ਼ੀ ਸੰਗੀਤ ਬਹੁਤ ਪਸੰਦ ਹੈ। ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਅੱਜ ਸੂਬੇ ਵਿੱਚ ਨਸ਼ਾ ਛੇਵੇਂ ਬੇਰੋਕ ਦਰਿਆ ਵਜੋਂ ਵਗ ਰਿਹਾ ਹੈ। ਲੱਖਾਂ ਪੰਜਾਬੀ, ਜਿਨ੍ਹਾਂ ਵਿੱਚ ਬਹੁਤ ਸਾਰੇ ਨੌਜਵਾਨ ਸ਼ਾਮਲ ਹਨ, ਨਸ਼ਿਆਂ ਦੀ ਲਪੇਟ ਵਿੱਚ ਹਨ। ਇਹ ਗੀਤ ਲੋਕਾਂ ਨੂੰ ਪੰਜਾਬ ਦੇ ਸੱਭਿਆਚਾਰਕ ਵਿਰਸੇ, ਲੋਕ ਨਾਚਾਂ ਅਤੇ ਭੰਗੜੇ ਦੀ ਯਾਦ ਦਿਵਾਉਂਦਾ ਹੈ, ਜਿਸ ਨੂੰ ਨਸ਼ਿਆਂ ਦੀ ਅਲਾਮਤ ਵਿਰੁੱਧ ਲੜਨ ਲਈ ਮੁੜ ਸੁਰਜੀਤ ਕਰਨ ਦੀ ਲੋੜ ਹੈ।”

