ਪਿੰਡਾਂ ਦੇ ਨੌਜਵਾਨਾਂ ਨੂੰ 500 ਆਧੁਨਿਕ ਪੇਂਡੂ ਖੇਡ ਮੈਦਾਨਾਂ ਦਾ ਤੋਹਫਾ: Bhagwant Mann

ਪਿੰਡਾਂ ਦੇ ਨੌਜਵਾਨਾਂ ਨੂੰ 500 ਆਧੁਨਿਕ ਪੇਂਡੂ ਖੇਡ ਮੈਦਾਨਾਂ ਦਾ ਤੋਹਫਾ: Bhagwant Mann

ਘੱਗਾ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਿੰਡ ਦੇਧਨਾ ਤੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਾਪਤ ਕੀਤੇ 509 ਤੋਂ ਵੱਧ ਆਧੁਨਿਕ ਪੇਂਡੂ ਖੇਡ ਮੈਦਾਨਾਂ ਦਾ ਉਦਘਾਟਨ ਕਰ ਕੇ ਜ਼ਮੀਨੀ ਪੱਧਰ ’ਤੇ ਖੇਡਾਂ ਨੂੰ ਹੁਲਾਰਾ ਦੇਣ ਵੱਲ ਵੱਡਾ ਕਦਮ ਵਧਾਇਆ ਹੈ| ਇਸ ਦੇ ਨਾਲ ਹੀ ਹੁਣ ਤੱਕ ਨੌਜਵਾਨਾਂ ਨੂੰ ਸਮਰਪਿਤ ਕੀਤੇ ਗਏ ਖੇਡ ਮੈਦਾਨਾਂ ਦੀ ਕੁੱਲ ਗਿਣਤੀ 764 ਹੋ ਗਈ ਹੈ| ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਪਿੰਡਾਂ ਦੇ ਨੌਜਵਾਨਾਂ ਨੂੰ ਆਲਮੀ ਪੱਧਰ ਦੀਆਂ ਖੇਡ ਸਹੂਲਤਾਂ ਮੁਹੱਈਆ ਕਰੇਗੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੁੜਨ ਦੇ ਸੁਨੇਹੇ ਨੂੰ ਉਤਸ਼ਾਹਿਤ ਕਰਦਿਆਂ ਨਸ਼ਿਆਂ ਵਿਰੁੱਧ ਸਰਕਾਰ ਦੀ ਲੜਾਈ ਨੂੰ ਹੋਰ ਮਜ਼ਬੂਤ ਕਰੇਗੀ| ਉਪਰੰਤ ਮੁੱਖ ਮੰਤਰੀ ਮਾਨ ਨੇ ਘੱਗਾ ਵਿੱਚ ਰੈਲੀ ਵਿੱਚ ਕਿਹਾ ਕਿ ਸਰਕਾਰ ਇਸ ਸਾਲ ਪੰਜਾਬ ਭਰ ਵਿੱਚ 1,744 ਕਰੋੜ ਰੁਪਏ ਦੇ ਖੇਡ ਬਜਟ ਨਾਲ 3,100 ਪੇਂਡੂ ਖੇਡ ਮੈਦਾਨ ਵਿਕਸਤ ਕਰ ਰਹੀ ਹੈ| ਇਸ ਦੇ ਨਾਲ ਹੀ ਖਿਡਾਰੀਆਂ ਨੂੰ ਤਿਆਰੀ ਵਾਸਤੇ ਵਿੱਤੀ ਸਹਾਇਤਾ ਮੁਹੱਈਆ ਕਰਨ ਤੋਂ ਇਲਾਵਾ ਪਿੰਡਾਂ ਵਿੱਚ 6000 ਜਿਮਾਂ ਦੀ ਸਥਾਪਨਾ ਦਾ ਕੰਮ ਵੀ ਜੰਗੀ ਪੱਧਰ ’ਤੇ ਜਾਰੀ ਹੈ| ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਨਵੀਂ ਰਜਿਸਟਰੇਸ਼ਨ ਕਰਵਾਉਣ ਵਾਲੀਆਂ ਮਾਵਾਂ-ਭੈਣਾਂ ਦੇ ਖਾਤਿਆਂ ਵਿੱਚ ਰੱਖੜੀ ਦੇ ਤਿਉਹਾਰ ਮੌਕੇ ਸਨਮਾਨ ਰਾਸ਼ੀ ਜਮ੍ਹਾਂ ਹੋਵੇਗੀ।ਪੰਜਾਬ ਭਰ ਵਿੱਚ 3,100 ਆਧੁਨਿਕ ਪੇਂਡੂ ਖੇਡ ਮੈਦਾਨ ਵਿਕਸਤ ਕਰਨ ਦੀ ਸੂਬਾ ਸਰਕਾਰ ਦੀ ਯੋਜਨਾ ਦੇ ਦੂਜੇ ਪੜਾਅ ਤਹਿਤ ਨੌਜਵਾਨਾਂ ਨੂੰ ਖੇਡ ਮੈਦਾਨ ਸਮਰਪਿਤ ਕਰਨ ਤੋਂ ਬਾਅਦ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਅਤੇ ਜ਼ਮੀਨੀ ਪੱਧਰ ’ਤੇ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਨ ਦੇ ਉਦੇਸ਼ ਨਾਲ ‘ਪੰਜਾਬ ਤੰਦਰੁਸਤ ਸਰੀਰ ਅਤੇ ਤੰਦਰੁਸਤ ਮਨ’ ਦੇ ਟੀਚੇ ਵੱਲ ਲਗਾਤਾਰ ਅੱਗੇ ਵਧ ਰਿਹਾ ਹੈ| ਪਹਿਲੇ ਪੜਾਅ ਤਹਿਤ 255 ਪੇਂਡੂ ਖੇਡ ਮੈਦਾਨ ਸਮਰਪਿਤ ਕਰਨ ਤੋਂ ਬਾਅਦ, ਅੱਜ ਅਸੀਂ ਹੋਰ 509 ਪੇਂਡੂ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ|’’ ਮੁੱਖ ਮੰਤਰੀ ਨੇ ਕਿਹਾ ਕਿ 1,500 ਕਰੋੜ ਰੁਪਏ ਦੇ ਬਜਟ ਨਾਲ ਪੰਜਾਬ ਭਰ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ 3,100 ਪੇਂਡੂ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ| ਦੂਜੇ ਪੜਾਅ ਵਿੱਚ ਸਮਰਪਿਤ ਕੀਤੇ ਜਾ ਰਹੇ 509 ਪੇਂਡੂ ਖੇਡ ਮੈਦਾਨਾਂ ਵਿੱਚੋਂ 43 ਲੁਧਿਆਣਾ ਵਿੱਚ, 41 ਮਾਨਸਾ, 36 ਸੰਗਰੂਰ, 34-34 ਬਠਿੰਡਾ ਤੇ ਪਟਿਆਲਾ, 33 ਸ੍ਰੀ ਮੁਕਤਸਰ ਸਾਹਿਬ, 32 ਅੰਮ੍ਰਿਤਸਰ ਅਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਪਿੰਡਾਂ ਨੂੰ ਸਮਰਪਿਤ ਕੀਤੇ ਗਏ ਹਨ|

ਉਨ੍ਹਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਸੀਜ਼ਨ 5 ਸਤੰਬਰ ਤੋਂ ਬਠਿੰਡਾ ’ਚ ਸ਼ੁਰੂ ਹੋਵੇਗਾ| ਇਹ ਪਹਿਲੀ ਵਾਰ ਹੈ ਕਿ ਪੰਜਾਬ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਦੇ ਮੈਚ ਅਕਤੂਬਰ-ਨਵੰਬਰ ਦੌਰਾਨ ਜਲੰਧਰ ਤੇ ਮੁਹਾਲੀ ਵਿੱਚ ਕਰਵਾਏ ਜਾਣਗੇ| ਪੰਜਾਬ ਵਿੱਚ ਆਈ ਪੀ ਐੱਲ ਦੀ ਤਰਜ਼ ’ਤੇ ਟੀ-20 ਕ੍ਰਿਕਟ ਲੀਗ ਵੀ ਕਰਵਾਈ ਜਾ ਰਹੀ ਹੈ, ਜੋ 30 ਅਗਸਤ ਤੋਂ 13 ਸਤੰਬਰ ਤੱਕ ਪੀ ਸੀ ਏ ਸਟੇਡੀਅਮ, ਮੁਹਾਲੀ ਵਿੱਚ ਖੇਡੀ ਜਾਵੇਗੀ|’’ ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਤੇ ਡਾ. ਬਲਬੀਰ ਸਿੰਘ, ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ, ਸਾਬਕਾ ਵਿਧਾਇਕਾ ਵਨਿੰਦਰ ਕੌਰ ਲੂੰਬਾ, ਡੀ ਟੀ ਓ ਕਰਨ ਸਿੰਘ ਤੇ ਨਵਲਦੀਪ ਸਿੰਘ ਮੌਲਵੀਵਾਲਾ ਮੌਜੂਦ ਸਨ|

Share: