US-Iran Peace Agreement: ਅਮਰੀਕਾ-ਇਰਾਨ ਸ਼ਾਂਤੀ ਸਮਝੌਤਾ ਸਿਰੇ ਚੜ੍ਹਿਆ

US-Iran Peace Agreement: ਅਮਰੀਕਾ-ਇਰਾਨ ਸ਼ਾਂਤੀ ਸਮਝੌਤਾ ਸਿਰੇ ਚੜ੍ਹਿਆ

ਵਾਸ਼ਿੰਗਟਨ/ਇਸਲਾਮਾਬਾਦ : ਰਾਸ਼ਟਰਪਤੀ Donald Trump ਨੇ ਐਲਾਨ ਕੀਤਾ ਹੈ ਕਿ ਅਮਰੀਕਾ ਤੇ ਇਰਾਨ ਨੇ 107 ਦਿਨ ਪੁਰਾਣੀ ਜੰਗ ਖ਼ਤਮ ਕਰਨ ਲਈ ਸ਼ਾਂਤੀ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ।  ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਸੋਮਵਾਰ ਨੂੰ ਮੀਡੀਆ ਇੰਟਰਵਿਊਜ਼ ਵਿੱਚ ਕਿਹਾ ਕਿ ਸਮਝੌਤੇ ’ਤੇ ਐਤਵਾਰ ਨੂੰ ਡਿਜੀਟਲ ਦਸਤਖ਼ਤ ਹੋ ਗਏ ਹਨ ਤੇ ਸਮਝੌਤੇ ਦਾ ਖਰੜਾ ਇਸ ਹਫ਼ਤੇ ਜਨਤਕ ਕਰ ਦਿੱਤਾ ਜਾਵੇਗਾ। ਇੰਟਰਵਿਊ ਦੌਰਾਨ ਹੀ ਟਰੰਪ ਨੇ ਪਰਮਾਣੂ ਸ਼ਰਤਾਂ ਨਾ ਮੰਨਣ ਦੀ ਸੂਰਤ ’ਚ ਤਹਿਰਾਨ ਉੱਤੇ ਫੌਜੀ ਹਮਲੇ ਮੁੜ ਸ਼ੁਰੂ ਕਰਨ ਦੀ ਧਮਕੀ ਦਿੱਤੀ ਹੈ। ਉੱਧਰ ਪਾਕਿਸਤਾਨ ਦੇ ਵਜ਼ੀਰੇ-ਆਜ਼ਮ ਸ਼ਾਹਬਾਜ਼ ਸ਼ਰੀਫ਼ ਮੁਤਾਬਕ ਸ਼ਾਂਤੀ ਸਮਝੌਤਾ 19 ਜੂਨ ਨੂੰ ਸਵਿਟਜ਼ਰਲੈਂਡ ਵਿੱਚ ਸਹੀਬੰਦ ਕੀਤਾ ਜਾਣਾ ਹੈ। ਉਨ੍ਹਾਂ ਇਹ ਦਾਅਵਾ ਸੋਸ਼ਲ ਮੀਡੀਆ ਪੋਸਟ ’ਚ ਕੀਤਾ, ਜੋ ਅੱਗੇ ਟਰੰਪ, ਉਪ ਰਾਸ਼ਟਰਪਤੀ ਜੇ ਡੀ ਵੈਂਸ, ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਤੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੂੰ ਵੀ ਟੈਗ ਕੀਤੀ। ਉੱਧਰ, ਇਰਾਨ ਦੇ ਉਪ ਵਿਦੇਸ਼ ਮੰਤਰੀ ਕਾਸਿਮ ਗਰੀਬਾਬਾਦੀ ਨੇ ਵੀ ਸਰਕਾਰੀ ਟੈਲੀਵਿਜ਼ਨ ਉੱਤੇ ਸਮਝੌਤੇ ਦੀ ਪੁਸ਼ਟੀ ਕੀਤੀ, ਪਰ ਨਾਲ ਹੀ ਕਿਹਾ ਕਿ ਸ਼ੁੱਕਰਵਾਰ ਨੂੰ ਸਮਝੌਤਾ ਸਹੀਬੰਦ ਹੋਣ ਤੋਂ ਬਾਅਦ ਹੀ ਇਸ ਨੂੰ ਅਮਲੀ ਰੂਪ ਵਿੱਚ ਲਾਗੂ ਕੀਤਾ ਜਾਵੇਗਾ।

ਟਰੰਪ ਨੇ ਟਰੁੱਥ ਸੋਸ਼ਲ ਉੱਤੇ ਪੋਸਟ ਵਿੱਚ ਕਿਹਾ, ‘‘ਇਰਾਨ ਦੇ ਇਸਲਾਮਿਕ ਗਣਰਾਜ ਨਾਲ ਸਮਝੌਤਾ ਹੁਣ ਪੂਰਾ ਹੋ ਗਿਆ ਹੈ… ਸਾਰਿਆਂ ਨੂੰ ਵਧਾਈ।’’ ਅਮਰੀਕੀ ਸਦਰ ਨੇ ਕਿਹਾ ਕਿ ਇਸ ਸਮਝੌਤੇ ਨਾਲ ਹਰਮੁਜ਼ ਜਲਮਾਰਗ ਮੁੜ ਖੁੱਲ੍ਹੇਗਾ ਤੇ ਅਮਰੀਕੀ ਜਲ ਸੈਨਾ ਵੱਲੋਂ ਇਰਾਨੀ ਬੰਦਰਗਾਹਾਂ ਦੀ ਕੀਤੀ ਨਾਕੇਬੰਦੀ ਖੁੱਲੇਗੀ। ਉਨ੍ਹਾਂ ਕਿਹਾ, ‘‘ਮੈਂ ਹਰਮੁਜ਼ ਜਲਮਾਰਗ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਖੋਲ੍ਹਣ ਅਤੇ ਨਾਲ ਹੀ ਅਮਰੀਕੀ ਜਲ ਸੈਨਾ ਵੱਲੋਂ ਕੀਤੀ ਨਾਕੇਬੰਦੀ ਹਟਾਉਣ ਦੀ ਮਨਜ਼ੂਰੀ ਦਿੰਦਾ ਹੈ। ਦੁਨੀਆ ਭਰ ਦੇ ਜਹਾਜ਼ੋ ਆਪਣੇ ਇੰਜਣ ਚਾਲੂ ਕਰੋ। ਤੇਲ ਨੂੰ ਵਹਿਣ ਦਿਓ।’’ ਟਰੰਪ ਨੇ ਅਗਲੀ ਪੋਸਟ ਵਿੱਚ ਕਿਹਾ ਕਿ ਸ਼ਾਂਤੀ ਸਮਝੌਤਾ ਆਉਂਦੇ ਸ਼ੁੱਕਰਵਾਰ (19 ਜੂਨ) ਨੂੰ ਅਧਿਕਾਰਤ ਤੌਰ ’ਤੇ ਸਹੀਬੰਦ ਹੋਣ ਮਗਰੋਂ ਹਰਮੁਜ਼ ਜਲਮਾਰਗ ਖੁੱਲ੍ਹ ਜਾਵੇਗਾ। ਉਨ੍ਹਾਂ ਕਿਹਾ, ‘‘ਇਹ ਸ਼ਾਨਦਾਰ ਸਮਝੌਤਾ ਪੂਰੇ ਖੇਤਰ ਵਿੱਚ ਸ਼ਾਂਤੀ ਤੇ ਸੁਰੱਖਿਆ ਲਿਆਏਗਾ। ਮੇਰੇ ਤੋਂ ਪਹਿਲਾਂ ਕਈ ਰਾਸ਼ਟਰਪਤੀਆਂ ਨੇ ਇਰਾਨ ਨਾਲ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਰੇ ਨਾਕਾਮ ਰਹੇ। ਇਸ ਖੇਤਰ ਦੇ ਲੋਕਾਂ ਨੂੰ ਪਹਿਲੀ ਵਾਰ ਅਜਿਹਾ ਰਾਸ਼ਟਰਪਤੀ ਮਿਲਿਆ ਹੈ, ਜੋ ਉਨ੍ਹਾਂ ਨੂੰ ਅਸਲ ਸ਼ਾਂਤੀ ਹਾਸਲ ਕਰਨ ਵਿੱਚ ਮਦਦ ਕਰ ਸਕਦਾ ਹੇ। ਸ਼ੁੱਕਰਵਾਰ ਨੂੰ ਸਮਝੌਤਾ ਸਹੀਬੰਦ ਹੋਣ ਮਗਰੋਂ ਬਾਰੂਦੀ ਸੁਰੰਗਾਂ ਹਟਾਉਣ ਦੇ ਮਕਸਦ ਨਾਲ ਹਰਮੁਜ਼ ਜਲਮਾਰਗ ਖੁੱਲ੍ਹਣ ਨਾਲ ਇਸ ਖੇਤਰ ਤੇ ਕੁੱਲ ਆਲਮ ਲਈ ਦੋਵਾਂ ਪਾਸਿਆਂ ਤੋਂ ਤੇਲ ਦੀ ਸਪਲਾਈ ਸ਼ੁਰੂ ਹੋ ਜਾਵੇਗੀ।’’ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਵੀ ਫੌਕਸ ਨਿਊਜ਼ ਨੂੰ ਦਿੱਤੀ ਇੰਟਰਵਿਊ ਵਿੱਚ ਇਰਾਨ ਨਾਲ ਸ਼ਾਂਤੀ ਸਮਝੌਤੇ ਨੂੰ ‘ਅਮਰੀਕਾ ਲਈ ਵੱਡਾ ਪਲ’ ਦੱਸਿਆ ਹੈ।

ਊਰਜਾ ਸਪਲਾਈ ਆਮ ਵਾਂਗ ਹੋਣ ਨੂੰ ਮਹੀਨੇ ਲੱਗਣਗੇਨਿਊ ਯਾਰਕ: ਮਾਹਿਰਾਂ ਦੀ ਮੰਨੀਏ ਤਾਂ ਅਮਰੀਕਾ ਤੇ ਇਰਾਨ ਵਿਚਾਲੇ ਸ਼ਾਂਤੀ ਸਮਝੌਤਾ ਸਿਰੇ ਚੜ੍ਹਨ ਤੋਂ ਬਾਅਦ ਵੀ ਤੇਲ ਤੇ ਗੈਸ ਦੀ ਸਪਲਾਈ ਆਮ ਵਾਂਗ ਹੋਣ ਨੂੰ ਮਹੀਨਿਆਂਬੱਧੀ ਸਮਾਂ ਲੱਗ ਸਕਦਾ ਹੈ। ਉਨ੍ਹਾਂ ਮੁਤਾਬਕ ਤੇਲ ਤੇ ਗੈਸੋਲੀਨ ਦੀਆਂ ਕੀਮਤਾਂ ਤੇ ਊਰਜਾ ਸਪਲਾਈ ਨਾਲ ਜੁੜ੍ਹੀਆਂ ਮੁਸ਼ਕਲਾਂ ਰਾਤੋ-ਰਾਤ ਖ਼ਤਮ ਹੋਣ ਵਾਲੀਆਂ ਨਹੀਂ। ਮਾਹਿਰਾਂ ਅਨੁਸਾਰ, ਊਰਜਾ ਕੰਪਨੀਆਂ ਨੂੰ ਦੁਨੀਆ ਦੀ ਮੰਗ ਨੂੰ ਪੂਰਾ ਕਰਨ ਲਾਇਕ ਕੰਮ ਮੁੜ ਤੋਂ ਸ਼ੁਰੂ ਕਰਨ ਵਿੱਚ ਮਹੀਨੇ ਲੱਗ ਸਕਦੇ ਹਨ। -ਏਪੀਸਮਝੌਤੇ ਦਾ ਸਵਾਗਤ, ਉਮੀਦ ਹੈ ਸ਼ਾਂਤੀ ਬਹਾਲ ਹੋਵੇਗੀ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਤੇ ਇਰਾਨ ਦਰਮਿਆਨ ਸ਼ਾਂਤੀ ਸਮਝੌਤੇ ਨੂੰ ਲੈ ਕੇ ਬਣੀ ਸਹਿਮਤੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਆਸ ਜਤਾਈ ਕਿ ਸਮਝੌਤਾ, ਅਮਲੀ ਰੂਪ ਵਿੱਚ ਲਾਗੂ ਹੋਣ ਨਾਲ ਖਿੱਤੇ ਵਿੱਚ ਸ਼ਾਂਤੀ ਬਹਾਲੀ ਵਿੱਚ ਮਦਦਗਾਰ ਹੋਵੇਗਾ ਤੇ ਨੈਵੀਗੇਸ਼ਨ ਦੀ ਆਜ਼ਾਦੀ ਯਕੀਨੀ ਬਣਾਏਗਾ। ਮੋਦੀ ਨੇ ਐਕਸ ਉੱਤੇ ਪੋਸਟ ਵਿੱਚ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੱਛਮੀ ਏਸ਼ੀਆ ਸੰਕਟ ਕਰ ਕੇ ਕੁੱਲ ਆਲਮ ਨੂੰ ਗੰਭੀਰ ਆਰਥਿਕ ਮੁਸ਼ਕਲਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਸੀ ਤੇ ਕਈ ਮੁਲਕਾਂ ਵਿੱਚ ਜਾਨੀ ਨੁਕਸਾਨ ਵੀ ਹੋਇਆ। ਭਾਰਤ ਟਿਕਾਊ ਅੰਤਿਮ ਸਮਝੌਤੇ ’ਤੇ ਪਹੁੰਚਣ ਲਈ ਬਾਕੀ ਮੁੱਦਿਆਂ ’ਤੇ ਵਿਚਾਰ-ਵਟਾਂਦਰੇ ਦੀ ਉਮੀਦ ਕਰਦਾ ਹੈ।

ਚੀਨ ਵੱਲੋਂ ਸ਼ਾਂਤੀ ਸਮਝੌਤੇ ਦਾ ਸਵਾਗਤ

ਪੇਈਚਿੰਗ/ਸੰਯੁਕਤ ਰਾਸ਼ਟਰ: ਚੀਨ ਨੇ ਪੱਛਮੀ ਏਸ਼ੀਆ ਵਿੱਚ ਜਾਰੀ ਸੰਕਟ ਖ਼ਤਮ ਕਰਨ ਲਈ ਅਮਰੀਕਾ ਤੇ ਇਰਾਨ ਦਰਮਿਆਨ ਬਣੀ ਸਮਝ ਤੇ ਸਹਿਮਤੀ ਦਾ ਸਵਾਗਤ ਕੀਤਾ ਹੈ। ਚੀਨ ਨੇ ਕੌਮਾਂਤਰੀ ਜਹਾਜ਼ਰਾਨੀ ਲਈ ਹਰਮੁਜ਼ ਜਲਮਾਰਗ ਛੇਤੀ ਖੋਲ੍ਹਣ ਦਾ ਸੱਦਾ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ, ‘‘ਚੀਨ ਉਮੀਦ ਕਰਦਾ ਹੈ ਕਿ ਅਮਰੀਕਾ ਤੇ ਇਰਾਨ ਐੱਮ ਓ ਯੂ (ਸਮਝੌਤੇ) ਦੇ ਪਹਿਲੇ ਗੇੜ ਉੱਤੇ ਮਿੱਥੇ ਮੁਤਾਬਕ ਸਹੀ ਪਾਉਣਗੇ।’’ ਚੀਨ ਨੇ ਪਾਕਿਸਤਾਨ ਵੱਲੋਂ ਕੀਤੀ ਵਿਚੋਲਗੀ ਦੀ ਵੀ ਤਾਰੀਫ਼ ਕੀਤੀ। ਉੱਧਰ, ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਵੀ ਸ਼ਾਂਤੀ ਸਮਝੌਤੇ ਨੂੰ ਜੀ ਆਇਆਂ ਕਿਹਾ ਹੈ। ਉਨ੍ਹਾਂ ਇਸ ਨੂੰ ਸੰਘਰਸ਼ ਦੇ ਹੱਲ ਲਈ ਅਹਿਮ ਪੇਸ਼ਕਦਮੀ ਦੱਸਿਆ।

ਨਿਵੇਸ਼ਕਾਂ ਨੂੰ 18.15 ਲੱਖ ਕਰੋੜ ਦਾ ਲਾਭ

ਅਮਰੀਕਾ-ਇਰਾਨ ਸ਼ਾਂਤੀ ਸਮਝੌਤੇ ਬਾਰੇ ਸਹਿਮਤੀ ਬਣਨ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੱਡੇ ਨਿਘਾਰ ਤੇ ਆਲਮੀ ਬਾਜ਼ਾਰਾਂ ਵਿੱਚ ਤੇਜ਼ੀ ਦਰਮਿਆਨ ਘਰੇਲੂ ਸ਼ੇਅਰ ਬਾਜ਼ਾਰ ਸੋਮਵਾਰ ਨੂੰ ਲਗਾਤਾਰ ਦੂਜੇ ਸੈਸ਼ਨ ਵਿੱਚ ਵਾਧੇ ਨਾਲ ਬੰਦ ਹੋਇਆ। ਦੋ ਦਿਨਾਂ ਦੀ ਤੇਜ਼ੀ ਦੀ ਬਦੌਲਤ ਨਿਵੇਸ਼ਕਾਂ ਨੂੰ 18.15 ਲੱਖ ਕਰੋੜ ਰੁਪਏ ਦਾ ਲਾਭ ਹੋਇਆ ਹੈ। ਸੈਂਸੈਕਸ 736 ਅੰਕ ਚੜ੍ਹਿਆ ਜਦੋਂਕਿ ਨਿਫਟੀ ਵਿੱਚ 231 ਅੰਕਾਂ ਦੀ ਤੇਜ਼ੀ ਰਹੀ। ਬੀ ਐੱਸ ਈ ਦਾ 30 ਸ਼ੇਅਰਾਂ ਵਾਲਾ ਮਾਣਕ ਸੂਚਕ ਅੰਕ ਸੈਂਸੈਕਸ 736.38 ਨੁਕਤਿਆਂ ਦੇ ਉਛਾਲ ਨਾਲ 76,264.33 ਉੱਤੇ ਬੰਦ ਹੋਇਆ। ਐੱਨ ਐੱਸ ਈ ਦਾ 50 ਸ਼ੇਅਰਾਂ ਵਾਲਾ ਸੂਚਕ ਅੰਕ ਨਿਫਟੀ 0.98 ਫੀਸਦ ਵਧ ਕੇ 23,853.90 ਅੰਕਾਂ ’ਤੇ ਬੰਦ ਹੋਇਆ।

Share: