ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗੱਠਜੋੜ ਨੂੰ ਲੈ ਕੇ ਅੰਦਰੂਨੀ ਤੌਰ ’ਤੇ ਸਿਆਸੀ ਖਿਚੜੀ ਪੱਕਣ ਲੱਗ ਪਈ ਹੈ। ਬਾਹਰੀ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਗੱਠਜੋੜ ਲਈ ਕਾਹਲਾ ਜਾਪਦਾ ਹੈ, ਜਦੋਂ ਕਿ ਭਾਜਪਾ ਲਗਾਤਾਰ ਗੱਠਜੋੜ ਪ੍ਰਤੀ ਸੰਜਮੀ ਨੀਤੀ ’ਤੇ ਚੱਲ ਰਹੀ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ ਐੱਲ ਸੰਤੋਸ਼ ਨੇ ਅੱਜ ਪਟਿਆਲਾ ’ਚ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਪੰਜਾਬ ’ਚ ਆਗਾਮੀ ਵਿਧਾਨ ਸਭਾ ਚੋਣਾਂ 117 ਹਲਕਿਆਂ ’ਚ ਆਪਣੇ ਦਮ ’ਤੇ ਲੜੇਗੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਹਿਲਾਂ ਹੀ ਆਖ ਚੁੱਕੇ ਹਨ ਕਿ ਉਨ੍ਹਾਂ ਦਾ ਗੱਠਜੋੜ ਪੰਜਾਬ ਦੇ ਲੋਕਾਂ ਨਾਲ ਹੋਵੇਗਾ।
ਇਹੋ ਗੱਲ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਕਈ ਵਾਰ ਆਖ ਚੁੱਕੇ ਹਨ। ਦੂਜੇ ਪਾਸੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਬਰਸੀ ਸਮਾਗਮ ਮੌਕੇ ਸੂਬੇ ਦੇ ਭਲੇ ਅਤੇ ਤਰੱਕੀ ਲਈ ਗੱਠਜੋੜ ਵੱਲ ਇਸ਼ਾਰਾ ਕਰ ਚੁੱਕੇ ਹਨ ਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੀ ਇਸੇ ਤਰਜ਼ ’ਤੇ ਆਖ ਰਹੇ ਹਨ ਕਿ ਲੋਕ ਸੂਬੇ ਦੇ ਵਿਕਾਸ ਲਈ ਗੱਠਜੋੜ ਸਰਕਾਰ ਚਾਹੁੰਦੇ ਹਨ। ਉਂਜ ਕਿਧਰੋਂ ਵੀ ਗੱਠਜੋੜ ਹੋਣ ਦਾ ਇਸ਼ਾਰਾ ਨਹੀਂ ਜਾਪਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਰੈਲੀ ’ਚ ਪਰਿਵਾਰਵਾਦ ਦੀ ਗੱਲ ਕਰਦੇ ਹੋਏ ਅਸਿੱਧੇ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਉਪਰ ਨਿਸ਼ਾਨਾ ਲਗਾ ਚੁੱਕੇ ਹਨ। ਸੂਤਰਾਂ ਅਨੁਸਾਰ ਬੀ ਐੱਲ ਸੰਤੋਸ਼ ਨੇ ਵੀ ਪਟਿਆਲਾ ਮੀਟਿੰਗ ’ਚ ਪਰਿਵਾਰਵਾਦ ਦੀ ਗੱਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੂੰ ਜਦੋਂ ਭਾਜਪਾ ਦੇ ਰੌਂਅ ਦੇ ਹਵਾਲੇ ਨਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਨੂੰ ਕੋਈ ਗੱਲ ਕਹਿਣ ਅਤੇ ਚੋਣਾਂ ਲੜਨ ਦਾ ਪੂਰਾ ਹੱਕ ਹੈ। ਸ਼੍ਰੋਮਣੀ ਅਕਾਲੀ ਦਲ 117 ਸੀਟਾਂ ’ਤੇ ਸ਼ੁਰੂ ਤੋਂ ਹੀ ਤਿਆਰੀ ਕਰ ਰਿਹਾ ਹੈ। ਗੱਠਜੋੜ ਬਾਰੇ ਕਦੇ ਵੀ ਅਕਾਲੀ ਦਲ ਨੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ ਅਤੇ ਨਾ ਹੀ ਰਸਮੀ ਤੌਰ ’ਤੇ ਕੁੱਝ ਵੀ ਸ਼ੁਰੂ ਹੋਇਆ ਹੈ।
ਸੂਤਰਾਂ ਮੁਤਾਬਕ ਅੰਦਰੋਂ-ਅੰਦਰੀਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗੱਠਜੋੜ ਦਾ ਮੁੱਢ ਬੱਝ ਚੁੱਕਿਆ ਹੈ। ਇੱਥੋਂ ਤੱਕ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤਰਫ਼ੋਂ ਭਾਜਪਾ ਨੂੰ 35 ਸੀਟਾਂ ਦੀ ਪੇਸ਼ਕਸ਼ ਕੀਤੀ ਗਈ ਹੈ ਜਦੋਂ ਕਿ ਭਾਜਪਾ 45 ਸੀਟਾਂ ’ਤੇ ਅੜੀ ਹੋਈ ਹੈ। ਇਹ ਵੀ ਚਰਚਾ ਹੈ ਕਿ ਜੇ ਕੋਈ ਗੱਠਜੋੜ ਬਣਦਾ ਹੈ ਤਾਂ ਉਸ ਦਾ ਹਿੱਸਾ ਅਕਾਲੀ ਦਲ (ਪੁਨਰ ਸੁਰਜੀਤ) ਵੀ ਹੋ ਸਕਦਾ ਹੈ।
ਪਿਛਲੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੇ ਪੰਜਾਬ ’ਚ 23 ਸੀਟਾਂ ’ਤੇ ਲੀਡ ਲਈ ਸੀ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ 9 ਸੀਟਾਂ ’ਤੇ ਲੀਡ ਕੀਤਾ ਸੀ। 21 ਸੀਟਾਂ ਅਜਿਹੀਆਂ ਸਨ ਜਿੱਥੇ ਅਕਾਲੀ ਦਲ ਤੇ ਭਾਜਪਾ ਦੋਵਾਂ ਦੇ ਅੰਕੜੇ ਜੋੜ ਕੇ ਲੀਡ ਦੀ ਸਥਿਤੀ ਬਣਦੀ ਸੀ। ਦੋਵੇਂ ਧਿਰਾਂ ਦੇ ਗੱਠਜੋੜ ਦੇ ਚਾਹਵਾਨ ਇਹ ਦਲੀਲ ਦੇ ਰਹੇ ਹਨ ਕਿ ਪਿਛਲੀਆਂ ਲੋਕ ਸਭਾ ਚੋਣਾਂ ’ਚ ਅਕਾਲੀ ਦਲ ਅਤੇ ਭਾਜਪਾ ਨੇ ਕਰੀਬ 53 ਸੀਟਾਂ ’ਤੇ ਲੀਡ ਕੀਤਾ ਹੈ।

